ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਚੰਨੀ ਸਰਕਾਰ
'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਚੰਨੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਉਨ੍ਹਾਂ ਦੀ ਨਸ਼ਾ ਮਾਫ਼ੀਆ ਦੀ ਖ਼ਿਲਾਫ਼ ਨਿਕੰਮੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ।
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਬਹੁ-ਕਰੋੜੀ ਡਰੱਗ ਮਾਮਲੇ 'ਚ ਘਿਰੇ ਬਾਦਲ ਪਰਿਵਾਰ ਦੇ ਮੈਂਬਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਜੇ ਤਕ ਗ੍ਰਿਫ਼ਤਾਰੀ ਨਾ ਹੋਣ 'ਤੇ ਸਵਾਲ ਚੁੱਕੇ ਹਨ। 'ਆਪ' ਨੇ ਚੰਨੀ ਸਰਕਾਰ ਨੂੰ ਪੁੱਛਿਆ ਹੈ ਕਿ ਉਹ ਬਿਕਰਮ ਮਜੀਠੀਆ ਨੂੰ ਫੜਨ 'ਚ ਨਾਕਾਮ ਕਿਉਂ ਹਨ? ਜਦਕਿ ਅਖ਼ਬਾਰਾਂ ਵਿਚ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਜੀਠੀਆ ਵਿਰੁੱਧ ਕੀਤੀ (FIR) ਨੂੰ ਇੰਝ ਪ੍ਰਚਾਰ ਰਹੇ ਹਨ ਜਿਵੇਂ 'ਬਲਖ-ਬੁਲਾਰੇ' ਦੀ ਜੰਗ ਜਿੱਤ ਲਈ ਹੋਵੇ। ਚੰਨੀ ਅਤੇ ਸਿੱਧੂ ਸਪੱਸ਼ਟ ਕਰਨ ਕਿ ਕੀ ਉਨ੍ਹਾਂ ਦੀ ਨਸ਼ਾ ਮਾਫ਼ੀਆ ਦੇ ਮਾਮਲੇ ਵਿਚ ਕਾਰਵਾਈ ਸਿਰਫ਼ ਇਕ ਐੱਫਆਈਆਰ ਅਤੇ ਕੁਝ ਬਿਆਨਾਂ ਤਕ ਹੀ ਸੀਮਤ ਰਹਿਣ ਵਾਲੀ ਹੈ?
'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਚੰਨੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਉਨ੍ਹਾਂ ਦੀ ਨਸ਼ਾ ਮਾਫ਼ੀਆ ਦੀ ਖ਼ਿਲਾਫ਼ ਨਿਕੰਮੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਕੋਈ ਆਮ ਬੰਦਾ ਤਾਂ ਨਹੀਂ ਜੋ ਪੁਲਿਸ ਜਾਂ ਸਰਕਾਰੀ ਰਾਡਾਰ ਤੋਂ ਪਰ੍ਹਾਂ ਹੋ ਜਾਏ। ਉਹ ਇਸ ਤਰ੍ਹਾਂ ਕਿਵੇਂ ਅਤੇ ਕਿੱਥੇ ਪਨਾਹ ਲੈ ਸਕਦਾ ਹੈ ਕਿ ਸਾਇਬਰ ਸੈੱਲ ਸਮੇਤ ਐੱਸ.ਟੀ.ਐੱਫ ਅਤੇ ਐੱਸ.ਆਈ.ਟੀ ਵੀ ਫੇਲ੍ਹ ਹੋਣ ਜਾਣ? ਸਰਕਾਰੀ ਪਨਾਹ ਤੋਂ ਬਿਨਾਂ ਤਾਂ ਇਹ ਸੰਭਵ ਨਹੀਂ ਹੋ ਸਕਦਾ।" ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਮਜੀਠੀਆ ਵਿਰੁੱਧ ਐੱਫ.ਆਈ.ਆਰ ਸਿਰਫ਼ ਸਿਆਸੀ ਢੋਂਗ ਹੈ ਜੋ ਕਾਂਗਰਸ ਸਰਕਾਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕਰ ਰਹੀ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਕਾਂਗਰਸ ਸਰਕਾਰ ਅਤੇ ਉਸਦੇ ਆਗੂਆਂ 'ਤੇ ਇਕਲੌਤੀ ਐੱਫ.ਆਈ.ਆਰ ਦਾ ਢੰਡੋਰਾ ਪਿਟਣ ਦੀ ਨਿੰਦਾ ਕਰਦਿਆਂ ਕਿਹਾ, "ਸਾਢੇ ਚਾਰ ਸਾਲ ਇਨ੍ਹਾਂ ਨੇ (ਕਾਂਗਰਸ ਸਰਕਾਰ) ਨੇ ਨਸ਼ਾ ਮਾਫੀਆ ਦੇ ਕਿਸੇ ਵੀ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਾਇਆ, ਕਿਉਂਕਿ ਨਸ਼ੇ ਦੇ ਇਹਨਾਂ ਵੱਡੇ ਸੌਦਾਗਰਾਂ ਦੀ ਕੈਪਟਨ, ਕਾਂਗਰਸ ਸਮੇਤ ਕੇਂਦਰ ਵਿੱਚ ਬੈਠੀ ਭਾਜਪਾ ਵੀ ਪੂਰੀ ਸਰਪ੍ਰਸਤੀ ਕਰਦੀ ਹੈ। ਹੁਣ ਵੀ ਇਹ ਸਾਰਾ ਡਰਾਮਾ ਸਿਰਫ਼ ਸਿਆਸੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਹੋ ਰਿਹਾ ਹੈ।
ਹਰਪਾਲ ਚੀਮਾ ਨੇ ਦੇਰ ਨਾਲ ਕਾਰਵਾਈ ਕਰਨ 'ਤੇ ਮੁੜ ਕਾਂਗਰਸ ਕੋਲੋਂ ਜਵਾਬ ਮੰਗਿਆ ਹੈ ਕਿ ਜਦੋਂ 2018 ਤੋਂ ਰਿਪੋਰਟ ਬਣੀ ਪਈ ਸੀ ਤਾਂ ਉਹ ਤਿੰਨ ਸਾਲ ਇਹ ਹੀ ਝੂਠ ਕਿਉਂ ਬੋਲਦੇ ਰਹੇ ਕਿ ਰਿਪੋਰਟ ਬੰਦ ਲਿਫ਼ਾਫ਼ੇ 'ਚ ਹਾਈ ਕੋਰਟ ਵਿਚ ਪਈ ਹੈ, ਜਦਕਿ ਕੋਈ ਵੀ ਅਜਿਹਾ ਕਾਨੂੰਨੀ ਫ਼ਰਮਾਨ ਨਹੀਂ ਸੀ, ਜਿਸਨੇ ਰਿਪੋਰਟ ਖੋਲ੍ਹਣ, ਜਨਤਕ ਕਰਨ ਜਾਂ ਕਾਰਵਾਈ ਕਰਨ ਤੋਂ ਪੰਜਾਬ ਸਰਕਾਰ ਦੇ ਹੱਥ ਬੰਨ੍ਹੇ ਹੋਣ। ਉਨ੍ਹਾਂ ਕਿਹਾ ਹੁਣ ਵੀ ਇਸ ਸਿਆਸੀ ਡਰਾਮੇ ਦੇ ਚੱਕਰ ਵਿਚ ਕਾਂਗਰਸ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਕਰੋੜਾਂ ਦੀ ਕੁੰਡੀ ਹੀ ਲਗਾ ਰਹੀ ਹੈ ਕਿਉਂਕਿ ਇਕ ਪਾਸੇ ਸਰਕਾਰ ਦਿੱਲੀ ਤੋਂ ਮਹਿੰਗੇ ਵਕੀਲ ਲਿਆ ਰਹੀ ਹੈ ਅਤੇ ਦੂਜੇ ਪਾਸੇ ਮਜੀਠੀਆ ਵੀ ਸਰਕਾਰੀ ਮਿਲੀਭੁਗਤ ਅਤੇ 10 ਸਾਲਾ ਮਾਫ਼ੀਆ ਰਾਜ ਵੇਲੇ ਲੋਕਾਂ ਕੋਲੋਂ ਲੁੱਟੇ ਪੈਸੇ ਦੇ ਸਿਰ 'ਤੇ ਹੀ ਫ਼ਰਾਰ ਹੋ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490