Weather Update: ਮੌਸਮ ਵਿਭਾਗ ਦਾ ਔਰੇਂਜ ਅਲਰਟ! ਸੜਕਾਂ 'ਤੇ ਕੁਝ ਨਹੀਂ ਦਿੱਸੇਗਾ, 1 ਤੋਂ 6 ਜਨਵਰੀ ਵਿਚਾਲੇ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ
ਪੰਜਾਬ-ਚੰਡੀਗੜ੍ਹ 'ਚ ਮੀਂਹ ਤੋਂ ਬਾਅਦ ਹੁਣ ਅਗਲੇ ਦਿਨੀਂ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ। ਪੰਜਾਬ ਤੇ ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
Punjab Weather Update: ਪੰਜਾਬ-ਚੰਡੀਗੜ੍ਹ 'ਚ ਮੀਂਹ ਤੋਂ ਬਾਅਦ ਹੁਣ ਅਗਲੇ ਦਿਨੀਂ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ। ਪੰਜਾਬ ਤੇ ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੀਤ ਲਹਿਰ ਨੂੰ ਲੈ ਕੇ ਵੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਪੰਜਾਬ ਤੇ ਚੰਡੀਗੜ੍ਹ 'ਚ ਦੋ ਦਿਨ ਸੂਰਜ ਨਾ ਨਿਕਲਣ ਕਰਕੇ ਦਿਨ ਤੇ ਰਾਤ ਦੇ ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਰਿਹਾ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਪਟਿਆਲਾ ਵਿੱਚ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਪਹਾੜਾਂ 'ਚ ਬਰਫਬਾਰੀ ਕਾਰਨ ਠੰਢ ਵਧ ਗਈ ਹੈ। ਇਸ ਲਈ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਤੇ ਮਾਨਸਾ ਵਿੱਚ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਹੇਠਾਂ ਜਾ ਸਕਦੀ ਹੈ। ਧੁੰਦ ਤੇ ਸੀਤ ਲਹਿਰ ਨੂੰ ਲੈ ਕੇ 1 ਜਨਵਰੀ 2025 ਤੱਕ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੈ। ਇਸ ਸਮੇਂ ਪੰਜਾਬ ਦੇ ਆਲੇ-ਦੁਆਲੇ ਦੋ ਚੱਕਰਵਾਤੀ ਹਵਾਵਾਂ ਦੇ ਖੇਤਰ ਵੇਖਿਆ ਜਾ ਸਕਦਾ ਹੈ। ਇੱਕ ਪਾਕਿਸਤਾਨ ਵਿੱਚ ਜੰਮੂ-ਕਸ਼ਮੀਰ ਦੇ ਨੇੜੇ ਹੈ ਤੇ ਦੂਜਾ ਹਰਿਆਣਾ ਵਿੱਚ ਹੈ। ਇਸ ਤੋਂ ਇਲਾਵਾ ਗੁਜਰਾਤ ਤੋਂ ਲੈ ਕੇ ਪੰਜਾਬ ਤੱਕ ਇੱਕ ਟਰਫ ਐਕਟਿਵ ਹੈ। ਇਹੀ ਕਾਰਨ ਹੈ ਕਿ ਪੰਜਾਬ ਤੇ ਹਰਿਆਣਾ 'ਚ ਬਾਰਸ਼ ਦੇਖਣ ਨੂੰ ਮਿਲੀ। ਪਹਾੜਾਂ 'ਤੇ ਵੀ ਬਰਫ਼ਬਾਰੀ ਜਾਰੀ ਹੈ।
ਮੌਸਮ ਵਿਭਾਗ ਮੁਤਾਬਕ ਦਸੰਬਰ ਦੇ ਆਖਰੀ ਦਿਨਾਂ 'ਚ ਚੰਡੀਗੜ੍ਹ, ਪੰਜਾਬ ਤੇ ਹਰਿਆਣਾ 'ਚ ਬਾਰਸ਼ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਹੁਣ 1 ਤੋਂ 6 ਜਨਵਰੀ ਦਰਮਿਆਨ ਦੋ ਨਵੇਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਹੇ ਹਨ ਜਿਨ੍ਹਾਂ ਦਾ ਅਸਰ ਪੱਛਮੀ ਹਿਮਾਲੀਅਨ ਰੇਂਜ 'ਤੇ ਦੇਖਣ ਨੂੰ ਮਿਲੇਗਾ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਮੈਦਾਨੀ ਇਲਾਕਿਆਂ 'ਚ ਵੀ ਬਾਰਸ਼ ਹੋ ਸਕਦੀ ਹੈ ਜਿਸ ਤੋਂ ਬਾਅਦ ਪੰਜਾਬ-ਚੰਡੀਗੜ੍ਹ 'ਚ ਇੱਕ ਵਾਰ ਫਿਰ ਤਾਪਮਾਨ ਡਿੱਗਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਦਸੰਬਰ ਮਹੀਨੇ ਵਿੱਚ 26.6 ਮਿਲੀਮੀਟਰ ਬਾਰਸ਼ ਹੋਈ ਜਦੋਂਕਿ 28 ਦਸੰਬਰ ਨੂੰ ਪੰਜਾਬ ਵਿੱਚ ਔਸਤਨ 19.9 ਮਿਲੀਮੀਟਰ ਮੀਂਹ ਪਿਆ। ਜਨਵਰੀ ਦੇ ਸ਼ੁਰੂ ਵਿੱਚ ਵੀ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਮੀਂਹ ਤੋਂ ਬਾਅਦ ਕਿਸਾਨ ਖੁਸ਼ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਫ਼ਸਲਾਂ ਲਈ ਲਾਹੇਵੰਦ ਹੈ। ਇਸ ਨਾਲ ਕਣਕ ਦੀ ਫ਼ਸਲ ਦਾ ਆਕਾਰ ਵਧੇਗਾ ਜਦੋਂਕਿ ਪਿਛਲੇ ਸਾਲ ਫਸਲ ਦੇ ਛੋਟੇ ਆਕਾਰ ਕਾਰਨ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪਿਆ ਸੀ।