ਪੰਜਾਬ 'ਚ ਨਾਮਜ਼ਦਗੀਆਂ ਹੋਈਆਂ ਪੂਰੀਆਂ, ਹਰ ਸੀਟ 'ਤੇ ਔਸਤ 29 ਉਮੀਦਵਾਰ
ਸੋਮਵਾਰ ਨੂੰ ਪੰਜਾਬ ਵਿੱਚ ਉਮੀਦਵਾਰੀ ਦੀ ਦਾਅਵੇਦਾਰੀ ਪੇਸ਼ ਕਰਨ ਦਾ ਆਖ਼ਰੀ ਦਿਨ ਸੀ, ਜਿਸ ਦੌਰਾਨ ਪੂਰੇ ਸੂਬੇ ਵਿੱਚ 188 ਨਾਮਜ਼ਦਗੀਆਂ ਦਾਖ਼ਲ ਹੋਈਆਂ। ਅੱਜ ਯਾਨੀ ਕਿ ਮੰਗਲਵਾਰ ਨੂੰ ਸਾਰੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ ਆਉਂਦੀ ਦੋ ਮਈ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਲਈ ਪੰਜਾਬ ਤੋਂ ਕੁੱਲ 385 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਪੰਜਾਬ ਦੀਆਂ 13 ਸੀਟਾਂ 'ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ, ਪੰਜਾਬ ਜਮਹੂਰੀ ਗੱਠਜੋੜ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਹੋਰਨਾਂ ਪਾਰਟੀਆਂ ਨਾਲ ਸਬੰਧਤ ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਹਨ, ਉੱਥੇ ਵੱਡੀ ਗਿਣਤੀ 'ਚ ਆਜ਼ਾਦ ਉਮੀਦਵਾਰਾਂ ਨੇ ਵੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਯਾਨੀ ਕਿ ਹਰ ਲੋਕ ਸਭਾ ਸੀਟ 'ਤੇ ਔਸਤਨ 29.6 ਉਮੀਦਵਾਰ ਖੜ੍ਹੇ ਹੋਏ ਹਨ।
ਸੋਮਵਾਰ ਨੂੰ ਪੰਜਾਬ ਵਿੱਚ ਉਮੀਦਵਾਰੀ ਦੀ ਦਾਅਵੇਦਾਰੀ ਪੇਸ਼ ਕਰਨ ਦਾ ਆਖ਼ਰੀ ਦਿਨ ਸੀ, ਜਿਸ ਦੌਰਾਨ ਪੂਰੇ ਸੂਬੇ ਵਿੱਚ 188 ਨਾਮਜ਼ਦਗੀਆਂ ਦਾਖ਼ਲ ਹੋਈਆਂ। ਅੱਜ ਯਾਨੀ ਕਿ ਮੰਗਲਵਾਰ ਨੂੰ ਸਾਰੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ ਆਉਂਦੀ ਦੋ ਮਈ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
ਆਖਰੀ ਦਿਨ ਕਈ ਪ੍ਰਮੁੱਖ ਉਮੀਦਵਾਰਾਂ ਨੇ ਪਰਚੇ ਭਰੇ ਜਿਨ੍ਹਾਂ ਵਿੱਚ ਫ਼ਿਲਮ ਅਦਾਕਾਰ ਅਜੈ ਸਿੰਘ ਧਰਮਿੰਦਰ ਦਿਓਲ ਉਰਫ਼ ਸੰਨੀ ਦਿਓਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਮਨੀਸ਼ ਤਿਵਾੜੀ, ਪ੍ਰੇਮ ਸਿੰਘ ਚੰਦੂਮਾਜਰਾ, ਸ਼ੇਰ ਸਿੰਘ ਘੁਬਾਇਆ, ਚਰਨਜੀਤ ਸਿੰਘ ਅਟਵਾਲ ਤੇ ਪ੍ਰੋ. ਸਾਧੂ ਸਿੰਘ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੇਂਦਰ ਮੰਤਰੀ ਨੂੰਹ ਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਪਿੱਛੇ ਬਤੌਰ ਕਵਰਿੰਗ ਕੈਂਡੀਡੇਟ ਪਰਚੇ ਦਾਖ਼ਲ ਕੀਤੇ। ਪੰਜਾਬ ਵਿੱਚ ਆਖ਼ਰੀ ਗੇੜ ਯਾਨੀ ਸੱਤਵੇਂ ਗੇੜ 'ਚ ਵੋਟਾਂ 19 ਮਈ ਨੂੰ ਪੈਣਗੀਆਂ ਅਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।
ਲੋਕ ਸਭਾ ਚੋਣਾਂ 2019 ਲਈ ਕੁਝ ਮਹੱਤਵਪੂਰਨ ਤੱਥ-
- ਚੋਣਾਂ ਦਾ ਦਿਨ - 19 ਮਈ 2019
- ਮੱਤਦਾਨ ਦਾ ਸਮਾਂ - 7:00 ਵਜੇ ਸਵੇਰੇ ਤੋਂ 6:00 ਸ਼ਾਮ
- ਨਤੀਜਿਆਂ ਦਾ ਦਿਨ ਤੇ ਸਮਾਂ - 23 ਮਈ 2019 ਸਵੇਰੇ ਅੱਠ ਵਜੇ ਤੋਂ
- ਪੰਜਾਬ ਦੇ ਕੁੱਲ ਵੋਟਰ - 2,03,74,375
- ਮਰਦ - 1,07,54,157
- ਔਰਤਾਂ - 96,19,711
- ਤੀਜਾ ਲਿੰਗ - 507
- ਨਵੇਂ ਵੋਟਰ- 4. 68 ਲੱਖ
- ਪੋਲਿੰਗ ਕੇਂਦਰ - 14,460
- ਪੋਲਿੰਗ ਬੂਥ - 23,213
- ਗੰਭੀਰ ਬੂਥ - 249
- ਅਤਿ-ਸੰਵੇਦਨਸ਼ੀਲ ਬੂਥ - 509
- ਸੰਵੇਦਨਸ਼ੀਲ ਬੂਥ - 719
- ਵੈਬ-ਕਾਸਟਿੰਗ ਬੂਥ - 12002