(Source: ECI/ABP News)
ਦਿੱਲੀ ਸਰਕਾਰ ਨੂੰ 13 ਚਿੱਠੀਆਂ ਲਿਖੀਆਂ, ਕੇਜਰੀਵਾਲ ਨਾਲ ਖੁਦ ਗੱਲ ਕੀਤੀ ਪਰ ਕੋਈ ਹੁੰਗਾਰਾ ਨਹੀਂ ਮਿਲਿਆ, ਸਰਕਾਰੀ ਟਰਾਂਸਪੋਰਟ ਨੂੰ 25 ਕਰੋੜ ਦਾ ਘਾਟਾ ਪਿਆ, ਕਾਂਗਰਸ ਦਾ 'ਆਪ' ਸਰਕਾਰ 'ਤੇ ਹਮਲਾ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਲਈ ਕਾਂਗਰਸ ਹਕੂਮਤ ਦੌਰਾਨ ਦਿੱਲੀ ਸਰਕਾਰ ਨੂੰ 13 ਚਿੱਠੀਆਂ ਲਿਖੀਆਂ ਗਈਆਂ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਲਈ ਕਾਂਗਰਸ ਹਕੂਮਤ ਦੌਰਾਨ ਦਿੱਲੀ ਸਰਕਾਰ ਨੂੰ 13 ਚਿੱਠੀਆਂ ਲਿਖੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਖੁਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਰਕਾਰ ਨਾਲ ਗੱਲ ਕੀਤੀ। ਇਸ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਰਕਾਰ ਦੀ ਪਾਬੰਦੀ ਕਰਕੇ ਪੰਜ ਸਾਲਾਂ ਵਿੱਚ ਸਰਕਾਰੀ ਟਰਾਂਸਪੋਰਟ ਨੂੰ 25 ਕਰੋੜ ਦਾ ਘਾਟਾ ਪਿਆ ਹੈ।
ਦਰਅਸਲ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਵਿੱਚ ਬੁੱਧਵਾਰ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸ਼ੁਰੂ ਹੋਈ ਸਰਕਾਰੀ ਬੱਸ ਸੇਵਾ ਦੇ ਮਾਮਲੇ ’ਤੇ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦਿੱਲੀ ਦੀ ‘ਆਪ’ ਸਰਕਾਰ ਵੱਲੋਂ ਪਹਿਲਾਂ ਕਿਸ ਆਧਾਰ ’ਤੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਹਾਕਮ ਤੇ ਵਿਰੋਧੀ ਧਿਰ ਵਿੱਚ ਕਾਫ਼ੀ ਤਿੱਖੀ ਬਹਿਸ ਵੀ ਹੋਈ ਜਿਸ ਨਾਲ ਸਦਨ ਦੀ ਕਾਰਵਾਈ ਵਿੱਚ ਵਿਘਨ ਵੀ ਪੈਂਦਾ ਰਿਹਾ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪ੍ਰਤਾਪ ਸਿੰਘ ਬਾਜਵਾ ਤੇ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਪੁੱਛੇ ਸੁਆਲ ਦਾ ਜੁਆਬ ਦਿੱਤਾ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ 19 ਸੁਪਰ ਇੰਟੈਗਰਲ ਕੋਚ ਬੱਸਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਦਾ ਟਾਈਮ ਟੇਬਲ ਵੀ ਬੱਸ ਭਾੜੇ ਸਮੇਤ ਸਦਨ ਵਿਚ ਸਾਂਝਾ ਕੀਤਾ ਗਿਆ। ਬਾਜਵਾ ਨੇ ਪੁੱਛਿਆ ਕਿ ਜਦੋਂ ਕਾਂਗਰਸ ਸਰਕਾਰ ਨੇ ਵਾਰ-ਵਾਰ ਦਿੱਲੀ ਸਰਕਾਰ ਨੂੰ ਪੱਤਰ ਲਿਖੇ ਤਾਂ ਦਿੱਲੀ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਤੇ ਹੁਣ ਸਹਿਮਤੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਕਿਸ ਕਾਨੂੰਨ ਤਹਿਤ ਪੰਜਾਬ ਨੂੰ ਇਸ ਤੋਂ ਵਾਂਝਾ ਰੱਖਿਆ।
ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਰੋਕ ਲਗਾਈ ਹੋਈ ਸੀ ਤੇ ਹੁਣ ਮਨਜ਼ੂਰੀ ਮਿਲੀ ਹੈ। ਪੁਰਾਣੀ ਪੰਜਾਬ ਸਰਕਾਰ ਦੀ ਨੀਅਤ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ਵਿੱਚ ਦਿੱਲੀ ਸਰਕਾਰ ਤੱਕ ਪਹੁੰਚ ਕੀਤੀ ਤੇ ਪਹਿਲਾਂ ਪੰਜ ਵਰ੍ਹੇ ਕੋਈ ਪਹਿਲਕਦਮੀ ਨਹੀਂ ਕੀਤੀ।
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮੁੱਦੇ ’ਤੇ ਕਿਹਾ ਕਿ ਕਾਂਗਰਸ ਹਕੂਮਤ ਦੌਰਾਨ 13 ਚਿੱਠੀਆਂ ਲਿਖੀਆਂ ਗਈਆਂ ਤੇ ਉਨ੍ਹਾਂ ਨੇ ਖੁਦ ਕੇਜਰੀਵਾਲ ਸਰਕਾਰ ਨਾਲ ਗੱਲ ਕੀਤੀ। ਬਾਜਵਾ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਪਾਬੰਦੀ ਕਰਕੇ ਪੰਜ ਸਾਲਾਂ ਵਿਚ ਸਰਕਾਰੀ ਟਰਾਂਸਪੋਰਟ ਨੂੰ 25 ਕਰੋੜ ਦਾ ਘਾਟਾ ਪਿਆ। ਬਾਜਵਾ ਨੇ ਸੁਪਰੀਮ ਕੋਰਟ ਦੇ ਪਾਬੰਦੀ ਲਗਾਉਣ ਵਾਲੇ ਆਰਡਰਾਂ ਦੀ ਮੰਗ ਕੀਤੀ। ਸਦਨ ਵਿਚ ਇਸ ਮੌਕੇ ਹਾਕਮ ਧਿਰ ਦੇ ਵਿਧਾਇਕ ਤਲਖ਼ੀ ਵਿਚ ਆ ਗਏ ਅਤੇ ਕਾਫ਼ੀ ਸਮਾਂ ਰੌਲਾ-ਰੱਪਾ ਪਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)