ਰਾਜਾ ਵੜਿੰਗ ਵੱਲੋਂ 'ਆਪ' 'ਤੇ ਖਾਲਿਸਤਾਨੀਆਂ ਨਾਲ ਗੰਢਤੁੱਪ ਦੇ ਇਲਜ਼ਾਮ, ਕਿਹਾ ਪੰਜਾਬ 'ਚ ਵੱਖਵਾਦੀ ਸਿਰ ਚੁੱਕ ਰਹੇ...
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਭਗਵਤ ਮਾਨ ਦੀ ਸਰਕਾਰ ਵੇਲੇ ਪੰਜਾਬ ਵਿੱਚ ਵੱਖਵਾਦੀ ਸਿਰ ਚੁੱਕ ਰਹੇ ਹਨ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਭਗਵਤ ਮਾਨ ਦੀ ਸਰਕਾਰ ਵੇਲੇ ਪੰਜਾਬ ਵਿੱਚ ਵੱਖਵਾਦੀ ਸਿਰ ਚੁੱਕ ਰਹੇ ਹਨ। ਇਹ ਖਤਰਨਾਕ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨੂੰ ਜਵਾਬ ਦਿੱਤਾ ਗਿਆ। 'ਆਪ' ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਪੰਜਾਬ 'ਚ ਸਦਭਾਵਨਾ ਨੂੰ ਭੰਗ ਕਰਨ ਦਾ ਕੰਮ ਕਰਦੀ ਰਹੀ ਹੈ। ਹੁਣ ਉਸ ਦਾ ਮਕਸਦ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।
ਵੜਿੰਗ ਨੇ ਟਵੀਟ ਕਰ ਕਿਹਾ, "ਜਿਸ ਦਾ ਡਰ ਸੀ ਉਹੀ ਹੋ ਰਿਹਾ ਹੈ।ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਖਾਲਿਸਤਾਨੀਆਂ ਨਾਲ ਗੰਢਤੁੱਪ ਦੀ ਚਿਤਾਵਨੀ ਦਿੱਤੀ ਸੀ। ਹੁਣ ਇਸ ਗੱਲ ਦੀ ਪੁਸ਼ਟੀ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਹ ਕਹਿ ਕੀਤੀ ਹੈ ਕਿ ਉਸਨੇ 'ਆਪ' ਨੂੰ ਵਿੱਤੀ ਤੌਰ 'ਤੇ ਸਮਰਥਨ ਦਿੱਤਾ। ਹੁਣ ਵੱਖਵਾਦੀਆਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ।ਭਗਵੰਤ ਮਾਨ ਜੀ ਡੀਜੀਪੀ ਪੰਜਾਬ ਕੀ ਹੋ ਰਿਹਾ ਹੈ ???"
ਵੜਿੰਗ ਨੇ ਲਿਖਿਆ ਹੈ ਕਿ ਪੰਨੂੰ ਨੇ ਤੁਹਾਡੀ ਆਰਥਿਕ ਮਦਦ ਕਰਨ ਦੀ ਗੱਲ ਕਹੀ ਹੈ। ਇਸ ਟਵੀਟ 'ਤੇ ਲੋਕ ਪ੍ਰਤੀਕਿਰਿਆ ਵੀ ਦੇ ਰਹੇ ਹਨ। ਵੜਿੰਗ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਜੇਕਰ ਹੁਣ ਸਥਿਤੀ 'ਤੇ ਕਾਬੂ ਨਾ ਪਾਇਆ ਗਿਆ ਤਾਂ ਉਸ ਨੂੰ ਬਾਅਦ 'ਚ ਪਛਤਾਉਣਾ ਪਵੇਗਾ। ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਹੁਣ ਤੋਂ ਹੀ ਦੇਖਣਾ ਚਾਹੀਦਾ ਹੈ।
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ 'ਤੇ ਪਲਟਵਾਰ ਕੀਤਾ। ਕੰਗ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਦੇਸ਼ ਵੰਡ ਦੀਆਂ ਨੀਤੀਆਂ 'ਤੇ ਚੱਲਦੀ ਆ ਰਹੀ ਹੈ। ਹੁਣ ਵੀ ਕਾਂਗਰਸ ਉਹੀ ਯਤਨ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਕਾਂਗਰਸ ਦੇ ਇਸ ਏਜੰਡੇ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਦਭਾਵਨਾ ਦਾ ਮਾਹੌਲ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :