Punjab News: ਨਵਾਂ ਅਕਾਲੀ ਦਲ ਬਣਦਾ ਦੇਖ ਸਰਗਰਮ ਹੋਏ ਸੁਖਬੀਰ ਬਾਦਲ, ਕਿਹਾ-ਹੁਣ ਸ਼ੁਰੂ ਹੋ ਗਈ ਜੰਗ, ਇੱਕਲਾ ਮੈਂ ਨਹੀਂ ਬਚਾ ਸਕਦਾ ਪੰਜਾਬ...
ਬਾਦਲ ਨੇ ਕਿਹਾ ਕਿ ਹੁਣ ਜੰਗ ਸ਼ੁਰੂ ਹੋ ਗਈ ਹੈ, ਹੁਣ ਸੁਖੀਬਰ ਬਾਦਲ ਇਕੱਲਾ ਜਾਂ ਕੋਈ ਹੋਰ ਇਕੱਲਾ ਪੰਜਾਬ ਨਹੀਂ ਬਚਾ ਸਕਦਾ, ਹੁਣ ਇਸ ਨੂੰ ਵਰਕਰ ਬਚਾ ਸਕਦੇ ਹਨ। ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਬਚਾਉਣਾ ਹੈ
Punjab News: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਹਾਸ਼ੀਏ ਉੱਤੇ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਨਵਾਂ ਜੋਸ਼ ਭਰਨ ਲਈ ਸੁਖਬੀਰ ਬਾਦਲ ਨੇ ਮੁੜ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬਾਦਲ ਨੇ ਵਰਕਰਾਂ ਨੇ ਮਾਘੀ ਦੀ ਕਾਨਫਰੰਸ ਵਿੱਚ ਆਉਣ ਦਾ ਵੀ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਬਾਦਲ ਨੇ ਪੰਜਾਬ ਵਿੱਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਹੈ।
ਸੁਖਬੀਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਹੁਣ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਉਨ੍ਹਾਂ ਦਾ ਇੱਕੋ-ਇੱਕ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨਾ ਹੈ। ਜਿਹੜੇ ਪਹਿਲਾਂ ਕਹਿੰਦੇ ਸੀ ਅਸੀਂ ਸਿਆਸਤ ਨਹੀਂ ਕਰਨੀ ਤੇ ਹੁਣ ਉਹ ਨਵੀਂ ਪਾਰਟੀ ਬਣਾ ਰਹੇ ਹਨ ਪਰ ਲੀਡਰ ਇੱਕ ਦਿਨ ਵਿੱਚ ਨਹੀਂ ਬਣਦੇ। ਬਾਦਲ ਨੇ ਕਿਹਾ ਕਿ ਹੁਣ ਸਾਨੂੰ ਆਪਣੇ ਤੇ ਪਰਾਇਆਂ ਨੂੰ ਪਛਾਣਨ ਦੀ ਲੋੜ ਹੈ ਜੇ ਅਸੀਂ ਅਜੇ ਵੀ ਗ਼ਲਤੀ ਕੀਤੀ ਜਾਂ ਪੰਜਾਬ ਬਹੁਤ ਪਿੱਛੇ ਚਲਾ ਜਾਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਤੋਂ ਜੋ ਸੰਸਦ ਬਣਿਆ, ਉਸ ਨੂੰ ਜਿੱਤਣ ਤੋਂ ਬਾਅਦ ਕਿਸੇ ਨੇ ਨਹੀਂ ਦੇਖਿਆ, ਉਹ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਨਹੀਂ ਹੋਇਆ, ਇਨ੍ਹਾਂ ਨੇ ਸਿਆਸਤ ਨੂੰ ਇੱਕ ਦੁਕਾਨ ਬਣਾ ਲਿਆ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ 16-16 ਸਾਲ ਜੇਲ੍ਹਾਂ ਕੱਟੀਆਂ ਹਨ ਤੇ ਇਨ੍ਹਾਂ ਦੀਆਂ ਇੱਕ ਹੀ ਸਾਲ ਵਿੱਚ ਚੀਕਾਂ ਨਿਕਲ ਗਈਆਂ ਹਨ।
ਇਸ ਮੌਕੇ ਬਾਦਲ ਨੇ ਵਰਕਰਾਂ ਨੂੰ ਮਾਘੀ ਮੇਲੇ ਦੀ ਕਾਨਫਰੰਸ ਵਿੱਚ ਪਹੁੰਚਣ ਲਈ ਕਿਹਾ, ਹਾਲਾਂਕਿ ਇਸ ਮੌਕੇ ਕਿਹਾ ਕਿ ਸਿਰਫ਼ ਉਹੀ ਆਵੇ ਜੋ ਦਿਲੋਂ ਕਾਨਫ਼ਰੰਸ ਵਿੱਚ ਆਵੇਗੀ ਬਿਨ੍ਹਾਂ ਵਜ੍ਹਾ ਬੱਸਾਂ ਭਰਕੇ ਆਉਣ ਦੀ ਕੋਈ ਲੋੜ ਨਹੀਂ ਹੈ। ਆਪਾਂ ਕੋਈ ਦਿਖਾਵਾ ਨਹੀਂ ਕਰਨਾ ਹੈ।
ਬਾਦਲ ਨੇ ਕਿਹਾ ਕਿ ਹੁਣ ਜੰਗ ਸ਼ੁਰੂ ਹੋ ਗਈ ਹੈ, ਹੁਣ ਸੁਖੀਬਰ ਬਾਦਲ ਇਕੱਲਾ ਜਾਂ ਕੋਈ ਹੋਰ ਇਕੱਲਾ ਪੰਜਾਬ ਨਹੀਂ ਬਚਾ ਸਕਦਾ, ਹੁਣ ਇਸ ਨੂੰ ਵਰਕਰ ਬਚਾ ਸਕਦੇ ਹਨ। ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਬਚਾਉਣਾ ਹੈ ਤੇ ਪੰਜਾਬ ਦੀ ਤਰੱਕੀ ਜੇ ਕੋਈ ਕਰ ਸਕਦਾ ਹੈ ਤਾਂ ਇਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੈ।