ਕੈਪਟਨ ਤੇ ਸਿੱਧੂ ਦਾ ਮੁੜ ਫਸਿਆ ਪੇਚ! ਕੈਪਟਨ ਪਹੁੰਚੇ ਦਿੱਲੀ ਦਰਬਾਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕਲੇਸ਼ ਮੁੜ ਤੇਜ਼ ਹੁੰਦਾ ਜਾ ਰਿਹਾ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕਲੇਸ਼ ਮੁੜ ਤੇਜ਼ ਹੁੰਦਾ ਜਾ ਰਿਹਾ ਹੈ। ਨਵਜੋਤ ਸਿੱਧੂ ਨੇ ਪਾਰਟੀ ਦੀ ਕਮਾਨ ਸੰਭਾਲਣ ਮਗਰੋਂ ਆਪਣੀ ਹੀ ਸਰਕਾਰ ਉੱਪਰ ਤਿੱਖੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਸਿੱਧੂ ਦੇ ਤੇਵਰਾਂ ਕਰਕੇ ਕੈਪਟਨ ਦੀ ਹਾਲਤ ਕਸੂਤੀ ਬਣਦੀ ਜਾ ਰਹੀ ਹੈ। ਇਸੇ ਦੌਰਾਨ ਅੱਜ ਕੈਪਟਨ ਦਿੱਲੀ ਪਹੁੰਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕਰ ਰਹੇ ਹਨ।
ਕਾਂਗਰਸ ਦੀ ਹਾਲਤ ਉਸ ਵੇਲੇ ਕਸੂਤੀ ਬਣ ਗਈ ਜਦੋਂ ਨਵਜੋਤ ਸਿੱਧੂ ਨੇ ਨਸ਼ਾ ਤਸਕਰੀ ਮਾਮਲੇ ’ਤੇ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ਉਪਰੋਥਲੀ ਕਈ ਟਵੀਟ ਕਰਕੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਹਿਮ ਸਿਆਸੀ ਹਸਤੀ ਨਾਲ ਜੁੜੇ ਨਸ਼ਾ ਤਸਕਰੀ ਵਾਲੇ ਕੇਸ ’ਚ ਹੋਰ ਦੇਰੀ ਕੀਤੀ ਤਾਂ ਉਹ ਇਸ ਕੇਸ ਦੀਆਂ ਰਿਪੋਰਟਾਂ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤੇ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਜ਼ਾ ਦਿਵਾਉਣਾ ਕਾਂਗਰਸ ਦੇ 18 ਨੁਕਾਤੀ ਏਜੰਡੇ ਦੀ ਮੁੱਖ ਪਹਿਲ ਹੈ।
ਸਿੱਧੂ ਨੇ ਕਿਹਾ ਕਿ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ ਵੱਲੋਂ ਫਰਵਰੀ, 2018 ਵਿੱਚ ਨਸ਼ਾ ਤਸਕਰੀ ਦੇ ਅਹਿਮ ਕੇਸ ’ਚ ਅਦਾਲਤ ਵਿੱਚ ‘ਸਟੇਟਸ ਰਿਪੋਰਟ’ ਜਮ੍ਹਾਂ ਕਰਵਾਈ ਸੀ ਤੇ ਅਦਾਲਤ ਨੇ ਇਸ ਰਿਪੋਰਟ ’ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਕਿਹਾ ਸੀ।
ਪੰਜਾਬ ਸਰਕਾਰ ਨੇ 2 ਮਈ, 2018 ਨੂੰ ਅਦਾਲਤ ਵਿੱਚ ਓਪੀਨੀਅਨ-ਕਮ-ਸਟੇਟਸ ਰਿਪੋਰਟ ਜਮ੍ਹਾਂ ਕਰਵਾਈ, ਜੋ ਅੱਜ ਸੀਲਬੰਦ ਲਿਫ਼ਾਫੇ ਵਿੱਚ ਪਈ ਹੈ। ਉਨ੍ਹਾਂ ਟਵੀਟ ਕਰਕੇ ਸੁਆਲ ਕੀਤੇ ਕਿ ਪੰਜਾਬ ਪੁਲਿਸ ਨੇ ਕਿਹੜੀ ਜਾਂਚ ਕੀਤੀ ਹੈ? ਪੰਜਾਬ ਸਰਕਾਰ ਨੇ ਕੀ ਕਦਮ ਚੁੱਕੇ ਹਨ? ਰਿਪੋਰਟਾਂ ਜਮ੍ਹਾਂ ਹੋਣ ਤੋਂ ਬਾਅਦ ਰਾਜ ਨੇ ਢਾਈ ਸਾਲਾਂ ਵਿੱਚ ਅੱਗੇ ਕੀ ਕਾਰਵਾਈ ਕੀਤੀ ਹੈ?
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੀਲਬੰਦ ਰਿਪੋਰਟਾਂ ਖੋਲ੍ਹਣ ਲਈ ਅਦਾਲਤ ਵਿੱਚ ਦਰਖਾਸਤ ਦੇਵੇ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਉਨ੍ਹਾਂ ਕੁਝ ਬਿਆਨਾਂ ਦੀਆਂ ਕਾਪੀਆਂ ਵੀ ਟਵੀਟ ’ਚ ਜਨਤਕ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਕੇਸ ਨਾਲ ਸਬੰਧਤ ਐਨਆਰਆਈਜ਼ ਦੀ ਹਵਾਲਗੀ ਮੰਗ ਰਹੀ ਹੈ।