Punjab news: IISER ਦੇ ਦੋ ਪ੍ਰੋਫ਼ੈਸਰਾਂ ਦੀ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ 2023-24 ਲਈ ਫ਼ੈਲੋ ਵਜੋਂ ਹੋਈ ਚੋਣ
Punjab news: ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਮੋਹਾਲੀ ਦੇ ਦੋ ਪ੍ਰੋਫ਼ੈਸਰਾਂ ਨੂੰ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ (ਨਾਸੀ) ਨੇ 2023-24 ਲਈ ਫ਼ੈਲੋ ਵਜੋਂ ਚੁਣਿਆ ਹੈ।
Punjab news: ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਮੋਹਾਲੀ ਦੇ ਦੋ ਪ੍ਰੋਫ਼ੈਸਰਾਂ ਨੂੰ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ (ਨਾਸੀ) ਨੇ 2023-24 ਲਈ ਫ਼ੈਲੋ ਵਜੋਂ ਚੁਣਿਆ ਹੈ। ਪ੍ਰੋ. ਅਰਵਿੰਦ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਵਜੋਂ ਆਇਸਰ, ਮੋਹਾਲੀ ਵਿਖੇ ਹਨ ਅਤੇ ਇਸ ਸਮੇਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵਜੋਂ ਕੰਮ ਕਰਦੇ ਹਨ। ਪ੍ਰੋ. ਕ੍ਰਿਸ਼ਨੇਂਦੂ ਗੰਗੋਪਾਧਿਆਏ ਆਇਸਰ, ਮੁਹਾਲੀ ਵਿਖੇ ਗਣਿਤ ਵਿਗਿਆਨ ਵਿਭਾਗ ਵਿੱਚ ਪ੍ਰੋਫ਼ੈਸਰ ਅਤੇ ਮੁਖੀ ਹਨ।
ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ (ਨਾਸੀ) 1930 ਵਿੱਚ ਵਿਸ਼ਵ ਪ੍ਰਸਿੱਧ ਵਿਗਿਆਨੀ ਡਾ. ਮੇਘਨਾਥ ਸਾਹਾ ਦੀ ਅਗਵਾਈ ਹੇਠ ਸਥਾਪਿਤ ਹੋਈ ਸੀ। ਨਾਸੀ ਇਸ ਸਮੇਂ ਭਾਰਤ ਦੀਆਂ ਤਿੰਨ ਵਿਗਿਆਨ ਅਕੈਡਮੀਆਂ ਵਿੱਚੋਂ ਸਭ ਤੋਂ ਪੁਰਾਣੀ ਹੈ। ਨਾਸੀ ਕੋਲ ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 1944 ਮੈਂਬਰ ਅਤੇ ਫ਼ੈਲੋ ਹਨ। ਇਨ੍ਹਾਂ ਵਿੱਚ 15 ਆਨਰੇਰੀ ਫ਼ੈਲੋ ਹਨ ਅਤੇ ਨਾਲ ਹੀ ਵਿਗਿਆਨ ਅਤੇ ਤਕਨਾਲੋਜੀ ਦੇ ਵੱਖ-ਵੱਖ ਵਿਸ਼ਿਆਂ ਵਿੱਚੋਂ 113 ਵਿਦੇਸ਼ੀ ਫ਼ੈਲੋ ਵੀ ਸ਼ਾਮਲ ਹਨ।
ਅਕੈਡਮੀ ਵੱਲੋਂ ਗਿਆਰਾਂ ਵੱਖ-ਵੱਖ ਖੇਤਰਾਂ/ਵਿਸ਼ਿਆਂ ਵਿੱਚੋਂ ਹਰ ਸਾਲ ਫ਼ੈਲੋ ਚੁਣੇ ਜਾਂਦੇ ਹਨ। ਵਿਗਿਆਨ ਨਾਲ਼ ਸੰਬੰਧਤ ਇਨ੍ਹਾਂ ਖੇਤਰਾਂ ਵਿੱਚ ਖੇਤੀਬਾੜੀ ਵਿਗਿਆਨ, ਪਸ਼ੂ ਵਿਗਿਆਨ, ਬਾਇਓਕੈਮਿਸਟਰੀ, ਕੈਮੀਕਲ ਸਾਇੰਸਜ਼, ਭੂ-ਵਿਗਿਆਨ, ਇੰਜਨੀਅਰਿੰਗ ਵਿਗਿਆਨ, ਗਣਿਤ ਵਿਗਿਆਨ, ਮੈਡੀਕਲ ਅਤੇ ਫੋਰੈਂਸਿਕ ਵਿਗਿਆਨ, ਭੌਤਿਕ ਵਿਗਿਆਨ, ਪੌਦਾ ਵਿਗਿਆਨ ਅਤੇ ਸਮਾਜ ਵਿਗਿਆਨ ਸ਼ਾਮਿਲ ਹਨ।
ਪ੍ਰੋ. ਅਰਵਿੰਦ ਦੀ ਫ਼ੈਲੋ ਵਜੋਂ ਚੋਣ ਬਾਰੇ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ ਦੀ ਸੰਬੰਧਤ ਸਾਈਟੇਸ਼ਨ ਵਿੱਚ ਦਰਜ ਹੈ ਕਿ ਉਨ੍ਹਾਂ ਨੂੰ ਕੁਆਂਟਮ ਆਪਟਿਕਸ ਅਤੇ ਕੰਟੀਨਿਊਸ ਵੇਰੀਏਬਲ ਕੁਆਂਟਮ ਕ੍ਰਿਪਟੋਗ੍ਰਾਫ਼ੀ ਦੇ ਖੇਤਰ ਵਿੱਚ ਪਾਏ ਗਏ ਸ਼ਾਨਦਾਰ ਕੰਮ ਲਈ ਚੁਣਿਆ ਗਿਆ ਹੈ। ਪ੍ਰੋ. ਅਰਵਿੰਦ ਭਾਰਤ ਵਿੱਚ ਪਹਿਲੀ ਵਾਰ ਕੁਆਂਟਮ ਕੰਪਿਊਟਿੰਗ ਬਾਰੇ ਪ੍ਰਯੋਗ ਕਰਨ ਵਾਲੇ ਵਿਗਿਆਨੀਆਂ ਵਿੱਚ ਸ਼ਾਮਿਲ ਸਨ।
ਉਨ੍ਹਾਂ ਸੁਰੱਖਿਅਤ ਕੁਆਂਟਮ ਸੰਚਾਰ ਸੰਬੰਧੀ ਨਵੇਂ ਪ੍ਰੋਟੋਕੋਲਾਂ ਨੂੰ ਡਿਜ਼ਾਇਨ ਕਰਨ ਅਤੇ ਇਸ ਵਿਗਿਆਨ ਦੀ ਮਕਬੂਲੀਅਤ ਲਈ ਅਹਿਮ ਕੰਮ ਕੀਤਾ ਹੈ। ਉਹ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ 'ਕਐਸਟ' ਨਾਮੀ ਰਾਸ਼ਟਰੀ ਪ੍ਰੋਗਰਾਮ ਵਿੱਚ ਫ਼ੋਟੋਨਿਕਸ ਵਰਟਿਕਲ ਦੀ ਵੀ ਅਗਵਾਈ ਕਰ ਰਹੇ ਹਨ।
ਪ੍ਰੋ. ਕ੍ਰਿਸ਼ਨੇਂਦੂ ਗੰਗੋਪਾਧਿਆਏ ਨੂੰ ਗਰੁੱਪ ਥਿਊਰੀ ਅਤੇ ਜਿਓਮੈਟਰੀ ਆਦਿ ਗਣਿਤ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਫ਼ੈਲੋ ਵਜੋਂ ਚੁਣਿਆ ਗਿਆ ਹੈ
ਪ੍ਰੋ. ਅਰਵਿੰਦ ਨੇ ਆਈ.ਆਈ.ਟੀ. ਕਾਨਪੁਰ ਤੋਂ ਭੌਤਿਕ ਵਿਗਿਆਨ ਵਿਸ਼ੇ ਵਿੱਚ ਐੱਮ.ਐੱਸ.ਸੀ. ਕੀਤੀ ਹੈ ਅਤੇ ਆਈ.ਆਈ.ਐੱਸ.ਸੀ. ਬੰਗਲੌਰ ਤੋਂ ਭੌਤਿਕ ਵਿਗਿਆਨ ਵਿੱਚ ਪੀ-ਐੱਚ.ਡੀ. ਕੀਤੀ ਹੈ। ਸੰਨ 2000 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਵੱਲੋਂ ਸੋਨ ਤਗ਼ਮੇ ਨਾਲ਼ ਸਨਮਾਨਿਤ ਕੀਤਾ ਗਿਆ ਸੀ। ਪ੍ਰੋ. ਅਰਵਿੰਦ ਪੰਜਾਬ ਦੇ ਉਨ੍ਹਾਂ ਕੁੱਝ ਕੁ ਭੌਤਿਕ ਵਿਗਿਆਨੀਆਂ ਵਿੱਚੋਂ ਹਨ ਜਿਨ੍ਹਾਂ ਨੂੰ ਨੌਜਵਾਨ ਵਿਗਿਆਨੀਆਂ ਵਜੋਂ ਇਹ ਸਨਮਾਨ ਹਾਸਿਲ ਹੋਇਆ ਸੀ। ਸਾਇੰਸ ਨੂੰ ਆਮ ਲੋਕਾਈ ਤੱਕ ਲੈ ਕੇ ਜਾਣ ਵਿੱਚ ਉਨ੍ਹਾਂ ਦੀ ਡੂੰਘੀ ਦਿਲਚਸਪੀ ਹੈ।
ਇਹ ਵੀ ਪੜ੍ਹੋ: Weather Update: ਪੰਜਾਬ 'ਚ ਵਧੀ ਠੰਢ, ਮੀਂਹ ਕਾਰਨ ਅੱਠ ਡਿਗਰੀ ਡਿੱਗਿਆ ਤਾਪਮਾਨ, ਅਗਲੇ ਚਾਰ ਦਿਨ ਅਜਿਹਾ ਰਹੇਗਾ ਮੌਸਮ
ਪੰਜਾਬੀ ਭਾਸ਼ਾ ਵਿੱਚ ਵਿਗਿਆਨ ਨੂੰ ਹਰਮਨਪਿਆਰਾ ਬਣਾਉਣ ਲਈ ਉਨ੍ਹਾਂ ਵੱਖ-ਵੱਖ ਰੂਪਾਂ ਵਿੱਚ ਕੰਮ ਕੀਤਾ ਹੈ। ਇਸ ਮਕਸਦ ਲਈ ਅਖ਼ਬਾਰਾਂ ਵਿੱਚ ਵਿਗਿਆਨ ਬਾਰੇ ਆਵਾਮੀ ਲੇਖ ਲਿਖੇ ਹਨ। ਟੀਵੀ ਚੈਨਲਾਂ ਸਮੇਤ ਜਨਤਕ ਤੌਰ ਉੱਤੇ ਵਿਗਿਆਨ ਅਤੇ ਵਿਗਿਆਨ ਨੀਤੀ ਸੰਬੰਧੀ ਬਹਿਸਾਂ ਵਿੱਚ ਹਿੱਸਾ ਲਿਆ ਹੈ। ਆਇਸਰ, ਮੋਹਾਲੀ ਦੀ ਸਥਾਪਨਾ ਵਿੱਚ ਪ੍ਰੋ. ਅਰਵਿੰਦ ਨੇ ਅਹਿਮ ਭੂਮਿਕਾ ਨਿਭਾਈ ਹੈ। ਉਹ ਇੱਥੋਂ ਦੇ ਸੰਸਥਾਪਕ ਫ਼ੈਕਲਟੀ ਮੈਂਬਰਾਂ ਵਿੱਚ ਸ਼ਾਮਿਲ ਸਨ।
ਉਹ ਉਸ ਰਾਸ਼ਟਰੀ ਪਾਠਕ੍ਰਮ ਕਮੇਟੀ ਦੇ ਕਨਵੀਨਰ ਸਨ ਜਿਸ ਨੇ ਬੀ. ਐੱਸ. ਐੱਮ. ਐੱਸ. ਪ੍ਰੋਗਰਾਮ ਲਈ ਪਹਿਲਾ ਪਾਠਕ੍ਰਮ ਡਿਜ਼ਾਈਨ ਕੀਤਾ ਸੀ। ਇੱਥੇ ਉਹ ਡੀਨ ਖੋਜ, ਡੀਨ ਵਿਦਿਆਰਥੀ, ਮੁਖੀ ਕੰਪਿਊਟਰ ਸੈਂਟਰ, ਮੈਂਬਰ ਬੋਰਡ ਗਵਰਨਰ, ਕੋਆਰਡੀਨੇਟਰ ਆਊਟਰੀਚ ਅਤੇ ਕਾਰਜਕਾਰੀ ਨਿਰਦੇਸ਼ਕ ਆਦਿ ਅਹੁਦਿਆਂ ਉੱਤੇ ਸੇਵਾ ਨਿਭਾ ਚੁੱਕੇ ਹਨ।
ਅਪਰੈਲ 2021 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉਪ-ਕੁਲਪਤੀ ਵਜੋਂ ਜੁਆਇਨ ਕਰਨ ਤੋਂ ਬਾਅਦ ਪ੍ਰੋ. ਅਰਵਿੰਦ ਨੇ ਇੱਥੇ ਵੀ ਕਈ ਨਵੇਂ ਅਕਾਦਮਿਕ ਪਹਿਲਕਦਮੀਆਂ ਕੀਤੀਆਂ ਹਨ। ਛੇ ਵੱਖ-ਵੱਖ ਧਾਰਾਵਾਂ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸ ਸ਼ੁਰੂ ਕਰਨੇ ਅਤੇ ਦੋ ਅਹਿਮ ਕੇਂਦਰ 'ਪੰਜਾਬ ਦਾ ਵਣ-ਤ੍ਰਿਣ-ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ' ਅਤੇ 'ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ' ਸਥਾਪਿਤ ਕਰਨੇ ਇਨ੍ਹਾਂ ਕਾਰਜਾਂ ਵਿੱਚ ਸ਼ਾਮਿਲ ਹਨ।
ਪ੍ਰੋ. ਗੰਗੋਪਾਧਿਆਏ ਨੇ ਹਰੀਸ਼ ਚੰਦਰ ਰਿਸਰਚ ਇੰਸਟੀਚਿਊਟ, ਪ੍ਰਯਾਗਰਾਜ (ਇਲਾਹਾਬਾਦ) ਅਤੇ ਆਈ. ਆਈ. ਟੀ. ਮੁੰਬਈ ਤੋਂ ਪੀ. ਐੱਚ.ਡੀ. ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਗੰਗੋਪਾਧਿਆਏ ਬਚਪਨ ਤੋਂ ਹੀ ਪੋਲੀਓ ਤੋਂ ਪੀੜਤ ਰਹੇ ਹਨ। ਉਨ੍ਹਾਂ ਦ੍ਰਿੜਤਾ ਅਤੇ ਹਿੰਮਤ ਨਾਲ਼ ਇਸ ਮੁਸੀਬਤ ਨਾਲ਼ ਨਜਿੱਠਿਆ ਹੈ। ਸਰੀਰਕ ਤੌਰ ਵੱਖਰੀਆਂ ਯੋਗਤਾਵਾਂ ਵਾਲੇ ਲੋਕਾਂ ਦੇ ਮਸਲਿਆਂ ਬਾਰੇ ਉਹ ਹਮੇਸ਼ਾ ਹੀ ਆਵਾਜ਼ ਉਠਾਉਂਦੇ ਰਹੇ ਹਨ।
ਵਰਨਣਯੋਗ ਹੈ ਕਿ ਨਾਸੀ ਫ਼ੈਲੋ ਵਜੋਂ ਚੁਣੀਆਂ ਗਈਆਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਦੇ 93ਵੇਂ ਸਲਾਨਾ ਸੈਸ਼ਨ ਵਿੱਚ ਫੈਲੋ ਵਜੋਂ ਰਸਮੀ ਤੌਰ ਉੱਤੇ ਨਾਸੀ ਵਿੱਚ ਸ਼ਾਮਲ ਕੀਤਾ ਜਾਵੇਗਾ ਜੋ ਕਿ 3 ਤੋਂ 5 ਦਸੰਬਰ 2023 ਨੂੰ ਭਾਭਾ ਪਰਮਾਣੂ ਖੋਜ ਕੇਂਦਰ ਮੁੰਬਈ ਵਿਖੇ ਹੋਣਾ ਹੈ।
ਇਹ ਵੀ ਪੜ੍ਹੋ: Punjab News: 'ਇਕੱਲੇ ਗਵਰਨਰ ਨੂੰ ਨਹੀਂ ਪੰਜਾਬ ਸਰਕਾਰ ਨੂੰ ਪਾਈ ਹੈ ਸੁਪਰੀਮ ਕੋਰਟ ਨੇ ਝਾੜ'