Hola Mohalla: ਹੋਲੇ ਮਹੱਲਾ 'ਤੇ ਆਉਣ ਵਾਲਿਆਂ ਨੂੰ ਦਿਖਾਉਣੀ ਪਏਗੀ ਕੋਰੋਨਾ ਰਿਪੋਰਟ
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਸੰਗਤ ਆਪਣੇ ਘਰ ਬੈਠ ਕੇ ਹੀ ਗੁਰੂ ਸਾਹਿਬ ਨੂੰ ਨਮਨ ਕਰੇ ਤੇ ਜੇਕਰ ਸੰਗਤ ਹੋਲਾ ਮਹੱਲਾ ਵਿੱਚ ਆਉਣਾ ਚਾਹੁੰਦੀ ਹੈ ਤਾਂ ਕੋਰੋਨਾਵਾਇਰਸ ਸਬੰਧੀ ਦਿੱਤੀਆਂ ਗਈਆਂ ਗਾਈਡਲਾਈਨਾਂ ਤੇ ਸਹੀ ਤਰੀਕੇ ਨਾਲ ਅਮਲ ਕੀਤਾ ਜਾਵੇ।
ਅਨੰਦਪੁਰ ਸਾਹਿਬ: ਹੋਲੇ ਮਹੱਲਾ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿੱਚ ਆਉਣ ਵਾਲੀ ਸੰਗਤ ਲਈ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣੀ ਪ੍ਰਸ਼ਾਸਨ ਵੱਲੋਂ ਲਾਜ਼ਮੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਇਹ ਕਦਮ ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਉਠਾਇਆ ਗਿਆ ਹੈ।
ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਜਾਰੀ ਹੁਕਮ ਮੁਤਾਬਕ ਮੇਲਾ ਖੇਤਰ ਵਿੱਚ ਉਸੇ ਸ਼ਰਧਾਲੂ ਨੂੰ ਦਾਖਲਾ ਮਿਲੇਗਾ, ਜਿਸ ਕੋਲ 72 ਘੰਟਿਆਂ ਵਿੱਚ ਕਰਵਾਏ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਹੋਵੇਗੀ। ਡਿਪਟੀ ਕਮਿਸ਼ਨਰ ਵੱਲੋਂ ਖੁਦ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਸਮੁੱਚੀ ਸੰਗਤ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹ ਹੁਕਮਾਂ ਦੀ ਤਾਮੀਲ ਕਰਨ।
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਸੰਗਤ ਆਪਣੇ ਘਰ ਬੈਠ ਕੇ ਹੀ ਗੁਰੂ ਸਾਹਿਬ ਨੂੰ ਨਮਨ ਕਰੇ ਤੇ ਜੇਕਰ ਸੰਗਤ ਹੋਲਾ ਮਹੱਲਾ ਵਿੱਚ ਆਉਣਾ ਚਾਹੁੰਦੀ ਹੈ ਤਾਂ ਕੋਰੋਨਾਵਾਇਰਸ ਸਬੰਧੀ ਦਿੱਤੀਆਂ ਗਈਆਂ ਗਾਈਡਲਾਈਨਾਂ ਤੇ ਸਹੀ ਤਰੀਕੇ ਨਾਲ ਅਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਥਾਨਾਂ 'ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਫਰੀ ਮਾਸਕ ਵੀ ਦਿੱਤੇ ਜਾਣਗੇ ਤਾਂ ਜੋ ਬਗੈਰ ਮਾਸਕ ਮੇਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਮਾਸਕ ਦੇ ਕੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ।
ਦੱਸ ਦਈਏ ਕਿ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੇਪੀ ਸਿੰਘ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨਾਲ ਹੋਲਾ ਮਹੱਲਾ ਬਾਰੇ ਮੀਟਿੰਗ ਕੀਤੀ ਸੀ। ਰਾਣਾ ਕੇਪੀ ਸਿੰਘ ਨੇ ਕਿਹਾ ਸੀ ਕਿ ਇਸ ਵਾਰ ਹੋਲਾ ਮਹੱਲਾ ਵਿਸ਼ੇਸ਼ ਹਾਲਾਤ ਵਿੱਚ ਮਨਾਇਆ ਜਾਵੇਗਾ।
ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਸੀ ਕਿ ਤਿਉਹਾਰ ਮੌਕੇ ਪਹੁੰਚਣ ਤਾਂ ਮਾਸਕ ਦੀ ਵਰਤੋਂ ਕਰਨ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਤਾਂ ਜੋ ਜਿੱਥੇ ਧਾਰਮਿਕ ਆਸਥਾ ਅਨੁਸਾਰ ਗੁਰੂ ਘਰਾਂ ਵਿੱਚ ਨਤਮਸਤਕ ਹੋ ਸਕਣ ਤੇ ਆਪਣੇ ਆਪ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਵੀ ਬਚਾ ਸਕਣ।
ਉਨ੍ਹਾਂ ਵਿਸ਼ੇਸ਼ ਤੌਰ 'ਤੇ ਧਾਰਮਿਕ ਲੀਡਰਾਂ ਨੂੰ ਬੇਨਤੀ ਕੀਤੀ ਸੀ ਕਿ ਸੰਗਤ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਰੱਖਣ ਲਈ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੰਨਣ ਲਈ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸੰਸਥਾਵਾਂ ਨੂੰ ਪ੍ਰਸ਼ਾਸਨ ਵੱਲੋਂ ਬੇਨਤੀ ਕਰਨਗੇ ਕਿ ਲੰਗਰਾਂ ਵਿੱਚ ਸਫਾਈ ਦਾ ਪਹਿਲਾਂ ਨਾਲੋਂ ਵੀ ਵੱਧ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਰੋਨਾ ਨੂੰ ਅੱਗੇ ਵਧਣ ਤੋਂ ਰੋਕਣ ਵਿੱਚ ਅਸੀਂ ਸਾਰੇ ਆਪਣੀ ਬਣਦੀ ਭੂਮਿਕਾ ਨਿਭਾਅ ਸਕੀਏ।
ਇਹ ਵੀ ਪੜ੍ਹੋ: ਟਿਕੈਤ ਨੇ ਰੱਖੀ ਕੇਂਦਰ ਸਾਹਮਣੇ ਸ਼ਰਤ, ਦਿੱਲੀ ਦੇ ਬਾਰਡਰਾਂ ’ਤੇ ਹੀ ਕਿਸਾਨਾਂ ਨੂੰ ਲਾਈ ਜਾਵੇ ਕੋਰੋਨਾ ਵੈਕਸੀਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904