Punjab : ਵਿਕਾਸ ਕ੍ਰਾਂਤੀ ਰੈਲੀ ਰਾਹੀਂ 'ਆਪ' ਨੇ ਲੋਕ ਸਭਾ ਚੋਣਾਂ ਲਈ ਲਹਿਰਾਇਆ ਝੰਡਾ, CM ਮਾਨ ਨੇ ਜਨਤਾ ਨੂੰ ਕੀਤੀ ਇਹ ਅਪੀਲ
CM ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ, ਰੁੱਖ ਲਗਾਓ ਅਸੀਂ ਤੁਹਾਨੂੰ ਫਲ ਤੇ ਫੁੱਲ ਦੇਵਾਂਗੇ। ਵਿਕਾਸ ਕ੍ਰਾਂਤੀ ਰੈਲੀ ਰਾਹੀਂ 'ਆਪ' ਨੇ ਗੁਰਦਾਸਪੁਰ 'ਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਇਆ। ਨਿਸ਼ਾਨੇ 'ਤੇ ਭਾਜਪਾ ਦੇ ਸੰਸਦ ਮੈਂਬਰ ਸਿਨੇ ਸਟਾਰ ਸੰਨੀ ਦਿਓਲ ਰਹੇ।
Punjab News : ਵਿਕਾਸ ਕ੍ਰਾਂਤੀ ਰੈਲੀ (Vikas Kranti Rally) ਰਾਹੀਂ ਆਮ ਆਦਮੀ ਪਾਰਟੀ ਨੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਝੰਡਾ ਲਹਿਰਾਇਆ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਵਿੱਚ ਕੀਤੀ ਵਿਸ਼ਾਲ ਰੈਲੀ ਵਿੱਚ ਆਪਣੀ ਪੂਰੀ ਕੈਬਨਿਟ ਸਣੇ ਪਹੁੰਚ ਕੇ ਹਲਕੇ ਵਿੱਚ ਚੋਣ ਬਿਗਲ ਵਜਾ ਦਿੱਤਾ ਹੈ।
ਉਨ੍ਹਾਂ ਨੇ ਜਨਤਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 'ਆਪ' 'ਤੇ ਭਰੋਸਾ ਪ੍ਰਗਟਾਉਣ ਦੀ ਗੱਲ ਕਹੀ ਤੇ ਕਿਹਾ, ਜੇ ਤੁਸੀਂ ਇੱਕ ਰੁੱਖ ਲਗਾਓਗੇ ਤਾਂ ਉਹ ਤੁਹਾਨੂੰ ਫਲ ਅਤੇ ਫੁੱਲ ਦੇਵੇਗਾ। ਇਸ ਰੈਲੀ ਰਾਹੀਂ ਖੁਦ ਕੇਜਰੀਵਾਲ ਅਤੇ ਮਾਨ ਨੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਅਤੇ ਪੰਡਾਲ ਦੇ ਬਾਹਰ ਭੀੜ ਇਕੱਠੀ ਹੁੰਦੀ ਵੇਖ ਕੇ ਬਹੁਤ ਖੁਸ਼ੀ ਹੋਈ। ਮਾਨ ਨੇ ਕਿਹਾ, ਆਗਾਮੀ ਲੋਕਸਭਾ ਚੋਣਾਂ ਵਿੱਚ ਆਮ ਆਦਮੀ ਦਾ ਪੌਦਾ ਲਾਓ, ਫ਼ਲ ਤੇ ਫੁੱਲ ਅਸੀਂ ਲਿਆ ਕੇ ਦੇਵਾਂਗੇ।
'ਆਪ' ਨੇ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ
ਵਿਸ਼ਾਲ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਤੌਰ 'ਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਸਿਨੇ ਅਭਿਨੇਤਾ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ ਅਤੇ ਤੰਜ਼ ਕੱਸਣ ਤੋਂ ਵੀ ਗੁਰੇਜ਼ ਨਹੀਂ ਕੀਤਾ।
ਸੰਸਦ ਮੈਂਬਰ 'ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ, ਗੁਰਦਾਸਪੁਰ ਦੇ ਲੋਕਾਂ ਨੇ ਸਿਨੇ ਕਲਾਕਾਰ ਸੰਨੀ ਦਿਓਲ ਨੂੰ ਵੱਡੀ ਉਮੀਦ ਨਾਲ ਸੰਸਦ ਮੈਂਬਰ ਚੁਣਿਆ ਸੀ ਪਰ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਗੁਰਦਾਸਪੁਰ ਦੇ ਲੋਕਾਂ ਦਾ ਹਾਲ ਤੱਕ ਨਾ ਪੁੱਛਿਆ। ਵਿਕਾਸ ਦੀ ਗੱਲ ਭੁੱਲ ਕੇ ਉਹਨਾਂ ਨੇ ਕਦੇ ਗੁਰਦਾਸਪੁਰ ਵੱਲ ਤੱਕਿਆ ਹੀ ਨਹੀਂ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿੱਚ ਆਮ ਲੋਕਾਂ ਨੂੰ ਜਿਤਾਉਣ ਨਾ ਕਿ ਵੱਡੇ ਲੋਕਾਂ ਨੂੰ ਕਿਉਂਕਿ ਉਹ ਹਮੇਸ਼ਾ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਰਹਿਣਗੇ।
ਸੰਨੀ ਦਿਓਲ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਦਰਬਾਰ ਸਾਹਿਬ ਪਹੁੰਚੇ ਪਰ ਇਲਾਕੇ ਦੇ ਲੋਕਾਂ ਤੱਕ ਨਹੀਂ ਪਹੁੰਚੇ - ਸੀਐਮ ਮਾਨ
ਇਸੇ ਤਰ੍ਹਾਂ ਸੀਐਮ ਮਾਨ ਨੇ ਗੁਰਦਾਸਪੁਰ ਦੀ ਧਰਤੀ ਨੂੰ ਇੰਕਲਾਬੀ ਧਰਤੀ ਦੱਸਦਿਆਂ ਕਿਹਾ ਕਿ ਮਾਝੇ ਦੀ ਇਸ ਧਰਤੀ 'ਤੇ ਸਿਆਸੀ ਤੌਰ 'ਤੇ ਵੱਡੇ-ਵੱਡੇ ਅਹੁਦਿਆਂ 'ਤੇ ਕਾਬਜ਼ ਹੋਏ ਹਨ ਪਰ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਸੰਸਦ ਮੈਂਬਰਾਂ ਸਬੰਧੀ ਲੋਕਾਂ ਨੂੰ ਕਿਹਾ ਕਿ ਸੰਸਦ ਮੈਂਬਰਾਂ ਨੂੰ ਵੋਟਿੰਗ ਦੌਰਾਨ ਹੀ ਵੇਖਿਆ ਜਾਵੇ। ਸੰਨੀ ਦਿਓਲ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਦਰਬਾਰ ਸਾਹਿਬ ਪਹੁੰਚੇ ਪਰ ਇਲਾਕੇ ਦੇ ਲੋਕਾਂ ਤੱਕ ਨਹੀਂ ਪਹੁੰਚੇ।
ਤੰਜ਼ ਕੱਸਦਿਆ ਮਾਨ ਨੇ ਕਿਹਾ, ਉਨ੍ਹਾਂ ਦਾ ਕੀ ਦੁੱਖ ਹੈ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਸੰਨੀ ਦਿਓਲ ਆਪਣੇ ਢਾਈ ਕਿੱਲੋਂ ਦਾ ਹੱਥ ਦਿਖਾ ਰਿਹਾ ਹੈ। ਚੰਗਾ ਹੁੰਦਾ ਜੇ ਉਹ ਕੁੱਝ ਖੇਤਰਾਂ ਦਾ ਸੁਧਾਰ ਕਰਦੇ, ਪਾਰਲੀਮੈਂਟ ਵਿੱਚ ਬੋਲਦੇ, ਖੇਤਰਾਂ ਲਈ ਪੈਕੇਜ ਲੈ ਕੇ ਆਉਂਦੇ, ਜਿਸ ਨਾਲ ਗੁਰਦਾਸਪੁਰ ਦੀ ਧਰਤੀ ਦਾ ਨਾਮ ਰੌਸ਼ਨ ਹੁੰਦਾ।
ਮਾਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਮਾਨ ਨੇ ਕਿਹਾ ਕਿ ਕੋਈ ਗੱਲ ਨਹੀਂ, ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਤੁਸੀਂ ਇੱਕ ਆਮ ਆਦਮੀ ਦਾ ਰੁੱਖ ਲਗਾਓਗੇ, ਅਸੀਂ ਤੁਹਾਨੂੰ ਫਲ ਅਤੇ ਫੁੱਲ ਲੈ ਕੇ ਦੇਵਾਂਗੇ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਉਹ ਮਿੱਥ ਤੋੜ ਦੇਣ ਕਿ ਗੁਰਦਾਸਪੁਰ ਉਨ੍ਹਾਂ ਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਰਵੇਖਣ ਦਾ ਨਤੀਜਾ 13-0 ਨਾਲ ਆਵੇਗਾ ਅਤੇ ਇਸ ਨਾਲ ਚੰਡੀਗੜ੍ਹ ਵੀ ਜਿੱਤ ਕਰ ਲਵਾਂਗੇ।