Mahapanchayat:ਮਹਾਪੰਚਾਇਤ 'ਚ ਟਿਕੈਤ ਨੇ ਉਠਾਏ ਲਾਲ ਕਿਲਾ ਕਾਂਡ 'ਤੇ ਵੱਡੇ ਸਵਾਲ
ਸ਼ੁੱਕਰਵਾਰ ਨੂੰ ਬਹਾਦੁਰਗੜ੍ਹ ਵਿੱਚ ਕਿਸਾਨ ਮਹਾਪੰਚਾਇਤ ਦੌਰਾਨ ਸੰਯੁਕਤ ਮੋਰਚੇ ਦੀ ਕੇਂਦਰੀ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੱਚ ਰਾਕੇਸ਼ ਟਿਕੈਤ ਵੀ ਹਾਜ਼ਰ ਸੀ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਸਵਾ ਦੋ ਮਹੀਨੇ ਤੋਂ ਜਾਰੀ ਹੈ। ਇਸ ਦੌਰਾਨ ਕਿਸਾਨ ਨੇਤਾ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਹਰ ਰੋਜ਼ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰਦੇ ਹਨ। ਸ਼ੁੱਕਰਵਾਰ ਨੂੰ ਬਹਾਦੁਰਗੜ੍ਹ ਵਿੱਚ ਕਿਸਾਨ ਮਹਾਪੰਚਾਇਤ ਦੌਰਾਨ ਸੰਯੁਕਤ ਮੋਰਚੇ ਦੀ ਕੇਂਦਰੀ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੱਚ ਰਾਕੇਸ਼ ਟਿਕੈਤ ਵੀ ਹਾਜ਼ਰ ਸੀ।
ਰਾਕੇਸ਼ ਟਿਕੈਤ ਨੇ ਭਾਸ਼ਣ ਦਿੰਦੇ ਹੋਏ ਕਿਹਾ, "26 ਜਨਵਰੀ ਨੂੰ ਪਰੇਡ ਵਿੱਚ ਸ਼ਾਮਲ ਹੋਣ ਆਏ ਕਿਸਾਨਾਂ ਨੂੰ ਬਹਿਕਾ ਕੇ ਲਾਲ ਕਿਲ੍ਹੇ ਲਜਾਇਆ ਗਿਆ। ਇਸ ਮਗਰੋਂ ਸ਼ਾਮ 7 ਵਜੇਂ ਇੱਕ ਨੌਜਵਾਨ ਤੋਂ ਬਿਆਨ ਦਵਾਇਆ ਗਿਆ ਤੇ 13 ਘੰਟੇ ਵਿੱਚ ਉਸ ਨੂੰ ਲਾਲ ਕਿਲ੍ਹੇ ਪਹੁੰਚਾ ਦਿੱਤਾ। ਅਜਿਹਾ ਕਿਵੇਂ ਹੋਇਆ ਅਸੀਂ ਤਾਂ ਅੱਜ ਤੱਕ ਨਹੀਂ ਗਏ। ਅਸੀਂ ਪਾਰਲੀਮੈਂਟ ਜਾਣ ਦਾ ਰਸਤਾ ਮੰਗਿਆ ਤਾਂ ਨਹੀਂ ਦਿੱਤਾ ਗਿਆ। ਰਿੰਗ ਰੋਡ ਤੇ ਵੀ ਨਹੀਂ ਜਾਣ ਦਿੱਤਾ ਗਿਆ। ਜੋ ਰੂਟ ਸਾਨੂੰ ਦਿੱਤਾ ਗਿਆ ਉਸ ਤੇ ਬੈਰੀਕੇਡਿੰਗ ਸੀ ਤੇ ਕਿਸਾਨ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ ਪਹੁੰਚਾ ਦਿੱਤਾ ਗਿਆ।"
ਟਿਕੈਤ ਨੇ ਸਰਕਾਰ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ, "ਇਨ੍ਹਾਂ ਨੇ ਸਿਰਫ ਇੱਕ ਧਰਮ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਹੈ। ਅਸੀਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ, ਕਾਨੂੰਨ ਆਉਣ ਤੋਂ ਪਹਿਲਾਂ ਵਪਾਰੀਆਂ ਦੇ ਗੁਦਾਮ ਕਿਦਾਂ ਬਣ ਗਏ। ਸੋਨੇ ਦਾ ਵਪਾਰ ਛੱਡ ਅਨਾਜ ਦਾ ਵਪਾਰ ਕਰਨਾ ਤੈਅ ਕੀਤਾ ਗਿਆ, ਅਸੀਂ ਭੁੱਖ ਤੇ ਵਪਾਰ ਨਹੀਂ ਹੋਣ ਦਵਾਂਗੇ।"