Punjab News: ਪਹਿਲੇ ਪੰਜਾਬ ਟੂਰਿਜ਼ਮ ਸਮਿਟ ਵਿੱਚ 128 ਕਿਉਸਕਾਂ ਜ਼ਰੀਏ ਸੂਬੇ ਦੀ ਵੰਨ-ਸੁਵੰਨਤਾ ਅਤੇ ਵਿਲੱਖਣ ਸੱਭਿਆਚਾਰ ਨੂੰ ਕੀਤਾ ਗਿਆ ਪ੍ਰਦਰਸ਼ਿਤ
Punjab News: ਪ੍ਰਦਰਸ਼ਨੀਆਂ ਵਿੱਚ ਪੰਜਾਬ ਦੇ ਸੱਭਿਆਚਾਰ, ਰਵਾਇਤੀ ਪਹਿਰਾਵਿਆਂ ਅਤੇ ਪੰਜਾਬੀਆਂ ਦੀਆਂ ਵੀਰ-ਗਾਥਾਵਾਂ ਬਾਰੇ ਦਰਸ਼ਕਾਂ ਨੂੰ ਕਰਵਾਇਆ ਗਿਆ ਜਾਣੂ...
Punjab Tourism Summit: ਪੰਜਾਬ ਦੇ ਵਿਲੱਖਣ ਅਤੇ ਸ਼ਾਨਦਾਰ ਸੱਭਿਆਚਾਰ ਨੂੰ ਦਰਸਾਉਂਦੇ ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਪਹਿਲੇ ਪੰਜਾਬ ਟੂਰਿਜ਼ਮ ਸੰਮੇਲਨ ਦੌਰਾਨ ਵਿਸ਼ਵ ਭਰ ਦੇ ਲੋਕਾਂ ਨੂੰ ਰਵਾਇਤੀ ਕਦਰਾਂ-ਕੀਮਤਾਂ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜਾਣੂ ਕਰਵਾਇਆ ਗਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਥੇ ਵਿਸ਼ੇਸ਼ ਪ੍ਰਦਰਸ਼ਨੀ ਕੇਂਦਰ ਸਥਾਪਿਤ ਕੀਤਾ, ਜਿਸ ਨੇ ਨਿੱਘੀ ਪ੍ਰਾਹੁਣਚਾਰੀ ਦੇ ਨਾਲ-ਨਾਲ ਸੈਲਾਨੀਆਂ ਦੇ ਦਿਲਾਂ ਨੂੰ ਛੂਹ ਲਿਆ।
ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਸਟਾਲਾਂ 'ਤੇ ਵਿਰਾਸਤੀ ਤਰੀਕੇ ਨਾਲ ਕੱਪੜੇ ‘ਤੇ ਕਢਾਈ ਕਰ ਰਹੀਆਂ ਸਨ ਉਥੇ ਨਾਲ ਤੀ ਕੁੜਤਾ ਪਜਾਮਿਆ ਵਿਚ ਇਸੇ ਗੱਭਰੂ ਢੋਲ ਦੀ ਥਾਪ 'ਤੇ ਨੱਚਦੇ ਨਜ਼ਰ ਆਏ।
ਇਸ ਸੰਮੇਲਨ ਵਿੱਚ ਪੰਜਾਬ ਦੀਆਂ ਪਰੰਪਰਾਗਤ ਕਦਰਾਂ-ਕੀਮਤਾਂ, ਪੰਜਾਬੀ ਗੀਤ, ਤ੍ਰਿੰਜਨ (ਔਰਤਾਂ ਦੇ ਇਕੱਠੇ ਬੈਠ ਕੇ ਚਰਖਾ ਕੱਤਣ ਅਤੇ ਗੀਤ ਗਾਉਣ ਦੀ ਰਵਾਇਤੀ ਪੰਜਾਬੀ ਪਰੰਪਰਾ), ਪਿੰਡ ਦੀ ਸੱਥ (ਰਵਾਇਤੀ ਤੌਰ 'ਤੇ ਪਿੰਡ ਦੇ ਵਿੱਚੋ-ਵਿੱਚ ਸਥਿਤ ਇੱਕ ਦਰੱਖਤ ਹੇਠਾਂ ਬੈਠਣਾ), ਤੀਜ ਅਤੇ ਪੀਂਘ (ਸਜੇ ਝੂਲਿਆਂ 'ਤੇ ਕੁੜੀਆਂ ਦਾ ਝੂਲਣਾ) ਜ਼ਰੀਏ ਪੰਜਾਬੀਆਂ ਦੇ ਅਮੀਰ ਇਤਿਹਾਸ ਨੂੰ ਦਰਸਾਇਆ ਗਿਆ।
ਇਸ ਵਿੱਚ ਭੰਗੜਾ, ਗਿੱਧਾ, ਕਿਕਲੀ, ਸੰਮੀ ਅਤੇ ਨਾਚਾਂ ਦੇ ਵਿਭਿੰਨ ਢੰਗਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਦਰਸ਼ਕਾਂ ਨੂੰ ਸਿੱਖ ਗੁਰੂ ਸਾਹਿਬਾਨ ਦੀਆਂ ਪਾਵਨ ਲਿਖਤਾਂ ਅਤੇ ਕਵਿਤਾ ਸਮੇਤ ਪੰਜਾਬੀ ਸਾਹਿਤ ਬਾਰੇ ਵੀ ਜਾਣੂ ਕਰਵਾਇਆ ਗਿਆ। ਪ੍ਰਦਰਸ਼ਨੀ ਵਿੱਚ ਸੂਬੇ ਦੇ ਇਤਿਹਾਸਕ ਅਤੇ ਸੈਰ-ਸਪਾਟਾ ਸਥਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਸੰਮੇਲਨ ਦੌਰਾਨ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ।
62 ਸਾਲਾ ਮਹਿੰਦਰ ਕੌਰ ਨੇ ਇਸ ਨਿਵੇਕਲੀ ਪਹਿਲਕਦਮੀ ਲਈ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਰਾਣੇ ਰਵਾਇਤ ਅਨੁਸਾਰ ਆਟਾ ਚੱਕੀ ਨਾਲ ਕਣਕ ਪੀਹਦਿਆਂ ਮਹਿਲਾਵਾਂ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜਾ ਹੋ ਗਈਆਂ ਜਦੋਂ ਉਹਨਾਂ ਦੇ ਜੱਦੀ ਪਿੰਡ ਵਿੱਚ ਉਹਨਾਂ ਦੀ ਦਾਦੀ ਆਟਾ ਚੱਕੀ ਦੀ ਵਰਤੋਂ ਕਰਦੀ ਸੀ।
ਇੱਕ ਹੋਰ ਮਹਿਮਾਨ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਟੂਰਿਜ਼ਮ ਸਮਿਟ ਨੇ ਲੋਕਾਂ ਨੂੰ ਸੂਬੇ ਦੇ ਅਮੀਰ ਸੱਭਿਆਚਾਰ ਨੂੰ ਉਜਾਗਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਇਹ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਵੰਨ-ਸੁਵੰਨੇ ਸੱਭਿਆਚਾਰ ਅਤੇ ਭਾਈਚਾਰੇ ਨੂੰ ਜੋੜਣ ਦੇ ਨਾਲ-ਨਾਲ ਇਸ ਤੋਂ ਹੋਰ ਚੰਗੀ ਤਰ੍ਹਾਂ ਜਾਣੂ ਵੀ ਕਰਵਾਏਗਾ।
ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਨੂੰ ਸੈਰ ਸਪਾਟਾ ਕੇਂਦਰ ਵਜੋਂ ਹੁਲਾਰਾ ਦੇਣ ਅਤੇ ਇਸ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੈਰ ਸਪਾਟਾ ਸੰਮੇਲਨ ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਦੇ ਅਮੀਰ ਅਤੇ ਵਿਰਾਸਤੀ ਸੱਭਿਆਚਾਰ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਇੱਕ ਅਹਿਮ ਤੇ ਵਿਲਖਣ ਉਪਰਾਲਾ ਹੈ।