ਦੂਜੇ ਸੂਬਿਆਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਲਿਆਂਦੇ ਜਾ ਰਹੇ ਸੂਰਾਂ ਅਤੇ ਵਪਾਰੀਆਂ ਨੂੰ ਫੜਨ ਲਈ ਪ੍ਰਣਾਲੀ ਨੂੰ ਹੋਰ ਕਰਾਂਗੇ ਮਜ਼ੂਬਤ: ਭੁੱਲਰ
ਸੂਬੇ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਲਿਆਂਦੇ ਜਾ ਰਹੇ ਸੂਰਾਂ ਨਾਲ ਸੂਰ ਪਾਲਕਾਂ ਨੂੰ ਆਰਥਿਕ ਘਾਟਾ ਪੈਣ ਦੇ ਨਾਲ-ਨਾਲ ਸੂਬੇ ਅੰਦਰ ਫ਼ਾਰਮ ਦੇ ਪਾਲਤੂ ਸੂਰਾਂ ਨੂੰ ਜੰਗਲੀ ਸੂਰਾਂ ਦੀ ਆਮਦ ਨਾਲ ਅਫ਼ਰੀਕਨ ਸਵਾਈਨ ਫ਼ੀਵਰ ਜਿਹੀਆਂ ਗੰਭੀਰ ਬੀਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ।
ਚੰਡੀਗੜ੍ਹ: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਵਿੱਚ ਸੂਰ ਮੀਟ ਮਾਰਕੀਟ ਨੂੰ ਪ੍ਰਭਾਵਤ ਕਰ ਰਹੇ ਬਾਹਰਲੇ ਸੂਬਿਆਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਲਿਆਂਦੇ ਜਾ ਰਹੇ ਸੂਰਾਂ ਅਤੇ ਸਬੰਧਤ ਵਪਾਰੀਆਂ ਨੂੰ ਫੜਨ ਲਈ ਪ੍ਰਣਾਲੀ ਨੂੰ ਹੋਰ ਮਜ਼ੂਬਤ ਕੀਤਾ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਰਹੱਦੀ ਪਿੰਡਾਂ ਦੀਆਂ ਸੰਪਰਕ ਸੜਕਾਂ 'ਤੇ ਚੌਕਸੀ ਵਧਾਉਣ ਲਈ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖਿਆ ਜਾਵੇ।
ਇੱਥੇ ਪ੍ਰੋਗਰੈਸਿਵ ਪਿਗਰੀ ਫ਼ਾਰਮਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀਆਂ ਮੁਸ਼ਕਲਾਂ ਸੁਣਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਲਿਆਂਦੇ ਜਾ ਰਹੇ ਸੂਰਾਂ ਨਾਲ ਸੂਰ ਪਾਲਕਾਂ ਨੂੰ ਆਰਥਿਕ ਘਾਟਾ ਪੈਣ ਦੇ ਨਾਲ-ਨਾਲ ਸੂਬੇ ਅੰਦਰ ਫ਼ਾਰਮ ਦੇ ਪਾਲਤੂ ਸੂਰਾਂ ਨੂੰ ਜੰਗਲੀ ਸੂਰਾਂ ਦੀ ਆਮਦ ਨਾਲ ਅਫ਼ਰੀਕਨ ਸਵਾਈਨ ਫ਼ੀਵਰ ਜਿਹੀਆਂ ਗੰਭੀਰ ਬੀਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ।
ਕੈਬਨਿਟ ਮੰਤਰੀ ਨੂੰ ਡਾਇਰੈਕਟਰ ਪਸ਼ੂ ਪਾਲਣ ਡਾ. ਸੁਭਾਸ਼ ਚੰਦਰ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਸੂਬੇ ਵਿੱਚ ਐਂਟਰੀ ਪੁਆਇੰਟਾਂ 'ਤੇ ਚੈਕ ਪੋਸਟਾਂ ਸਥਾਪਤ ਕਰਕੇ ਵੈਟਰਨਰੀ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ, ਜੋ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੀ ਕਾਰਵਾਈ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗ਼ੈਰ-ਕਾਨੂੰਨੀ ਤੌਰ 'ਤੇ ਲਿਆਂਦੇ ਜਾ ਰਹੇ ਸੂਰਾਂ ਅਤੇ ਗ਼ੈਰ-ਕਾਨੂੰਨੀ ਵਪਾਰੀਆਂ ਨੂੰ ਫੜਨ ਲਈ ਸਥਾਪਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖ ਕੇ ਮੁੱਖ ਮਾਰਗਾਂ ਦੀਆਂ ਚੈਕ ਪੋਸਟਾਂ ਦੇ ਨਾਲ-ਨਾਲ ਸਰਹੱਦਾਂ 'ਤੇ ਪੈਂਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਉਪਰ ਵੀ ਚੌਕਸੀ ਵਧਾਈ ਜਾਵੇ ਤਾਂ ਜੋ ਸੂਬੇ ਵਿੱਚ ਸੂਰ ਪਾਲਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।