ਗੰਨਾ ਕਿਸਾਨਾਂ ਨੇ ਲਾਇਆ ਕੌਮੀ ਮਾਰਗ 'ਤੇ ਧਰਨਾ, ਕਈ-ਕਈ ਕਿਲੋਮੀਟਰ ਲੱਗਾ ਜਾਮ
ਗੰਨਾ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਛੇੜ ਦਿੱਤਾ ਹੈ। ਅੱਜ ਕਿਸਾਨ ਜਥੇਬੰਦੀਆਂ ਨੇ ਧੰਨੋਵਾਲੀ ਨੇੜੇ ਕੌਮੀ ਮਾਰਗ ’ਤੇ ਧਰਨਾ ਲਾ ਦਿੱਤਾ ਹੈ। ਇਸ ਧਰਨੇ ਵਿੱਚ 32 ਕਿਸਾਨ ਜਥੇਬੰਦੀਆਂ ਦੇ ਆਗੂ ਤੇ ਨੁਮਾਇੰਦੇ ਹਿੱਸਾ ਲੈ ਰਹੇ ਹਨ।
ਜਲੰਧਰ: ਗੰਨਾ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਛੇੜ ਦਿੱਤਾ ਹੈ। ਅੱਜ ਕਿਸਾਨ ਜਥੇਬੰਦੀਆਂ ਨੇ ਧੰਨੋਵਾਲੀ ਨੇੜੇ ਕੌਮੀ ਮਾਰਗ ’ਤੇ ਧਰਨਾ ਲਾ ਦਿੱਤਾ ਹੈ। ਇਸ ਧਰਨੇ ਵਿੱਚ 32 ਕਿਸਾਨ ਜਥੇਬੰਦੀਆਂ ਦੇ ਆਗੂ ਤੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਦਿੱਲੀ ਨੂੰ ਜਾਣ ਵਾਲੇ ਇਸ ਕੌਮੀ ਮਾਰਗ ’ਤੇ ਕਿਸਾਨਾਂ ਵੱਲੋਂ ਲਾਏ ਜਾਮ ਕਾਰਨ ਪੁਲਿਸ ਪ੍ਰਸ਼ਾਸ਼ਨ ਨੂੰ ਆਵਾਜਾਈ ਦੇ ਰੂਟ ਬਦਲਣ ਲਈ ਮਜ਼ਬੂਰ ਹੋਣਾ ਪਿਆ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਇਹ ਧਰਨਾ ਇਸ ਕਰਕੇ ਲਾਇਆ ਗਿਆ ਕਿ ਪਿਛਲੇ ਪੰਜ ਸਾਲ ਤੋਂ ਸਰਕਾਰ ਨੇ ਗੰਨੇ ਦਾ ਭਾਅ ਨਹੀਂ ਵਧਾਇਆ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਗੰਨੇ ਦਾ ਭਾਅ ਪੰਜਾਬ ਵਿੱਚ 310 ਰੁਪਏ ਹੈ ਜਦ ਕਿ ਹਰਿਆਣਾ ਵਿੱਚ 358 ਰੁਪਏ ਹੈ। ਖੰਡ ਮਿੱਲਾਂ ਵੱਲ 200 ਕਰੋੜ ਰੁਪਏ ਬਕਾਇਆ ਖੜ੍ਹਾ ਹੈ।
ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 55 ਕਰੋੜ ਸਹਿਕਾਰੀ ਖੰਡ ਮਿੱਲਾਂ ਵੱਲ ਬਕਾਇਆ ਹੈ ਤੇ 145 ਕਰੋੜ ਨਿੱਜੀ ਖੰਡ ਮਿੱਲਾਂ ਵੱਲ ਖੜ੍ਹਾ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਨੈਸ਼ਨਲ ਹਾਈਵੇ ’ਤੇ ਲਗਾਏ ਧਰਨੇ ਕਾਰਨ ਟਰੈਫਿਕ ਨੂੰ ਬਦਲਵੇਂ ਰੂਟਾਂ ਉਪਰ ਲੰਘਾਉਣ ਮੌਕੇ ਕਰਤਾਰਪੁਰ ਵਿੱਚ ਭਾਰੀ ਜਾਮ ਲੱਗ ਗਿਆ ਹੈ। ਬਦਲਵੇਂ ਰੂਟਾਂ ਅਨੁਸਾਰ ਕਪੂਰਥਲਾ ਤੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਵਾਇਆ ਕਰਤਾਰਪੁਰ-ਕਿਸਨਗੜ੍ਹ-ਆਦਮਪੁਰ ਤੋਂ ਹੁਸ਼ਿਆਰਪੁਰ ਵੱਲ ਭੇਜਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਆ ਰਹੇ ਭਾਰੀ ਵਾਹਨਾਂ ਨੂੰ ਕਰਤਾਰਪੁਰ ਤੋਂ ਲੰਘਾ ਕੇ ਲੰਮਾ ਪਿੰਡ ਚੌਕ ਤੋਂ ਬਦਲਵੇਂ ਰੂਟ ਰਾਹੀਂ ਭੇਜਿਆ ਜਾ ਰਿਹਾ ਹੈ। ਇਸ ਸੰਬੰਧੀ ਡੀਐੱਸਪੀ ਕਰਤਾਰਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਕਾਰਨ ਵਾਹਨ ਚਾਲਕਾਂ ਅਤੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਬਦਲਵੇਂ ਰੂਟਾਂ ਅਨੁਸਾਰ ਕਰਤਾਰਪੁਰ ਤੋਂ ਵਾਹਨਾਂ ਨੂੰ ਸੁਰੱਖਿਅਤ ਲੰਘਾਇਆ ਜਾ ਰਿਹਾ ਹੈ।