ਰਾਜਾ ਵੜਿੰਗ ਦੀ ਕੇਜਰੀਵਾਲ ਨੂੰ ਚੁਣੌਤੀ, ਸਾਡੀ ਪਹਿਲੀ ਤੇ ਆਖਰੀ ਗਰੰਟੀ AAP ਦਾ ਸਫਾਇਆ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਪਾਰਾ ਸਿਖਰਾਂ ‘ਤੇ ਹੈ। ਹੁਣ ਪੰਜਾਬ ਵਿੱਚ ਗਰੰਟੀ ‘ਤੇ ਰਾਜਨੀਤੀ ਸ਼ੁਰੂ ਹੋ ਗਈ ਹੈ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਪਾਰਾ ਸਿਖਰਾਂ ‘ਤੇ ਹੈ। ਹੁਣ ਪੰਜਾਬ ਵਿੱਚ ਗਰੰਟੀ ‘ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ (AAP) ‘ਤੇ ਨਿਸ਼ਾਨਾ ਸਾਧਿਆ ਹੈ। ਵੜਿੰਗ ਨੇ ਕਿਹਾ ਕਿ ਸਾਡੀ ਪਹਿਲੀ ਤੇ ਆਖਰੀ ਗਰੰਟੀ AAP ਦਾ ਪੰਜਾਬ ਵਿੱਚ ਸਫਾਇਆ ਹੈ।
ਵੇਖਿਆ ਜਾਵੇ ਤਾਂ ਹਾਲੇ ਤੱਕ ਆਪ ਨੇ ਗਰੰਟੀ ਦੀ ਸਿਆਸਤ ਸ਼ੁਰੂ ਕੀਤੀ ਸੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇ ਰਹੇ ਸੀ। ਉਹ 2022 ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਸਰਕਾਰ ਬਣਨ ਦੇ ਬਾਅਦ ਇਨ੍ਹਾਂ ਵਾਅਦਿਆਂ ਨੂੰ ਲਾਗੂ ਕਰਨ ਦਾ ਦਾਅਵਾ ਕਰ ਰਹੇ ਹਨ।
ਵੈਸੇ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋਣ ਅਜੇ ਬਾਕੀ ਹੈ, ਪਰ ਕਾਂਗਰਸ ਅਤੇ ਆਪ ਦਾ ਪੇਚ ਪਹਿਲਾਂ ਹੀ ਫਸਿਆ ਪਿਆ ਹੈ। ਜ਼ਿਆਦਾ ਬਹਿਸ ਸਿੱਖਿਆ ਦੇ ਮੁੱਦੇ ‘ਤੇ ਹੋ ਰਹੀ ਹੈ। ਕੇਜਰੀਵਾਲ ਨੇ ਟੀਚਰਾਂ ਨੂੰ 8 ਗਰੰਟੀਆਂ ਦਿੱਤੀਆਂ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਨਾਲ ਭਿੜ ਗਏ।
ਹਾਲਾਂਕਿ ਸਕੂਲ ਦੀ ਤੁਲਨਾ ਦੇ ਮਾਮਲੇ ‘ਚ ਪਰਗਟ ਸਿੰਘ ਨੇ ਅਜੇ ਤੱਕ ਲਿਸਟ ਨਹੀਂ ਦਿੱਤੀ। ਹੁਣ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਚੰਨੀ ਵਿਚਾਲੇ ਵੀ ਸ਼ਬਦੀ ਜੰਗ ਜਾਰੀ ਹੈ। ਗੱਲ ਹੁਣ ਸਸਤੀ ਕਮੀਜ਼, ਨਕਲੀ ਕੇਜਰੀਵਾਲ ਮਗਰੋਂ ਕਾਲੇ ਅੰਗਰੇਜ਼ ਤੱਕ ਪਹੁੰਚ ਗਈ ਹੈ।
ਆਮ ਆਦਮੀ ਪਾਰਟੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਹੁਣ ਕਾਂਗਰਸ ‘ਤੇ ਭਾਰੀ ਪੈ ਰਹੀਆਂ ਹਨ। ਆਪ ਨੇਤਾਵਾਂ ਨੇ ਪੰਜਾਬ ਸਰਕਾਰ ਦੇ ਸਕੂਲ ਐਜੂਕੇਸ਼ਨ ਦੀਆਂ ਧੱਜੀਆਂ ਉੱਡਾ ਕੇ ਰੱਖ ਦਿੱਤੀਆਂ ਹਨ। ਇਸ ਵਿਚਾਲੇ ਪੰਜਾਬ ਸਰਕਾਰ ਦੇ ਮੰਤਰੀ ਵੜਿੰਗ ਤੋਂ ਲੈ ਕੇ ਦੂਜੇ ਨੇਤਾ ਸਮਾਰਟ ਸਕੂਲਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਫਿਰ ਵੀ ਕਾਂਗਰਸ ਇਸ ਵੇਲੇ ਸਿੱਖਿਆ ਦੇ ਮਸਲੇ ‘ਤੇ ਘਿਰਦੀ ਨਜ਼ਰ ਆ ਰਹੀ ਹੈ।