(Source: ECI/ABP News)
ਤ੍ਰਿਪਤ ਬਾਜਵਾ ਵੱਲੋਂ ਪੰਚਾਇਤੀ ਜ਼ਮੀਨ ਸਸਤੇ ਰੇਟ ਕਾਲੋਨਾਈਜ਼ਰਾਂ ਨੂੰ ਵੇਚਣ ਦੇ ਦੋਸ਼ ਰੱਦ, ਸਰਕਾਰੀ ਖ਼ਜ਼ਾਨੇ ਨੂੰ 28 ਕਰੋੜ ਦੇ ਘਾਟੇ ਬਾਰੇ ਵੀ ਦਿੱਤਾ ਸਪਸ਼ਟੀਕਰਨ
ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨੇ ਸੂਬੇ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਪਿੰਡ ਭਗਤੂਪੁਰਾ ਦੀ ਪੰਚਾਇਤੀ ਜ਼ਮੀਨ ਕਾਲੋਨਾਈਜ਼ਰਾਂ ਨੂੰ ਸਸਤੇ ਭਾਅ ਵੇਚਣ ਦੇ ਲਾਏ ਦੋਸ਼ਾਂ ਨੂੰ ਮਨਘੜਤ, ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ
![ਤ੍ਰਿਪਤ ਬਾਜਵਾ ਵੱਲੋਂ ਪੰਚਾਇਤੀ ਜ਼ਮੀਨ ਸਸਤੇ ਰੇਟ ਕਾਲੋਨਾਈਜ਼ਰਾਂ ਨੂੰ ਵੇਚਣ ਦੇ ਦੋਸ਼ ਰੱਦ, ਸਰਕਾਰੀ ਖ਼ਜ਼ਾਨੇ ਨੂੰ 28 ਕਰੋੜ ਦੇ ਘਾਟੇ ਬਾਰੇ ਵੀ ਦਿੱਤਾ ਸਪਸ਼ਟੀਕਰਨ Tripat Rajinder Singh Bajwa Rejects allegations of Selling Panchayat land to cheap rate Colonizers ਤ੍ਰਿਪਤ ਬਾਜਵਾ ਵੱਲੋਂ ਪੰਚਾਇਤੀ ਜ਼ਮੀਨ ਸਸਤੇ ਰੇਟ ਕਾਲੋਨਾਈਜ਼ਰਾਂ ਨੂੰ ਵੇਚਣ ਦੇ ਦੋਸ਼ ਰੱਦ, ਸਰਕਾਰੀ ਖ਼ਜ਼ਾਨੇ ਨੂੰ 28 ਕਰੋੜ ਦੇ ਘਾਟੇ ਬਾਰੇ ਵੀ ਦਿੱਤਾ ਸਪਸ਼ਟੀਕਰਨ](https://feeds.abplive.com/onecms/images/uploaded-images/2022/06/12/507a4e0ab6d3b7d713830789d1c99e09_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੂਬੇ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡ ਭਗਤੂਪੁਰਾ ਦੀ ਪੰਚਾਇਤੀ ਜ਼ਮੀਨ ਕਾਲੋਨਾਈਜ਼ਰਾਂ ਨੂੰ ਸਸਤੇ ਭਾਅ ਵੇਚਣ ਦੇ ਲਾਏ ਗਏ ਦੋਸ਼ਾਂ ਨੂੰ ਮਨਘੜਤ, ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਤ੍ਰਿਪਤ ਬਾਜਵਾ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਦਾ ਇਹ ਕਹਿਣਾ ਸਰਾਸਰ ਗਲਤ ਹੈ ਕਿ ਪੰਚਾਇਤੀ ਜ਼ਮੀਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠਲੀ ਕਮੇਟੀ ਵੱਲੋਂ ਰੇਟ ਮਿਥਣ ਦੇ ਛੇ ਮਹੀਨਿਆਂ ਅੰਦਰ ਵਿਕਣੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਇਹ ਨਿਯਮ ਸਿਰਫ ਪੰਚਾਇਤੀ ਜ਼ਮੀਨ 33 ਸਾਲ ਲੀਜ਼ ਉੱਤੇ ਦੇਣ ਲਈ ਹੀ ਹੈ। ਉਨ੍ਹਾਂ ਕਿਹਾ ਕਿ 28 ਕਰੋੜ ਰੁਪਏ ਦੇ ਘਾਟੇ ਦਾ ਦੋਸ਼ ਬੇਬੁਨਿਆਦ ਹੈ ਕਿਉਂਕਿ ਇਹ ਜ਼ਮੀਨ ਰੇਟ ਦੇ ਹਿਸਾਬ ਨਾਲ ਇਸ ਲਈ ਨਹੀਂ ਵਿਕ ਸਕਦੀ ਕਿਉਂਕਿ ਇਹ ਰਸਤਿਆਂ ਤੇ ਖਾਲ਼ਿਆਂ ਦੀ ਜ਼ਮੀਨ ਹੈ, ਜੋ ਇੱਕ ਨਿੱਜੀ ਰਿਹਾਇਸ਼ੀ ਪ੍ਰਾਜੈਕਟ ਦੇ ਵਿਚਾਲੇ ਆ ਗਈ ਹੈ ਤੇ ਇਸ ਦਾ ਕੋਈ ਹੋਰ ਖ਼ਰੀਦਦਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਆਪਣੀ ਵਜ਼ਾਰਤ ਦੇ ਆਖਰੀ ਦਿਨ ਫ਼ਾਈਲ ਨੂੰ ਪ੍ਰਵਾਨਗੀ ਦੇ ਕੇ ਕੋਈ ਗੁਨਾਹ ਨਹੀਂ ਕੀਤਾ ਹੈ। ਉਨ੍ਹਾਂ ਅਜਿਹਾ ਕਰਕੇ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੀ ਸਿਫ਼ਾਰਸ਼ ’ਤੇ ਹੀ ਸਹੀ ਪਾਈ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਡਿਪਟੀ ਡਾਇਰੈਕਟਰ ਨੇ ਖ਼ੁਦ ਇਸ ਜ਼ਮੀਨ ਦਾ ਦੌਰਾ ਕਰਕੇ ਫ਼ਾਈਲ ਉਤੇ ਇਹ ਸਿਫ਼ਾਰਸ਼ ਦਰਜ ਕੀਤੀ ਹੋਈ ਹੈ ਕਿ ਇਹ ਜ਼ਮੀਨ ਵੇਚਣਾ ਪੰਚਾਇਤ ਦੇ ਹੱਕ ਵਿੱਚ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।
ਦੱਸ ਦਈਏ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਤੇ ਪਿੰਡ ਭਗਤੂਪੁਰਾ ਦੀ ਪੰਚਾਇਤੀ ਜ਼ਮੀਨ, ਜਿਸ ਵਿੱਚ ਰਸਤੇ ਤੇ ਖਾਲੇ ਸਨ, ਪਿਛਲੀ ਕਾਂਗਰਸ ਸਰਕਾਰ ਵੇਲੇ ਅਲਫਾ ਇੰਟਰਨੈਸ਼ਨਲ ਸਿਟੀ ਕਲੋਨੀ ਦੇ ਕਾਲੋਨਾਈਜ਼ਰਾਂ ਨੂੰ ਸਸਤੇ ਭਾਅ ਵੇਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਬਾਜਵਾ ਦੀ ਇਸ ਕਥਿਤ ਕਾਰਵਾਈ ਨਾਲ ਸਰਕਾਰੀ ਖ਼ਜ਼ਾਨੇ ਨੂੰ 28 ਕਰੋੜ ਰੁਪਏ ਦਾ ਚੂਨਾ ਲੱਗਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)