ਪੜਚੋਲ ਕਰੋ
ਪਛੜੀਆਂ ਸ਼੍ਰੇਣੀਆਂ ਨੂੰ ਪ੍ਰਤੀਨਿਧਤਾ ਨਾ ਦੇਣ ਕਾਰਨ ਪੰਜਾਬ ਕਾਂਗਰਸ 'ਚ ਪਿਆ ਪੁਆੜਾ

ਜਲੰਧਰ: ਪੰਜਾਬ ਸਰਕਾਰ ਦੇ ਕੈਬਨਿਟ ਵਿਸਤਾਰ ਵਿੱਚ ਬਣਨ ਵਾਲੇ ਮੰਤਰੀਆਂ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਪੁਆੜਾ ਪੈ ਗਿਆ ਹੈ। ਕਈ ਅਜਿਹੇ ਵਿਧਾਇਕ ਮੰਤਰੀ ਬਣ ਗਏ ਹਨ, ਜਿਨ੍ਹਾਂ ਨੂੰ ਕਦੇ ਇਸ ਦੌੜ ਵਿੱਚ ਹਿੱਸਾ ਨਹੀਂ ਸੀ ਸਮਝਿਆ ਗਿਆ ਤੇ ਮੰਤਰੀ ਦੀ ਕੁਰਸੀ 'ਤੇ ਦਾਅਵੇਦਾਰੀ ਜਤਾਉਣ ਵਾਲੇ ਕਈਆਂ ਵਿਧਾਇਕਾਂ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਅਜਿਹਾ ਹੀ ਕੁਝ ਕਾਂਗਰਸ ਦੇ ਉੜਮੁੜ ਟਾਂਡਾ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨਾਲ ਹੋਇਆ ਹੈ। ਮੰਤਰੀਆਂ ਦੀ ਸੂਚੀ ਵਿੱਚ ਆਪਣਾਂ ਨਾਂਅ ਨਾ ਪਾ ਕੇ ਗਿਲਜੀਆਂ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਗਿਲਜੀਆਂ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪਾਰਟੀ ਨੇ ਪਛੜੀਆਂ ਸ਼੍ਰੇਣੀਆਂ ਨਾਲ ਧੋਖਾ ਕੀਤਾ ਹੈ ਤੇ ਇਸ ਨਾਲ ਪਾਰਟੀ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਗਤ ਸਿੰਘ ਗਿਲਜੀਆਂ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਦੋ ਵਾਰ ਉਹ ਕਾਂਗਰਸ ਦੀ ਟਿਕਟ 'ਤੇ ਜਿੱਤੇ ਤੇ ਇੱਕ ਵਾਰ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ। ਮੰਤਰੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਜਤਾਉਂਦਿਆਂ ਗਿਲਜੀਆਂ ਨੇ ਏਬੀਪੀ ਸਾਂਝਾ ਨੂੰ ਦੱਸਿਆ, "ਮੈਂ ਦੋਆਬਾ ਵਿੱਚ ਸਿਰਫ਼ ਪਛੜੀਆਂ ਸ਼੍ਰੇਣੀਆਂ ਵਿੱਚ ਹੀ ਨਹੀਂ ਬਲਕਿ ਜਨਰਲ ਕੈਟਾਗਰੀ ਵਿੱਚ ਵੀ ਸਭ ਤੋਂ ਸੀਨੀਅਰ ਹਾਂ ਤੇ ਪੰਜਾਬ ਵਿੱਚ ਵੀ ਸੀਨੀਅਰ ਹਾਂ। 27 ਫ਼ੀ ਸਦੀ ਪਛੜੀਆਂ ਸ਼੍ਰੇਣੀਆਂ ਦੀ ਵੋਟ ਹੈ। ਕੱਲ੍ਹ ਤਕ ਲਿਸਟ ਵਿੱਚ ਮੇਰਾ ਨਾਂ ਸੀ, ਪਰ ਅੱਜ ਦੀ ਮੀਟਿੰਗ ਵਿੱਚ ਮੇਰਾ ਨਾਂ ਕੱਟਿਆ ਗਿਆ। ਪਛੜੀਆਂ ਸ਼੍ਰੇਣੀਆਂ ਦੇ 10 ਐਮਐਲਏ ਹਨ ਪੰਜਾਬ ਵਿੱਚ।" ਗਿਲਜੀਆਂ ਨੇ ਦੱਸਿਆ ਕਿ ਉਨ੍ਹਾਂ ਵਿਧਾਨ ਸਭਾ ਦੀਆਂ ਚਾਰ ਚੋਣਾਂ ਲੜੀਆਂ, ਜਿਨ੍ਹਾਂ ਵਿੱਚੋਂ ਸਿਰਫ ਇੱਕ ਵਾਰ ਹਾਰਿਆ ਕਿਉਂਕਿ ਉਸ ਵੇਲੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਆਜ਼ਾਦ ਚੋਣ ਲੜ ਕੇ 2002 ਵਿੱਚ ਕਾਂਗਰਸ ਦੇ ਉਮੀਦਵਾਰ ਨੂੰ 45 ਹਜ਼ਾਰ ਵੋਟ ਨਾਲ ਹਰਾਇਆ ਸੀ। ਇਸ ਲਈ ਉਨ੍ਹਾਂ ਏਆਈਸੀਸੀ ਦੇ ਮੈਂਬਰ ਤੇ ਪੰਜਾਬ ਦੇ ਮੀਤ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਿੱਲੀ ਬੁਲਾ ਕੇ ਕਹਿੰਦੇ ਸਨ ਕਿ ਹਰ ਸ਼੍ਰੇਣੀ ਨੂੰ ਨੁਮਾਇੰਦਗੀ ਦਿਆਂਗੇ ਪਰ ਹੁਣ ਉਨ੍ਹਾਂ ਨੇ ਅਣਗੌਲਿਆ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪਛੜੀਆਂ ਸ਼੍ਰੇਣੀਆਂ ਨਾਲ ਧੋਖਾ ਕੀਤਾ ਗਿਆ, ਜਿਸ ਕਾਰਨ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਗਿਲਜੀਆਂ ਨੇ ਕਿਹਾ ਕਿ ਹੁਣ ਲੋਕਾਂ ਦੀ ਜ਼ਿਆਦਾ ਸੇਵਾ ਕਰਾਂਗਾ। ਇਸ ਦੇ ਨਾਲ ਹੀ ਉਨ੍ਹਾਂ ਆਪਣਾ ਨਾਂਅ ਮੰਤਰੀ ਵਾਲੀ ਸੂਚੀ ਵਿੱਚੋਂ ਕੱਟੇ ਜਾਣ 'ਤੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਵੀ ਗੁਰੇਜ਼ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















