ਸੰਗਰੂਰ 'ਚ ਸਿਰਫ਼ 45.50% ਵੋਟਿੰਗ ਨੇ ਉਡਾਈ ਲੀਡਰਾਂ ਦੀ ਨੀਂਦ, ਵਿਰੋਧੀ ਬੋਲੇ, ਲੋਕ AAP ਸਰਕਾਰ ਦੇ ਵਾਅਦਿਆਂ ਤੋਂ ਨਿਰਾਸ਼
ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਲਈ ਮਤਦਾਨ ਦਾ ਆਖਰੀ ਅੰਕੜਾ ਜਾਰੀ ਹੋ ਗਿਆ ਹੈ। ਸੀਐਮ ਭਗਵੰਤ ਮਾਨ ਦਾ ਗੜ੍ਹ ਰਹੀ ਇਸ ਸੀਟ ‘ਤੇ ਸਿਰਫ਼ 45.50 ਫੀਸਦੀ ਵੋਟਿੰਗ ਹੋਈ ਹੈ।
ਸੰਗਰੂਰ: ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਲਈ ਮਤਦਾਨ ਦਾ ਆਖਰੀ ਅੰਕੜਾ ਜਾਰੀ ਹੋ ਗਿਆ ਹੈ। ਸੀਐਮ ਭਗਵੰਤ ਮਾਨ ਦਾ ਗੜ੍ਹ ਰਹੀ ਇਸ ਸੀਟ ‘ਤੇ ਸਿਰਫ਼ 45.50 ਫੀਸਦੀ ਵੋਟਿੰਗ ਹੋਈ ਹੈ। ਸੰਗਰੂਰ ਸੀਟ ਦੇ ਇਤਿਹਾਸ ਵਿੱਚ 31 ਸਾਲਾਂ ਬਾਅਦ ਇਹ ਸਭ ਤੋਂ ਘੱਟ ਵੋਟਿੰਗ ਹੈ। 1991 ਵਿੱਚ 10.9% ਵੋਟਿੰਗ ਹੋਈ ਸੀ। ਇਸ ਦੇ ਨਾਲ ਲਈ ਸਿਆਸੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ। ਹਰ ਕੋਈ ਆਪਣੇ ਹਿਸਾਬ ਨਾਲ ਇਸ ਨੂੰ ਵੇਖ ਰਿਹਾ ਹੈ।
ਵਿਰੋਧੀਆਂ ਨੇ ਘੱਟ ਮਤਦਾਨ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਔਰਤਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਮੁਫ਼ਤ ਬਿਜਲੀ ਵਰਗੇ ਵਾਅਦੇ ਪੂਰੇ ਨਹੀਂ ਕੀਤੇ। ਨਿਰਾਸ਼ ਲੋਕਾਂ ਨੇ ਵੋਟ ਨਹੀਂ ਪਾਈ, ਜਦਕਿ ‘ਆਪ’ ਦਾ ਕਹਿਣਾ ਹੈ ਕਿ ਗਰਮੀ ਤੇ ਝੋਨੇ ਦੇ ਸੀਜ਼ਨ ਕਾਰਨ ਲੋਕ ਵੋਟ ਪਾਉਣ ਨਹੀਂ ਆਏ।
ਦੱਸ ਦਈਏ ਕਿ ਸੰਗਰੂਰ ਲੋਕ ਸਭਾ ਸੀਟ 'ਤੇ 1991 ਵਿੱਚ ਸਭ ਤੋਂ ਘੱਟ 10.9% ਵੋਟਿੰਗ ਹੋਈ ਸੀ। 1996 ਵਿੱਚ 62.2% ਵੋਟਿੰਗ ਹੋਈ ਸੀ। 1998 ਵਿੱਚ 60.1%, 1999 ਵਿੱਚ 56.1%, 2004 ਵਿੱਚ 61.6%, 2009 ਵਿੱਚ 74.41%, 2014 ਵਿੱਚ 77.21% ਤੇ 2019 ਵਿੱਚ 72.40% ਵੋਟਿੰਗ ਹੋਈ ਸੀ।
ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਰਕਾਰ ਤੋਂ ਨਾਖੁਸ਼ ਹਨ। ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ , ਉਨ੍ਹਾਂ ਦੇ ਵਾਅਦੇ ਪੂਰੇ ਨਹੀਂ ਹੋਏ।
ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਵਾਅਦੇ ਪੂਰੇ ਨਹੀਂ ਕੀਤੇ, ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਉਹ ਸਰਕਾਰ ਦੀ ਕਾਰਗੁਜ਼ਾਰੀ ਦੇਖ ਕੇ ਨਿਰਾਸ਼ ਹੋ ਗਏ, ਇਸ ਲਈ ਉਨ੍ਹਾਂ ਨੇ ਵੋਟ ਨਹੀਂ ਪਾਈ। ਇਸ ਬਾਰੇ ਸਿਆਸੀ ਪਾਰਟੀਆਂ ਨੂੰ ਮੰਥਨ ਕਰਨਾ ਚਾਹੀਦਾ ਹੈ।