Traffic Police: ਹੁਣ ਆਨਲਾਈਨ ਮੌਕੇ 'ਤੇ ਹੀ ਭਰ ਸਕੋਗੇ ਟ੍ਰੈਫਿਕ ਚਲਾਨ ਦਾ ਜੁਰਮਾਨਾ, ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ
Punjab news: ਟ੍ਰੈਫਿਕ ਪੁਲਿਸ ਵੱਲੋਂ ਕੱਟੇ ਚਲਾਨ ਦਾ ਜੁਰਮਾਨਾ ਭਰਨਾ ਹੋਇਆ ਆਸਾਨ। ਹੁਣ ਤੁਸੀਂ ਮੌਕੇ ਉੱਤੇ ਹੀ ਇਸ ਚਲਾਨ ਨੂੰ ਆਨਲਾਈਨ ਭਰ ਸਕਦੇ ਹੋ।
Bathinda news: ਹੁਣ ਟ੍ਰੈਫਿਕ ਪੁਲਿਸ ਵੱਲੋਂ ਕੱਟੇ ਚਲਾਨ ਦਾ ਜੁਰਮਾਨਾ ਮੌਕੇ ’ਤੇ ਏਟੀਐਮ ਡੈਬਿਟ, ਕ੍ਰੈਡਿਟ ਕਾਰਡ ਤੇ ਗੁਗਲ ਪੇਅ ਰਾਹੀਂ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸ ਕੰਮ ਲਈ ਬਠਿੰਡਾ ਜ਼ਿਲ੍ਹਾ ਪੁਲਿਸ ਟ੍ਰੈਫਿਕ ਪੁਲਿਸ ਨੂੰ 25 ਕਾਰਡ ਸਵੈਪ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ। ਪੰਜਾਬ ਪੁਲਿਸ ਦੇ ਇਸ ਕਦਮ ਨਾਲ ਜਿੱਥੇ ਟ੍ਰੈਫਿਕ ਨਿਯਮਾਂ ਹਾਈਟੈੱਕ ਹੋਣਗੇ ਉੱਥੇ ਹੀ ਲੋਕਾਂ ਨੂੰ ਸਹੂਲਤ ਮਿਲੇਗੀ।
ਰੋਜ਼ਾਨਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਸੈਂਕੜੇ ਚਲਾਨ ਕੱਟੇ ਜਾਂਦੇ ਹਨ। ਜ਼ਿਆਦਾਤਰ ਚਲਾਨ ਦਾ ਜੁਰਮਾਨਾ ਆਰਟੀਓ ਦਫ਼ਤਰ ਤੇ ਕਚਹਿਰੀ ’ਚ ਭਰਿਆ ਜਾਂਦਾ ਹੈ। ਇਸ ਨਾਲ ਸਰਕਾਰੀ ਅਮਲੇ ’ਤੇ ਕੰਮ ਦਾ ਬੋਝ ਵਧ ਜਾਂਦਾ ਹੈ। ਲੋਕ ਆਰਟੀਓ ਤੇ ਅਦਾਲਤਾਂ ਦੇ ਚੱਕਰ ਲਗਾਉਣ ਤੋਂ ਬਚ ਜਾਣਗੇ।
ਲੋਕਾਂ ਨੂੰ ਚਲਾਨ ਭਰਨਾ ਹੋਵੇਗਾ ਆਸਾਨ
ਮੌਕੇ ’ਤੇ ਕੈਸ਼ ਨਾ ਹੋਣ ਦੀ ਸਥਿਤੀ ’ਚ ਜੁਰਮਾਨਾ ਦੇਣ ’ਚ ਵੀ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਪੁਲਿਸ ਵਿਭਾਗ ਨੇ ਆਨਲਾਈਨ ਚਲਾਨ ਭੁਗਤਾਨ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ। ਜਿਸ ਕਰਕੇ ਹੁਣ ਲੋਕਾਂ ਨੂੰ ਵੀ ਕਈ-ਕਈ ਘੰਟੇ ਕਤਾਰ ’ਚ ਖੜ੍ਹੇ ਹੋ ਕੇ ਉਡੀਕ ਨਹੀਂ ਕਰਨੀ ਪਏਗੀ।
ਪੂਰੇ ਜ਼ਿਲ੍ਹੇ ਲਈ 25 ਮਸ਼ੀਨਾਂ ਪ੍ਰਾਪਤ ਹੋਈਆਂ
ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਤੇ ਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਲਈ 25 ਮਸ਼ੀਨਾਂ ਪ੍ਰਾਪਤ ਹੋਈਆਂ ਹਨ। ਫਿਲਹਾਲ ਇਕ ਮਸ਼ੀਨ ਟਰਾਇਲ ਦੇ ਆਧਾਰ ’ਤੇ ਚਾਲੂ ਕੀਤੀ ਗਈ ਹੈ। ਛੇਤੀ ਹੀ ਇਹ ਮਸ਼ੀਨਾਂ ਜ਼ਿਲ੍ਹੇ ਭਰ ’ਚ ਚਾਲੂ ਕਰ ਦਿੱਤੀਆਂ ਜਾਣਗੀਆਂ। ਇਸ ਮਸ਼ੀਨ ’ਚ ਗੂਗਲ ਪੇਅ, ਪੇਟੀਐਮ, ਫੋਨ ਪੇਅ ਸਮੇਤ ਸਾਰੇ ਡਿਜੀਟਲ ਐਪਸ ਰਾਹੀਂ ਰਕਮ ਦਾ ਭੁਗਤਾਨ ਕੀਤਾ ਜਾ ਸਕਦਾ ਹੈ।
ਟ੍ਰੈਫਿਕ ਪੁਲਿਸ ਨੂੰ ਦਿੱਤੇ ਗਏ ਨਵੇਂ ਯੰਤਰਾਂ ’ਚ ਆਟੋ ਰਿਕਾਰਡਿੰਗ ਦੀ ਸਹੂਲਤ ਵੀ ਹੈ। ਇਸ ’ਚ ਚਲਾਨ ਕੱਟਣ ਸਮੇਂ ਲੋਕਾਂ ਦੀ ਰਿਕਾਰਡਿੰਗ ਕੀਤੀ ਜਾਵੇਗੀ। ਇਸ ’ਚ ਚਲਾਨ ਕੱਟਣ ਕਾਰਨ ਸਮੇਤ ਉਨ੍ਹਾਂ ਵੱਲੋਂ ਤੋੜੇ ਨਿਯਮਾਂ ਦੀ ਪੂਰੀ ਜਾਣਕਾਰੀ ਹੋਵੇਗੀ, ਤਾਂ ਜੋ ਜੇ ਕੋਈ ਵਿਅਕਤੀ ਗਲਤ ਚਲਾਨ ਕੱਟੇ ਜਾਣ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਮੌਕੇ ’ਤੇ ਸਬੂਤ ਦਿੱਤੇ ਜਾ ਸਕਣ। ਦੂਜੇ ਪਾਸੇ ਚਲਾਨ ਕੱਟਣ ਦੀ ਪ੍ਰਕਿਰਿਆ ਦੌਰਾਨ ਜੇਕਰ ਕੋਈ ਵਿਅਕਤੀ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਦਾ ਹੈ ਤਾਂ ਉਸ ਦਾ ਰਿਕਾਰਡ ਵੀ ਪੁਲਿਸ ਕੋਲ ਰੱਖਿਆ ਜਾ ਸਕੇ।