ਰਾਘਵ ਚੱਢਾ ਵੱਲੋਂ ਜਾਰੀ ਹੈਲਪਲਾਈਨ ਦਾ ਸੁਖਪਾਲ ਖਹਿਰਾ ਨੇ ਕੀਤਾ ਵਿਰੋਧ, ਬੋਲੇ ਬਾਹਰਲੇ ਲੋਕਾਂ ਨੂੰ ਪੰਜਾਬੀ ਕਦੇ ਵੀ ਸਵੀਕਾਰ ਨਹੀਂ ਕਰਨਗੇ
ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਲੋਕਾਂ ਤੋਂ ਸੁਝਾਅ ਮੰਗਣ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।ਇਸ ਹੈਲਪਲਾਈਨ ਦੇ ਜਾਰੀ ਹੋਣ ਦੇ ਇੱਕ ਦਿਨ ਮਗਰੋਂ ਇਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ।
ਚੰਡੀਗੜ੍ਹ: ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਲੋਕਾਂ ਤੋਂ ਸੁਝਾਅ ਮੰਗਣ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।ਇਸ ਹੈਲਪਲਾਈਨ ਦੇ ਜਾਰੀ ਹੋਣ ਦੇ ਇੱਕ ਦਿਨ ਮਗਰੋਂ ਇਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਸ ਹੈਲਪਲਾਈਨ 'ਤੇ ਸਵਾਲ ਚੁੱਕੇ ਹਨ।ਉਨ੍ਹਾਂ ਨੇ ਬਾਹਰਲੇ ਲੋਕਾਂ ਨੂੰ ਪੰਜਾਬੀ ਕਦੇ ਵੀ ਸਵੀਕਾਰ ਨਹੀਂ ਕਰਨਗੇ।
ਖਹਿਰਾ ਨੇ ਟਵੀਟ ਕੀਤਾ," ਅਰਵਿੰਦ ਕੇਜਰੀਵਾਲ ਦੇ ਇਸ ਨੀਲੀਆਂ ਅੱਖਾਂ ਵਾਲੇ ਮੁੰਡੇ ਨੂੰ ਭਗਵੰਤ ਮਾਨ ਨੇ ਸੀਐਮ ਕੋਟੇ ਤੋਂ ਪਹਿਲਾਂ Z+ ਸੁਰੱਖਿਆ ਫਿਰ ਦਫ਼ਤਰ ਤੇ ਘਰ ਅਤੇ ਹੁਣ ਉਸਨੇ ਆਪਣੀ ਹੈਲਪਲਾਈਨ ਲਾਂਚ ਕੀਤੀ ਹੈ! ਕੀ ਬਾਕੀ ਸਾਰੇ 6 ਰਾਜ ਸਭਾ ਐਮਪੀ ਕਮਜ਼ੋਰ ਜਾਂ ਅਯੋਗ ਹਨ? ਸਾਡੇ ਵਿੱਚੋਂ ਇੱਕ ਹੋਣ ਦਾ ਢੌਂਗ ਕਰਨ ਵਾਲੇ ਬਾਹਰਲੇ ਲੋਕਾਂ ਨੂੰ ਪੰਜਾਬੀ ਕਦੇ ਵੀ ਸਵੀਕਾਰ ਨਹੀਂ ਕਰਨਗੇ।"
ਰਾਘਵ ਚੱਢਾ ਨੇ ਹੈਲਪਲਾਈਨ ਲਾਂਚ ਕਰਦੇ ਕਿਹਾ ਲੋਕ ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਦੇਣ ਲਈ ਉਨ੍ਹਾਂ ਨੂੰ 9910944444 'ਤੇ ਕਾਲ ਕਰ ਸਕਦੇ ਹਨ। ਚੱਢਾ ਨੇ ਕਿਹਾ ਕਿ ਤਿੰਨ ਕਰੋੜ ਪੰਜਾਬੀ ਖੁਦ ਸੰਸਦ ਵਿੱਚ ਬੋਲਣਗੇ। ਮੈਂ ਸਿਰਫ ਸਾਧਨ ਹੋਵਾਂਗਾ।
ਰਾਜ ਸਭਾ ਮੈਂਬਰ ਰਾਘਵ ਚੱਢਾ ਇਸ ਤੋਂ ਪਹਿਲਾਂ ਸੰਸਦ ਵਿੱਚ ਐਮਐਸਪੀ, ਗੁਰਦੁਆਰੇ ਦੀਆਂ ਸਰਾਵਾਂ ’ਤੇ 12% ਜੀਐਸਟੀ, ਗੁਰਦੁਆਰਾ ਸਰਕਟ ਟਰੇਨ, ਐਮਐਸਪੀ ਕਮੇਟੀ, ਮੁਹਾਲੀ ਅਤੇ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਵਰਗੇ ਕਈ ਅਹਿਮ ਮੁੱਦੇ ਚੁੱਕੇ ਹਨ।
ਰਾਘਵ ਚੱਢਾ ਨੇ ਟਵੀਟ ਕਰ ਕਿਹਾ, "ਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀ ਆਪਣੇ ਇਸ ਦਾਸ ਨੂੰ ਨਿਵਾਜ਼ਿਆ ਹੈ,ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦੀ ਆਵਾਜ਼ ਸੰਸਦ ਤੱਕ ਪਹੁੰਚੇ ਇਸ ਲਈ ਅੱਜ ਇੱਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ। 9910944444 ਤੇ ਕਾਲ ਕਰਕੇ ਤੁਸੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ।"