ਪੜਚੋਲ ਕਰੋ
ਅਕਾਲੀ ਦਲ ਦਾ ਸੰਕਟ ਹੋਰ ਗਹਿਰਾਇਆ, ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਸਵਾਲ!

ਸੇਵਾ ਸਿੰਘ ਵਿਰਕ ਚੰਡੀਗੜ੍ਹ: ਪਾਰਟੀ ਨੂੰ ਸੰਕਟ ਵਿੱਚੋਂ ਉਭਾਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਰੈਲੀਆਂ ਵਾਲਾ ਫਾਰਮੂਲਾ ਵੀ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇੱਕ ਪਾਸੇ ਸੁਖਬੀਰ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਕਰਕੇ ਟਕਸਾਲੀ ਲੀਡਰਸ਼ਿਪ ਨੂੰ ਇਕਜੁੱਟ ਕਰਨਾ ਚਾਹ ਰਹੇ ਹਨ ਪਰ ਦੂਜੇ ਪਾਸੇ ਸੀਨੀਅਰ ਲੀਡਰ ਖੁੱਲ੍ਹ ਕੇ ਆਪਣੀ ਨਰਾਜ਼ਗੀ ਪ੍ਰਗਟਾ ਰਹੇ ਹਨ। ਹੁਣ ਪਾਰਟੀ ਨੂੰ ਵੱਡਾ ਝਟਕਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਤਾ ਹੈ। ਮਨਜੀਤ ਸਿੰਘ ਜੀਕੇ ਨੇ ਬੇਸ਼ੱਕ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਪਰ ਉਨ੍ਹਾਂ ਨਾਲ ਹੀ ਮੰਨਿਆ ਕਿ ਪਾਰਟੀ ਵਿੱਚ ਸਭ ਕੁਝ ਸਹੀ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਕਈ ਫੈਸਲੇ ਗਲਤ ਹੋਏ ਹਨ ਜਿਸ ਕਰਕੇ ਅਕਾਲੀ ਦਲ ਵੱਡੇ ਸੰਕਟ ਵਿੱਚ ਹੈ। ਉਨ੍ਹਾਂ ਨੇ ਅਸਿੱਧੇ ਰੂਪ ਵਿੱਚ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਸਵਾਲ ਚੁੱਕਿਆ ਹੈ। ਜੀਕੇ ਨੇ ਕਿਹਾ ਕਿ ਪੁਰਾਣੀ ਤੇ ਨਵੀਂ ਲੀਡਰਸ਼ਿਪ ਵਿੱਚ ਤਾਲਮੇਲ ਦੀ ਘਾਟ ਹੈ। ਜੇਕਰ ਇਸ ਨੂੰ ਸਹੀ ਨਾ ਕੀਤਾ ਤਾਂ ਭਿਆਨਕ ਸਿੱਟੇ ਨਿਕਲਣਗੇ। ਇਸ ਤੋਂ ਪਹਿਲਾਂ ਚੋਟੀ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦੇ ਦਿੱਤਾ ਹੈ। ਮਾਝੇ ਦੇ ਸੀਨੀਅਰ ਲੀਡਰ ਰਣਜੀਤ ਸੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਵੀ ਬਾਗੀ ਤੇਵਰ ਵਿਖਾ ਚੁੱਕੇ ਹਨ। ਅਹਿਮ ਗੱਲ਼ ਇਹ ਹੈ ਕਿ ਸਾਰੇ ਲੀਡਰ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਉੱਪਰ ਹੀ ਸਵਾਲ ਉਠਾ ਰਹੇ ਹਨ। ਇਸ ਲਈ ਕਈ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨਹੀਂ ਬਲਕਿ ਬਾਦਲ ਪਰਿਵਾਰ ਸੰਕਟ ਵਿੱਚ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਹ ਸੰਕਟ ਸਿਆਸੀ, ਧਾਰਮਿਕ ਤੇ ਸਮਾਜਿਕ ਹਰ ਫਰੰਟ 'ਤੇ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਬੜੇ ਉਤਰਾਅ-ਚੜ੍ਹਾਅ ਆਏ ਪਰ ਅਜਿਹੀ ਹਾਲਤ ਪਹਿਲੀ ਵਾਰ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਜਿਸ ਧਾਰਮਿਕ ਧਰਾਤਲ 'ਤੇ ਸਿਆਸਤ ਕਰਦਾ ਹੈ, ਉਹ ਹੀ ਖਿਸਕਦੀ ਨਜ਼ਰ ਆ ਰਹੀ ਹੈ। ਦਰਅਸਲ ਅਕਾਲੀ ਦਲ ਨਾਲ ਜ਼ਿਆਦਾਤਰ ਵੋਟ ਬੈਂਕ ਸਿਆਸੀ ਸਿਧਾਂਤਾਂ ਦੀ ਬਜਾਏ ਧਾਰਮਿਕ ਜਜ਼ਬਾਤਾਂ ਕਰਕੇ ਜੁੜਿਆ ਹੈ। ਬਹੁਤੇ ਵੋਟਰਾਂ ਦਾ ਇਹ ਜਜ਼ਬਾਤੀ ਸਬੰਧ ਇਸ ਕਦਰ ਹੈ ਕਿ ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੀ ਤੁਲਣਾ ਵੀ ਸ਼੍ਰੀ ਗੁਰੂ ਨਾਨਕ ਦੇਵ ਦੀ ਤੇਰਾ-ਤੇਰਾ ਤੋਲਣ ਵਾਲੀ ਤੱਕੜੀ ਨਾਲ ਕਰਦੇ ਹਨ। ਇਸ ਲਈ ਅਕਾਲੀ ਦਲ ਨੂੰ ਪੰਥਕ ਮੁੱਦਿਆਂ ਦੀ ਤਰਜ਼ਮਾਨੀ ਕਰਨ ਵਾਲੀ ਪਾਰਟੀ ਸਮਝਿਆ ਜਾਂਦਾ ਰਿਹਾ ਹੈ। ਪਿਛਲੇ ਸਮੇਂ ਵਿੱਚ ਅਕਾਲੀ ਦਲ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਜਿਸ ਨੂੰ ਮੀਡੀਆ ਵਿੱਚ 'ਸੁਖਬੀਰ ਮਾਡਲ' ਕਿਹਾ ਜਾਂਦਾ ਹੈ। ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲਦਿਆਂ ਹੀ ਪਾਰਟੀ ਦਾ ਮੂੰਹ-ਮੁੰਹਾਂਦਰਾ ਬਦਲ ਦਿੱਤਾ। ਉਨ੍ਹਾਂ ਨੇ ਪੰਥਕ ਮੁੱਦਿਆਂ ਨਾਲੋਂ ਅਜਿਹੇ ਮਸਲਿਆਂ 'ਤੇ ਸਿਆਸਤ ਕੀਤੀ ਜਿਨ੍ਹਾਂ ਨਾਲ ਜ਼ਿਆਦ ਤੋਂ ਜ਼ਿਆਦਾ ਵੋਟਰਾਂ ਨੂੰ ਭਰਮਾਇਆ ਜਾ ਸਕੇ। ਇਸ ਸਿਆਸਤ ਵਿੱਚ ਟਕਸਾਲੀ ਲੀਡਰ ਪਿੱਛੇ ਰਹਿ ਗਏ ਤੇ ਮੌਜੂਦਾ ਤਾਣੇ-ਬਾਣੇ 'ਚ ਫਿੱਟ ਬੈਠਣ ਵਾਲੇ ਅੱਗੇ ਆ ਗਏ। ਪਿਛਲੇ ਇੱਕ ਦਹਾਕੇ ਵਿੱਚ ਅਕਾਲੀ ਦਲ ਤੋਂ ਪੰਥਕ ਵੋਟ ਦੂਰ ਹੁੰਦੀ ਗਈ। ਇਸ ਨੂੰ ਸਭ ਤੋਂ ਵੱਡੀ ਸੱਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਵੱਜੀ। ਇਸ ਦਾ ਖਮਿਆਜ਼ਾ ਅਕਾਲੀ ਦਲ ਨੂੰ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ। ਪਾਰਟੀ ਨੂੰ ਮਹਿਜ਼ 15 ਸੀਟਾਂ ਮਿਲੀਆਂ। ਇਸ ਦੌਰਾਨ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਵੀ ਸਾਥ ਛੱਡਦਾ ਨਜ਼ਰ ਆਇਆ। ਅੰਦਰ ਖਾਤੇ ਸੁਖਬੀਰ ਬਾਦਲ ਮਾਡਲ ਦੀ ਅਲੋਚਨਾ ਹੋਈ ਪਰ ਸਭ ਸ਼ਾਂਤ ਹੋ ਗਿਆ। ਹੁਣ ਇੱਕ ਵਾਰ ਫਿਰ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਵਿੱਚ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ, ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਕਰਕੇ ਪਾਰਟੀ ਕਸੂਤੀ ਘਿਰ ਗਈ ਹੈ। ਸੋਸ਼ਲ ਮੀਡੀਆ ਉੱਪਰ ਅਕਾਲੀ ਦਲ ਖਿਲਾਫ ਨਫਰਤ ਦਾ ਝੱਖੜ ਆਇਆ ਹੋਇਆ ਹੈ। ਜ਼ਿਆਦਾਤਰ ਬਾਦਲ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੇਸ਼ੱਕ ਅਕਾਲੀ ਦਲ ਨੇ ਆਪਣੇ ਖਿਲਾਫ ਪੈਦਾ ਹੋਏ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸੌਖਾ ਨਹੀਂ ਜਾਪਦਾ। ਇਸ ਵੇਲੇ ਵੱਡੇ ਫੈਸਲਿਆਂ ਦੀ ਲੋੜ ਹੈ ਪਰ ਸੁਖਬੀਰ ਬਾਦਲ ਅਜਿਹਾ ਕਰਨ ਦੇ ਹੱਕ ਵਿੱਚ ਨਹੀਂ। ਇਸ ਲਈ ਅਕਾਲੀ ਦਲ ਨੂੰ ਮੁੜ ਪੈਰ ਜਮਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















