ਜਥੇਦਾਰ ਦੀ ਨਸੀਹਤ ਮਗਰੋਂ ਬੋਲਿਆ, 'ਅਕਾਲੀ ਦਲ, ਜਿਸ ਬੰਦੇ ਤੋਂ ਚੰਗੇ ਕੰਮ ਦੀ ਉਮੀਦ ਉਸੇ ਨੂੰ ਹੀ ਕਿਹਾ ਜਾਂਦਾ'
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਨਸੀਹਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਨਸੀਹਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਮਿਲਦੀ ਆਈ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਹੀ ਇਹ ਗੱਲ ਕਹੀ ਹੈ ਕਿ ਉਸ ਨੂੰ ਇਸ ਸੰਸਥਾ ਦੀ ਸੇਵਾ ਹੋਰ ਵੀ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਸ ਬੰਦੇ ਤੋਂ ਚੰਗੇ ਕੰਮ ਦੀ ਉਮੀਦ ਹੁੰਦੀ ਹੈ, ਅਸੀਂ ਕੰਮ ਕਰਨ ਲਈ ਉਸੇ ਨੂੰ ਹੀ ਕਹਿੰਦੇ ਹਾਂ। ਇਸ ਲਈ ਜਿਵੇਂ ਜਥੇਦਾਰ ਨੇ ਸਾਨੂੰ ਇਹ ਕੰਮ ਕਰਨ ਲਈ ਕਿਹਾ ਹੈ, ਉਨ੍ਹਾਂ ਨੇ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨੂੰ ਇਹ ਕੰਮ ਕਰਨ ਲਈ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ, ਅਕਾਲੀ ਦਲ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਦੀ ਗੱਲ ਹੋ ਰਹੀ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਸਾਡੇ ਕੁਝ ਲੀਡਰ ਚਾਹ ਪੀਣ ਲਈ ਇੱਕ ਜਗ੍ਹਾ ਬੈਠੇ ਨਨ ਪਰ ਕੁਝ ਲੋਕਾਂ ਨੇ ਉਸ ਚੀਜ਼ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ, ਅਜਿਹਾ ਬਿਲਕੁਲ ਵੀ ਨਹੀਂ ਹੈ, ਅਕਾਲੀ ਦਲ ਇੱਕ ਸਾਥ ਹੈ, ਅਲੱਗ-ਅਲੱਗ ਨਹੀਂ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਢਾਂਚਾ ਭੰਗ ਕਰ ਦਿੱਤਾ ਗਿਆ ਸੀ। ਹੁਣ ਸਾਰਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਸ ਤਹਿਤ ਅਸੀਂ ਆਪਣੇ ਢਾਂਚੇ ਦਾ ਵਿਸਥਾਰ ਕੀਤਾ ਹੈ ਤੇ ਅਨੁਸ਼ਾਸਨੀ ਕਮੇਟੀ ਲਈ ਸਿਕੰਦਰ ਸਿੰਘ ਮਲੂਕਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਅਕਸਰ ਹੀ ਸੰਗਠਨ ਵਿੱਚ ਬਦਲਾਅ ਹੁੰਦੇ ਰਹਿੰਦੇ ਹਨ ਤੇ ਇਹ ਵੀ ਇੱਕ ਬਦਲਾਅ ਹੈ।
ਚੀਮਾ ਨੇ ਕਿਹਾ ਕਿ ਲਾਲ ਕਿਲ੍ਹੇ ਦੀ ਜੋ ਵੀਡੀਓ ਵਾਇਰਲ ਹੋਈ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਚੋਣਾਂ ਜਿੱਤਣ ਲਈ ਕੁਝ ਵੀ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਕੋਈ ਗੱਲ ਨਹੀਂ ਸੀ, ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਈ ਹੈ, ਉਦੋਂ ਤੋਂ ਇਹ ਕੰਮ ਹੋਣਾ ਸ਼ੁਰੂ ਹੋ ਗਿਆ ਹੈ। ਉਹ ਆਪਣੀ ਸਰਕਾਰ ਲਿਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਕਿਤੇ ਵੀ ਆਪਣੇ ਬੰਦੇ ਭੇਜ ਸਕਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੁਝ ਵੀ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ, ਇਸੇ ਲਈ ਅੱਜ ਪ੍ਰਾਈਵੇਟ ਬੱਸਾਂ ਵਾਲੇ ਹੜਤਾਲ 'ਤੇ ਚਲੇ ਗਏ ਹਨ। ਦੇਖਣਾ ਆਉਣ ਵਾਲੇ ਦਿਨਾਂ 'ਚ ਸਰਕਾਰੀ ਬੱਸਾਂ ਦਾ ਕੰਮ ਵੀ ਠੱਪ ਹੋ ਜਾਵੇਗਾ ਤੇ ਤੁਸੀਂ ਦੇਖੋਗੇ ਕਿ ਇੱਕ ਦਿਨ ਨਾ ਤਾਂ ਸਰਕਾਰੀ ਬੱਸ ਚੱਲੇਗੀ ਤੇ ਨਾ ਹੀ ਪ੍ਰਾਈਵੇਟ ਬੱਸ ਚੱਲੇਗੀ।