ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੱਕਾਸ਼ੀ ਚੋਂ ਡਿੱਗੇ ਨਗ ਬਾਰੇ ਮੈਨੇਜਰ ਸ. ਭੰਗਾਲੀ ਨੇ ਕੀਤਾ ਸਪੱਸ਼ਟ
ਅੰਮ੍ਰਿਤਸਰ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨੱਕਾਸ਼ੀ ’ਚੋਂ ਡਿੱਗੇ ਨਗ ਬਾਰੇ ਸਪੱਸ਼ਟ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਅਤੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ..
ਅੰਮ੍ਰਿਤਸਰ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨੱਕਾਸ਼ੀ ’ਚੋਂ ਡਿੱਗੇ ਨਗ ਬਾਰੇ ਸਪੱਸ਼ਟ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਅਤੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਨਗ ਗਾਇਬ ਹੋਣ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਸਚਾਈ ਤੋਂ ਦੂਰ ਹੈ, ਜਦਕਿ ਇਹ ਨਗ ਬਿਲਕੁਲ ਸੁਰੱਖਿਅਤ ਹੈ। ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਸਲਾਬ ਕਾਰਨ ਲੰਘੀ 6 ਅਪ੍ਰੈਲ ਦੀ ਰਾਤ ਨੂੰ ਧੁਆਈ ਵੇਲੇ ਇਹ ਨਗ ਡਿੱਗਾ ਸੀ, ਜਿਸ ਨੂੰ ਡਿਊਟੀ ’ਤੇ ਹਾਜ਼ਰ ਫਰਾਸ ਵੱਲੋਂ ਸੰਭਾਲ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਨਗ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਰਾਸਤ ਦਾ ਹਿੱਸਾ ਹੋਣ ਕਰਕੇ ਮੀਨਾਕਾਰੀ ਦੀ ਸੇਵਾ ਦੌਰਾਨ ਦੁਬਾਰਾ ਲਗਾ ਦਿੱਤਾ ਜਾਵੇਗਾ। ਮੈਨੇਜਰ ਭੰਗਾਲੀ ਨੇ ਦੱਸਿਆ ਕਿ ਨੱਕਾਸ਼ੀ ਦਾ ਇਹ ਡਿੱਗਾ ਨਗ ਪਹਿਲਾਂ ਪ੍ਰਦੁਮਣ ਸਿੰਘ ਜਿਊਲਰਜ਼ ਫਰਮ ਪਾਸੋਂ ਚੈੱਕ ਕਰਵਾਇਆ ਗਿਆ ਹੈ ਅਤੇ ਫਿਰ ਇੰਡੀਅਨ ਜੈਮ ਸਟੋਨ ਲੈਬ ਤੋਂ ਵੀ ਟੈਸਟ ਕਰਵਾਇਆ ਗਿਆ। ਇਨ੍ਹਾਂ ਦੀਆਂ ਰਿਪੋਰਟਾਂ ਅਨੁਸਾਰ ਭਾਵੇਂ ਇਹ ਨਗ ਆਮ ਨਗ ਹੈ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗਾ ਹੋਣ ਕਾਰਨ ਇਹ ਸਿੱਖ ਵਿਰਾਸਤ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਨਗ ਨੂੰ ਟੈਸਟ ਕਰਵਾਉਣ ਦਾ ਮਕਸਦ ਇਹ ਸੀ ਕਿ ਇਸ ਨਗ ਨੂੰ ਕਿਸ ਖਾਤੇ ਵਿਚ ਜਮ੍ਹਾਂ ਕੀਤਾ ਜਾਵੇ। ਕਿਉਂਕਿ ਜੇਕਰ ਇਹ ਨਗ ਹੀਰਾ/ਪਨਾ ਜਾਂ ਕੋਈ ਕੀਮਤੀ ਨਗ ਹੁੰਦਾ ਤਾਂ ਇਸ ਨੂੰ ਉਸ ਖਾਤੇ ਵਿਚ ਜਮ੍ਹਾਂ ਕੀਤਾ ਜਾਣਾ ਸੀ, ਜਿਥੇ ਸੋਨਾ ਗਹਿਣੇ ਆਦਿ ਸੁਰੱਖਿਅਤ ਹਨ। ਇਹ ਨਗ ਆਮ ਹੋਣ ਕਰਕੇ ਇਸ ਨੂੰ ਵਿਰਾਸਤ ਵਜੋਂ ਸੰਭਾਲ ਲਿਆ ਗਿਆ ਹੈ। ਉਨ੍ਹਾਂ ਟੈਸਟ ਕਰਨ ਵਾਲੀ ਫਰਮ ਬਾਰੇ ਸਪੱਸ਼ਟ ਕਰਦਿਆਂ ਦੱਸਿਆ ਕਿ ਸ. ਪ੍ਰਦੁਮਣ ਸਿੰਘ ਜਿਊਲਰਜ਼ ਫਰਮ ਨੂੰ ਸ. ਮਨਜੀਤ ਸਿੰਘ ਚਲਾ ਰਹੇ ਹਨ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਢਲਾਈ ਦੀ ਸੇਵਾ ਵਿਚ ਸਮੇਂ-ਸਮੇਂ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। ਪਹਿਲਾਂ ਇਹ ਫਰਮ ਗੁਰੂ ਬਜ਼ਾਰ ਵਿਚ ਸੀ ਜੋ ਇਨ੍ਹਾਂ ਦੇ ਲੈਟਰ ਪੈਡ ’ਤੇ ਐਡਰੈਸ ਛਪਿਆ ਹੋਇਆ ਹੈ, ਹੁਣ ਇਹ ਫਰਮ ਇਥੋਂ ਤਬਦੀਲ ਹੋ ਕੇ ਰੇਸਕੋਰਸ ਰੋਡ ਨੇੜੇ ਅਦਲੱਖਾ ਹਸਪਤਾਲ ਚਲੇ ਗਈ ਹੈ। ਉਨ੍ਹਾਂ ਕਿਹਾ ਕਿ ਫਰਮ ਵੱਲੋਂ ਨਗ ਬਾਰੇ ਜਾਰੀ ਕੀਤਾ ਪੱਤਰ ਬਿਲਕੁਲ ਸਹੀ ਹੈ ਅਤੇ ਕੋਈ ਵੀ ਫਰਮ ਦੇ ਮੌਜੂਦਾ ਪਤੇ ’ਤੇ ਜਾ ਕੇ ਜਾਣਕਾਰੀ ਲੈ ਸਕਦਾ ਹੈ।
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਨੱਕਾਸ਼ੀ ਚੋਂ ਲੱਥਾ ਨਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਰਾਸਤ ਹੈ ਜਿਸ ਨੂੰ ਮੀਨਾਕਾਰੀ ਦੀ ਸੇਵਾ ਦੌਰਾਨ ਮੁੜ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਦੇਸ਼ ਵਿਦੇਸ਼ ਅੰਦਰ ਵਸਦੀਆਂ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਇਸ ਸਥਾਨ ਨਾਲ ਸਬੰਧਤ ਕਿਸੇ ਵੀ ਘਟਨਾਂ ਦਾ ਸਿੱਖ ਸੰਗਤਾਂ ਦੇ ਮਨਾਂ ’ਤੇ ਅਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਬਿਨਾਂ ਵਜ੍ਹਾ ਛੋਟੀ ਗਲ ਨੂੰ ਵੱਡਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਨਗ ਉਤਰੇ ਹੋਣ। ਉਨ੍ਹਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਸੰਸਥਾ ਵਿਰੁੱਧ ਕੀਤੇ ਜਾ ਰਹੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ।