Punjab News : ਮਾਹਿਲਪੁਰ ਕੋਲ ਦੋ ਧਿਰਾਂ ਨੇ ਕੀਤੀ ਇੱਕ-ਦੂਜੇ ’ਤੇ ਫ਼ਾਇਰਿੰਗ, ਸੱਤ ਜਣੇ ਜ਼ਖਮੀ
Punjab News : ਜ਼ਖਮੀਆਂ ਵਿੱਚ ਇਮਾਨਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਜੱਸੋਵਾਲ ਦੀ ਖ਼ੱਬੀ ਲੱਤ, ਰਮਨ ਭਟੋਟ ਪੁੱਤਰ ਬਲਭੱਦਰ ਸਿੰਘ ਵਾਸੀ ਸਲੇਮਪੁਰ ਦੀ ਸੱਜੀ ਬਾਂਹ ਤੇ ਇੱਕ ਹੋਰ ਨੌਜਵਾਨ ਦੇ ਗੋਲੀ ਲੱਗੀ ਹੈ ਜਦਕਿ ਬਾਕੀਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਹੁਸ਼ਿਆਰਪੁਰ: ਬੀਤੀ ਰਾਤ 11 ਵਜੇ ਦੇ ਕਰੀਬ ਮਾਹਿਲਪੁਰ ਸ਼ਹਿਰ ਦੇ ਬਾਹਰਲੇ ਪਾਸੇ ਦਾਣਾ ਮੰਡੀ ਨਜ਼ਦੀਕ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦੀ ਆਪਸ ਵਿੱਚ ਤਕਰਾਰ ਹੋ ਗਈ। ਇਸ ਤੋਂ ਬਾਅਦ ਦੋਹਾਂ ਧਿਰਾਂ ਨੇ ਇੱਕ-ਦੂਜੇ ’ਤੇ ਗੈਰ ਕਾਨੂੰਨੀ ਹਥਿਆਰਾਂ ਨਾਲ ਫ਼ਾਇਰਿੰਗ ਕਰ ਦਿੱਤੀ। ਇਸ ਦੇ ਨਾਲ ਹੀ ਤੇਜਧਾਰ ਹਥਿਆਰਾਂ ਨਾਲ ਵੀ ਇੱਕ-ਦੂਜੇ ’ਤੇ ਹਮਲਾ ਕਰ ਦਿੱਤਾ।
ਇਸ ਝੜਪ ਵਿੱਚ ਵਿੱਚ ਸੱਤ ਦੇ ਕਰੀਬ ਨੌਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜੁਕ ਦੇਖ਼ਦੇ ਹੋਏ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ। ਜ਼ਖਮੀਆਂ ਵਿੱਚ ਇਮਾਨਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਜੱਸੋਵਾਲ ਦੀ ਖ਼ੱਬੀ ਲੱਤ, ਰਮਨ ਭਟੋਟ ਪੁੱਤਰ ਬਲਭੱਦਰ ਸਿੰਘ ਵਾਸੀ ਸਲੇਮਪੁਰ ਦੀ ਸੱਜੀ ਬਾਂਹ ਤੇ ਇੱਕ ਹੋਰ ਨੌਜਵਾਨ ਦੇ ਗੋਲੀ ਲੱਗੀ ਹੈ ਜਦਕਿ ਬਾਕੀਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਦੱਸਿਆ ਜਾ ਰਿਹਾ ਕਿ ਵੀਰਵਾਰ ਦੀ ਦੁਪਹਿਰ ਪਿੰਡ ਚੰਦੇਲੀ ਵਿਖ਼ੇ ਇੱਕ ਵਿਅਕਤੀ ਦੇ ਪੈਸਿਆਂ ਨੂੰ ਲੈਣ-ਦੇਣ ਕਰਕੇ ਝਗੜਾ ਹੋਇਆ ਸੀ ਜਿਸ ਵਿੱਚ ਇੱਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ ਵਿਚ ਇੱਕ ਔਰਤ ਜ਼ਖਮੀ ਵੀ ਹੋਈ ਸੀ। ਇਹੀ ਝਗੜਾ ਦੇਰ ਸ਼ਾਮ ਖ਼ੂੰਨੀ ਜੰਗ ਵਿਚ ਬਦਲ ਗਿਆ। ਮੌਕੇ ’ਤੇ ਡੀਐਸਪੀ ਦਲਜੀਤ ਸਿੰਘ ਨੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ ਦੇ ਬਿਆਨ ਲੈ ਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ।