Punjab News: ਆਪ ਨੇ ਲਿਆਂਦਾ ਬਦਲਾਅ ! ਸਰਕਾਰ ਹੋਣ ਦੇ ਬਾਵਜੂਦ ਸਿਰਫ਼ 1 ਨਿਗਮ 'ਚ ਮਿਲਿਆ ਬਹੁਮਤ, ਲੁਧਿਆਣਾ-ਜਲੰਧਰ ਸਮੇਤ 4 'ਚ ਫਸਿਆ ਕਸੂਤਾ ਪੇਚ
ਬਾਕੀ 4 ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਫਗਵਾੜਾ ਵਿੱਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ। ਹਾਲਾਂਕਿ ਜਲੰਧਰ ਅਤੇ ਲੁਧਿਆਣਾ 'ਚ 'ਆਪ' ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਤੇ ਫਗਵਾੜਾ 'ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।
Punjab News: ਪੰਜਾਬ ਦੇ 5 ਨਗਰ ਨਿਗਮਾਂ 'ਚ ਸ਼ਨੀਵਾਰ ਨੂੰ ਹੋਈ ਵੋਟਿੰਗ 'ਚ ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ (Congress) ਵਿਚਾਲੇ ਮੁੱਖ ਮੁਕਾਬਲਾ ਸੀ। ਆਪ ਨੂੰ ਪਟਿਆਲਾ 'ਚ ਹੀ ਬਹੁਮਤ ਮਿਲਿਆ ਹੈ। ਜਿੱਥੇ ਇਸ ਨੂੰ 60 ਵਿੱਚੋਂ 43 ਸੀਟਾਂ ਮਿਲੀਆਂ ਹਨ। ਇੱਥੇ 7 ਵਾਰਡਾਂ ਵਿੱਚ ਚੋਣਾਂ ਨਹੀਂ ਹੋਈਆਂ।
ਬਾਕੀ 4 ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਫਗਵਾੜਾ ਵਿੱਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ। ਹਾਲਾਂਕਿ ਜਲੰਧਰ ਅਤੇ ਲੁਧਿਆਣਾ 'ਚ 'ਆਪ' ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਤੇ ਫਗਵਾੜਾ 'ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਜਲੰਧਰ 'ਚ ਜਿੱਥੇ ਕਾਂਗਰਸ ਅਤੇ 'ਆਪ' ਵਿਚਾਲੇ ਸਖ਼ਤ ਮੁਕਾਬਲਾ ਸੀ, ਉੱਥੇ ਹੀ ਭਾਜਪਾ ਨੇ ਵੀ ਇੱਥੇ ਤਕੜੀ ਮੌਜੂਦਗੀ ਦਰਜ ਕਰਵਾਈ ਹੈ।
ਇਸ ਚੋਣ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਪੰਜਾਬ ਦੇ ਵੋਟਰਾਂ ਨੇ ‘ਜਿਸਦੀ ਸਰਕਾਰ ਉਹਦੀ ਨਗਰ ਨਿਗਮ’ ਵਾਲੀ ਰਵਾਇਤ ਹੀ ਬਦਲ ਦਿੱਤੀ। ਸੱਤਾ ਵਿੱਚ ਆਈ ‘ਆਪ’ ਨੂੰ ਇੱਕ ਨਗਰ ਨਿਗਮ ਨੂੰ ਛੱਡ ਕੇ ਕਿਤੇ ਵੀ ਬਹੁਮਤ ਨਹੀਂ ਮਿਲਿਆ। ਅਜਿਹੇ 'ਚ ਸੂਬੇ 'ਚ ਪਾਰਟੀ ਦੀ ਸਰਕਾਰ ਤੋਂ ਲੈ ਕੇ ਵਿਧਾਇਕਾਂ ਦੀ ਕਾਰਗੁਜ਼ਾਰੀ ਤੱਕ ਹਰ ਚੀਜ਼ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਵੱਡੇ ਲੀਡਰਾਂ ਦੀ ਹੋਈ ਫਜ਼ੀਹਤ
ਲੁਧਿਆਣਾ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ 168 ਵੋਟਾਂ ਨਾਲ ਹਾਰ ਗਈ।
ਲੁਧਿਆਣਾ ਨਿਗਮ ਚੋਣਾਂ ਵਿੱਚ ਆਪ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਦੀ ਪਤਨੀ ਮੀਨੂੰ ਪਰਾਸ਼ਰ 574 ਵੋਟਾਂ ਨਾਲ ਚੋਣ ਹਾਰ ਗਏ ਸਨ ਅਤੇ ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਬੱਸੀ 86 ਵੋਟਾਂ ਨਾਲ ਚੋਣ ਹਾਰ ਗਏ ਸਨ।
ਜਲੰਧਰ 'ਚ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਰਾਜਾ ਚੋਣ ਹਾਰ ਗਏ।
ਜਲੰਧਰ 'ਚ ਸਾਬਕਾ ਮੇਅਰ ਕਮਲਜੀਤ ਭਾਟੀਆ ਦੀ ਪਤਨੀ ਵੀ ਚੋਣ ਹਾਰ ਗਈ। ਹਾਲਾਂਕਿ ਸਾਬਕਾ ਵਿਧਾਇਕ ਅਤੇ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਦੀ ਪਤਨੀ ਇੱਥੋਂ ਚੋਣ ਜਿੱਤ ਗਈ ਹੈ।
ਪੰਜ ਨਗਰ ਨਿਗਮਾਂ ਦਾ ਜਾਣੋ ਹਾਲ
ਪਟਿਆਲਾ: ਇੱਥੇ ‘ਆਪ’ ਨੇ 60 ਵਿੱਚੋਂ 43 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ। ਇੱਥੇ ਬਹੁਮਤ ਲਈ 31 ਸੀਟਾਂ ਦੀ ਲੋੜ ਸੀ। ਅਜਿਹੇ 'ਚ ਇੱਥੇ 'ਆਪ' ਦਾ ਮੇਅਰ ਬਣਨਾ ਤੈਅ ਹੈ।
ਲੁਧਿਆਣਾ: ਇੱਥੇ 95 ਵਾਰਡਾਂ ਦੀਆਂ ਚੋਣਾਂ ਵਿੱਚ ‘ਆਪ’ ਨੇ ਸਭ ਤੋਂ ਵੱਧ 41 ਸੀਟਾਂ ਜਿੱਤੀਆਂ ਹਨ। ਬਹੁਮਤ ਲਈ 48 ਸੀਟਾਂ ਦੀ ਲੋੜ ਹੈ। ਇੱਥੋਂ ਕਾਂਗਰਸ ਨੂੰ 30, ਭਾਜਪਾ ਨੂੰ 19 ਅਤੇ ਅਕਾਲੀ ਦਲ ਨੂੰ 2 ਸੀਟਾਂ ਮਿਲੀਆਂ ਹਨ।
ਜਲੰਧਰ: ਆਪ ਨੇ 85 'ਚੋਂ 39 ਵਾਰਡਾਂ 'ਤੇ ਜਿੱਤ ਦਰਜ ਕੀਤੀ ਹੈ। 24 ਕਾਂਗਰਸ ਤੇ 19 ਭਾਜਪਾ 2 ਆਜ਼ਾਦ ਅਤੇ 1 ਬਸਪਾ ਨੇ ਜਿੱਤੀ ਹੈ। ਇੱਥੇ ਬਹੁਮਤ ਲਈ 43 ਸੀਟਾਂ ਦੀ ਲੋੜ ਹੈ।
ਅੰਮ੍ਰਿਤਸਰ: ਇੱਥੇ ਕਾਂਗਰਸ ਨੇ 85 ਵਿੱਚੋਂ 40 ਸੀਟਾਂ ਜਿੱਤੀਆਂ ਹਨ। ਹਾਲਾਂਕਿ 46 ਦਾ ਬਹੁਮਤ ਹਾਸਲ ਕਰਨ ਲਈ ਕਾਂਗਰਸ ਨੂੰ 6 ਹੋਰ ਕੌਂਸਲਰਾਂ ਦੀ ਲੋੜ ਹੈ। 'ਆਪ' ਨੇ 24, ਭਾਜਪਾ ਨੇ 9 ਅਤੇ ਅਕਾਲੀ ਦਲ ਨੂੰ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।
ਫਗਵਾੜਾ: ਇੱਥੋਂ ਦੇ 50 ਵਾਰਡਾਂ ਦੀਆਂ ਚੋਣਾਂ ਵਿੱਚ ਕਾਂਗਰਸ 21 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਪਰ ਬਹੁਮਤ ਲਈ 26 ਸੀਟਾਂ ਦੀ ਲੋੜ ਹੈ। 12 ਸੀਟਾਂ 'ਆਪ', 4-4 ਭਾਜਪਾ ਅਤੇ ਅਕਾਲੀ ਦਲ ਨੇ ਜਿੱਤੀਆਂ ਹਨ ਅਤੇ 9 ਸੀਟਾਂ ਹੋਰਾਂ ਨੇ ਜਿੱਤੀਆਂ ਹਨ।