ਸੁਪਰੀਮ ਕੋਰਟ ਵੱਲੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਨੂੰ ਜਾਇਜ਼ ਠਹਿਰਾਉਣਾ ਪੰਥ ’ਤੇ ਹਮਲਾ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੁੰ ਮਾਨਤਾ ਦੇਣ ਦੇ ਫੈਸਲੇ ਨੁੰ ਪੰਥ ’ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੁਨੀਆਂ ਭਰ ਦੇ ਸਿੱਖਾਂ ਵਿਚ ਰੋਸ ਦੀ ਭਾਵਨਾ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੁੰ ਮਾਨਤਾ ਦੇਣ ਦੇ ਫੈਸਲੇ ਨੁੰ ਪੰਥ ’ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੁਨੀਆਂ ਭਰ ਦੇ ਸਿੱਖਾਂ ਵਿਚ ਰੋਸ ਦੀ ਭਾਵਨਾ ਹੈ।
ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ, ਜੋ ਕਿ ਅੰਤਰ ਰਾਜੀ ਸੰਸਥਾ ਹੈ, ਨੂੰ ਇਕ ਸੂਬਾਈ ਕਾਨੁੰਨ ਦੇ ਆਧਾਰ ’ਤੇ ਵੰਡਿਆ ਜਾ ਰਿਹਾ ਹੈ ਹਾਲਾਂਕਿ ਇਸ ਮਾਮਲੇ ’ਤੇ ਕਾਨੁੰਨ ਬਣਾਉਣ ਦੀ ਤਾਕਤ ਸਿਰਫ ਕੇਂਦਰ ਦੇ ਹੱਥ ਹੈ।
SC verdict recognizing the validity of Haryana Sikh Gurdwara (Management) Act, 2014 is a brutal attack on the 'panth' & it has caused deep resentment amongst Sikhs worldwide. The bifurcation of SGPC, an interstate body, by recognizing a state legislation is very unfortunate. 1/3 pic.twitter.com/JGMWRHIj6q
— Sukhbir Singh Badal (@officeofssbadal) September 20, 2022
ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਹਾਕਿਆਂ ਤੋਂ ਅਕਾਲੀ ਦਲ ਦੇ ਨਾਲ ਨਾਲ ਸਿੱਖ ਸੰਸਥਾਵਾਂ ਨੁੰ ਕਮਜ਼ੋਰ ਕਰਨ ’ਤੇ ਲੱਗੀ ਹੈ ਤੇ 2014 ਦੇ ਐਕਟ ਰਾਹੀਂ ਹਰਿਆਣਾ ਵਿਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲਣ ਲਈ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦਾ ਗਠਨ ਕਰਨਾ ਇਸ ਰਣਨੀਤੀ ਦਾ ਹਿੱਸਾ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਕੇਸ ਵਿਚ ਸੁਪਰੀਮ ਕੋਰਟ ਵਿਚ ਸ਼੍ਰੋਮਣੀ ਕਮੇਟੀ ਦੇ ਉਲਟ ਸਟੈਂਡ ਲਿਆ। ਉਹਨਾਂ ਕਿਹਾ ਕਿ ਤਾਬੂਤ ਵਿਚ ਆਖਰੀ ਕਿੱਲ ਗੱਡਣ ਦਾ ਕੰਮ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਜਿਹਨਾਂ ਦੇ ਐਡਵੋਕੇਟ ਜਨਰਲ ਨੇ ਅਦਾਲਤ ਵਿਚ ਕੇਸ ਵਿਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਲਿਖਤੀ ਹਲਫਨਾਮਾ ਦਾਇਰ ਕੀਤਾ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਸੌ ਸਾਲ ਪੁਰਾਣੇ ਐਕਟ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਨੇ ਇਸਦੇ ਸੀਨੀਅਰ ਆਗੂਆਂ ਦੀ ਫੌਰੀ ਮੀਟਿੰਗ ਸੱਦੀ ਹੈ ਤਾਂ ਜੋ ਕਾਨੁੰਨੀ ਪਹਿਲੂ ਸਮੇਤ ਭਵਿੱਖੀ ਰਣਨੀਤੀ ਤੈਅ ਕੀਤੀ ਜਾ ਸਕੇ।
ਉਹਨਾਂ ਨੇ ਸਾਰੀਆਂ ਪੰਥਕ ਜਥੇਬੰਦੀਆਂ ਨੁੰ ਅਪੀਲ ਕੀਤੀ ਕਿ ਉਹ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖ ਕੌਮ ਨੁੰ ਵੰਡ ਕੇ ਅਸਿੱਧੇ ਤੌਰ ’ਤੇ ਰਾਜ ਕਰਨ ਦੀ ਇਸ ਸਾਜ਼ਿਸ਼ ਨੂੰ ਅਸਫਲ ਬਣਾਉਣ ਵਾਸਤੇ ਰੱਲ ਕੇ ਕੰਮ ਕਰਨ।
ਬਾਦਲ ਨੇ ਕਿਹਾ ਕਿ ਦੇਸ਼ ਵਿਚ ਪਹਿਲਾਂ ਲੋਕਾਂ ਨੇ ਇਹ ਵੇਖਿਆ ਕਿ ਕਿਵੇਂ ਚੁਣੀ ਹੋਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਤੋ ਰਾਤ ਸਰੂਪ ਬਦਲ ਕੇ ਇਸ ’ਤੇ ਕਬਜ਼ਾ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਪਹਿਲਾਂ ਹੀ ਮਾਰ ਝੱਲ ਰਿਹਾ ਹੈ ਕਿਉਂਕਿ ਇਸਦੇ ਦਰਿਆਈ ਪਾਣੀ ਇਸ ਤੋਂ ਖੋਹ ਲਏ ਗਏ ਤੇ ਇਹ ਬਿਨਾਂ ਰਾਜਧਾਨੀ ਸ਼ਹਿਰ ਚੰਡੀਗੜ੍ਹ ਤੋਂ ਵਿਚਰ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇਣ ਨਾਲ ਕਿਵੇਂ ਸ਼੍ਰੋਮਣੀ ਕਮੇਟੀ ਨੂੰ ਛੋਟਾ ਕੀਤਾ ਜਾ ਰਿਹਾ ਹੈ।