Punjab Election: ਕੈਪਟਨ ਮਗਰੋਂ ਢੀਂਡਸਾ ਵੀ ਤੁਰੇ ਬੀਜੇਪੀ ਦੇ ਰਾਹ, ਗੱਠਜੋੜ ਦੀ ਤਿਆਰੀ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕੁਝ ਲੀਡਰ ਬੀਜੇਪੀ ਨਾਲੋਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਹੱਕ ਵਿੱਚ ਹਨ। ਇਸ ਲਈ ਪਾਰਟੀ ਅਜੇ ਅੰਦਰੂਨੀ ਇੱਕਮਤ ਬਣਾਉਣ ਉੱਪਰ ਲੱਗੀ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬੀਜੇਪੀ ਨਾਲ ਗੱਠਜੋੜ ਦੇ ਸੰਕੇਤ ਦਿੱਤੇ ਹਨ। ਬੇਸ਼ੱਕ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਅਜੇ ਬੀਜੇਪੀ ਨਾਲ ਗੱਠਜੋੜ ਬਾਰੇ ਕੁਝ ਫਾਈਨਲ ਨਹੀਂ ਹੋਇਆ ਪਰ ਕੁਝ ਸ਼ਰਤਾਂ ਤਹਿਤ ਭਾਈਵਾਲੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਢੀਂਡਸਾ ਜਲਦ ਹੀ ਬੀਜੇਪੀ ਨਾਲ ਗੱਠਜੋੜ ਕਰਨ ਲਈ ਤਿਆਰ ਹਨ।
ਉਂਝ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕੁਝ ਲੀਡਰ ਬੀਜੇਪੀ ਨਾਲੋਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਹੱਕ ਵਿੱਚ ਹਨ। ਇਸ ਲਈ ਪਾਰਟੀ ਅਜੇ ਅੰਦਰੂਨੀ ਇੱਕਮਤ ਬਣਾਉਣ ਉੱਪਰ ਲੱਗੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੁਖਦੇਵ ਢੀਂਡਸਾ ਬੀਜੇਪੀ ਨਾਲ ਜਾਣ ਦੇ ਹੱਕ ਵਿੱਚ ਹਨ। ਪ੍ਰਮੁੱਖ ਪੰਜਾਬੀ ਅਖਬਾਰ ਦੀ ਰਿਪੋਰਟ ਮੁਤਾਬਕ ਢੀਂਡਸਾ ਦਾ ਕਹਿਣਾ ਹੈ ਕਿ ਬੀਜੇਪੀ ਨਾਲ ਆਗਾਮੀ ਚੋਣਾਂ ਦੇ ਮੱਦੇਨਜ਼ਰ ਅਗਾਊਂ ਸ਼ਰਤਾਂ ਰੱਖ ਕੇ ਗੱਠਜੋੜ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਨਾਲ ਪੰਜਾਬ ਤੇ ਸਿੱਖ ਭਾਈਚਾਰੇ ਦੀਆਂ ਮੰਗਾਂ ਨੂੰ ਆਧਾਰ ਬਣਾ ਕੇ ਗੱਠਜੋੜ ਹੋਵੇਗਾ। ਇਨ੍ਹਾਂ ਮੰਗਾਂ ਤੇ ਸ਼ਰਤਾਂ ਬਾਰੇ ਪਾਰਟੀ ਦੀ ਮੀਟਿੰਗ ਵਿੱਚ ਚਾਰਟਰ ਤਿਆਰ ਹੋਵੇਗਾ। ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਆਖ ਚੁੱਕੇ ਹਨ ਕਿ ਭਾਜਪਾ ਦੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਢੀਂਡਸਾ ਦੇ ਧੜੇ ਨਾਲ ਗੱਠਜੋੜ ਬਾਰੇ ਗੱਲਬਾਤ ਚੱਲ ਰਹੀ ਹੈ।
ਢੀਂਡਸਾ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਪਾਰਟੀ ਦੇ ਮੋਹਰੀ ਆਗੂਆਂ ਤੋਂ ਬੀਜੇਪੀ ਨਾਲ ਗੱਠਜੋੜ ਕਰਨ ਬਾਰੇ ਮਸ਼ਵਰਾ ਲਿਆ ਜਾਵੇਗਾ ਤੇ ਮੀਟਿੰਗ ’ਚ ਪੰਜਾਬ ਤੇ ਸਿੱਖ ਭਾਈਚਾਰੇ ਦੀਆਂ ਭਖਦੀਆਂ ਮੰਗਾਂ ਬਾਰੇ ਚਰਚਾ ਕੀਤੀ ਜਾਵੇਗੀ ਜਿਸ ਦੇ ਆਧਾਰ ’ਤੇ ਗੱਠਜੋੜ ਦੀ ਵਿਉਂਤ ਉਲੀਕੀ ਜਾਵੇਗੀ। ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੀਜੇਪੀ ਨਾਲ ਹਾਲੇ ਮੁੱਢਲੀ ਗੱਲ ਹੀ ਹੋਈ ਹੈ ਤੇ ਗੱਠਜੋੜ ਕਰਨ ਬਾਰੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਹਾਲੇ ਤੱਕ ਸੀਟਾਂ ਤੇ ਮੰਗਾਂ ਨੂੰ ਲੈ ਕੇ ਚਰਚਾ ਹੋਣੀ ਹੈ। ਉਸ ਮਗਰੋਂ ਹੀ ਅਖੀਰਲਾ ਫ਼ੈਸਲਾ ਲਿਆ ਜਾਵੇਗਾ।
ਉਧਰ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਨਵੇਂ ਸਹਿਯੋਗੀਆਂ ਵਜੋਂ ਚੁਣਿਆ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਵੰਡੀਆਂ ਪਾਉਣ ਵਾਲੇ ਭਾਸ਼ਣ ਨੂੰ ਅੱਗੇ ਵਧਾਉਣ ਲਈ ਛੱਡੀ ਗਈ ਖਾਲੀ ਥਾਂ ਨੂੰ ਭਰਿਆ ਜਾ ਸਕੇ।
ਇਹ ਵੀ ਪੜ੍ਹੋ: Weather Update: ਦਿੱਲੀ-NCR 'ਚ ਵਧੇਗੀ ਠੰਢ, ਪਹਾੜਾਂ 'ਚ ਗੜ੍ਹੇਮਾਰੀ ਦੀ ਸੰਭਾਵਨਾ, ਜਾਣੋ ਦੇਸ਼ ਭਰ 'ਚ ਮੌਸਮ ਦਾ ਮਿਜਾਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin