Weather Update: ਮਾਨਸੂਨ ਦੇ ਆਉਂਦਿਆਂ ਹੀ ਹੜ੍ਹਾਂ ਨੇ ਮੱਚਾਈ ਤਬਾਹੀ! ਹੁਣ ਪੰਜਾਬ ਤੇ ਹਰਿਆਣਾ ਦੀ ਵਾਰੀ
ਮਾਨਸੂਨ ਨੇ ਆਉਂਦਿਆਂ ਹੀ ਤਬਾਹੀ ਮਚਾ ਦਿੱਤੀ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਹੁਣ ਪੰਜਾਬ ਤੇ ਹਰਿਆਣਾ ਦੀ ਵਾਰੀ ਹੈ। ਅਗਲੇ ਦਿਨੀਂ ਦੋਵਾਂ ਸੂਬਿਆਂ ਅੰਦਰ ਭਾਰੀ ਬਾਰਸ਼ ਪਵੇਗੀ।

Weather Update: ਮਾਨਸੂਨ ਨੇ ਆਉਂਦਿਆਂ ਹੀ ਤਬਾਹੀ ਮਚਾ ਦਿੱਤੀ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਹੁਣ ਪੰਜਾਬ ਤੇ ਹਰਿਆਣਾ ਦੀ ਵਾਰੀ ਹੈ। ਅਗਲੇ ਦਿਨੀਂ ਦੋਵਾਂ ਸੂਬਿਆਂ ਅੰਦਰ ਭਾਰੀ ਬਾਰਸ਼ ਪਵੇਗੀ। ਹਿਮਾਚਲ ਤੇ ਗੁਜਰਾਤ ਵਿੱਚ ਬਾਰਸ਼ ਨੇ ਕਾਫੀ ਤਬਾਹੀ ਮਚਾਈ ਹੈ। ਗੁਜਰਾਤ ਦੇ ਅਹਿਮਦਾਬਾਦ ਵਿੱਚ ਪਿਛਲੇ 12 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਅਹਿਮਦਾਬਾਦ ਸ਼ਹਿਰ ਵਿੱਚ ਹੜ੍ਹ ਵਰਗੀ ਸਥਿਤੀ ਹੈ।
ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਦੀਆਂ 5 ਘਟਨਾਵਾਂ ਵਾਪਰੀਆਂ। ਇਸ ਕਾਰਨ ਅਚਾਨਕ ਆਏ ਹੜ੍ਹ ਵਿੱਚ ਕਈ ਲੋਕ ਵਹਿ ਗਏ ਸਨ। ਇਨ੍ਹਾਂ ਵਿੱਚੋਂ 2 ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਦੇ ਨਾਲ ਹੀ ਕੁੱਲੂ ਵਿੱਚ 2 ਹਜ਼ਾਰ ਸੈਲਾਨੀ ਫਸੇ ਹੋਏ ਹਨ। ਡੈਮ ਤੋਂ ਪਾਣੀ ਛੱਡਣ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਰਾਜਸਥਾਨ ਵਿੱਚ ਮਾਨਸੂਨ ਦੀ ਬਾਰਸ਼ ਜਾਰੀ ਹੈ।
ਉਧਰ, ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਦਰਮਿਆਨ ਅਗਲੇ 24 ਘੰਟਿਆਂ ਵਿੱਚ ਸ਼ਿਮਲਾ, ਮੰਡੀ, ਕਾਂਗੜਾ, ਸਿਰਮੌਰ ਤੇ ਚੰਬਾ ਜ਼ਿਲ੍ਹਿਆਂ ਦੇ ਨਦੀਆਂ ਨਾਲਿਆਂ ਤੇ ਨੇੜਲੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਹਿਮਾਚਲ ਦੇ ਕਾਂਗੜਾ ਤੇ ਕੁੱਲੂ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹਾਂ ਤੋਂ ਬਾਅਦ ਲਾਪਤਾ ਹੋਏ 10 ਲੋਕਾਂ ਦਾ ਪਤਾ ਲਾਉਣ ਲਈ ਖੋਜ ਕਾਰਜ ਤੇਜ਼ ਕਰ ਦਿੱਤੇ ਗਏ ਹਨ ਜਦੋਂਕਿ ਕੁਝ ਨੂੰ ਬਚਾ ਲਿਆ ਗਿਆ ਹੈ।
ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਰੀਬ 20 ਲੋਕਾਂ ਦੇ ਰੁੜ੍ਹ ਜਾਣ ਦਾ ਖਦਸ਼ਾ ਹੈ। ਹਾਲਾਂਕਿ ਕੁਝ ਲਾਪਤਾ ਲੋਕਾਂ ਨੂੰ ਬਚਾ ਲਿਆ ਗਿਆ ਹੈ। ਕਾਂਗੜਾ ਵਿੱਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿਚ ਬੁੱਧਵਾਰ ਸ਼ਾਮ ਨੂੰ ਖਨਿਆਰਾ ਪਿੰਡ ਨੇੜੇ ਇੰਦਰਾ ਪ੍ਰਿਯਦਰਸ਼ਨੀ ਪਣ-ਬਿਜਲੀ ਪ੍ਰੋਜੈਕਟ ’ਤੇ ਕੰਮ ਕਰ ਰਹੇ ਮਜ਼ਦੂਰ ਵਹਿ ਗਏ। ਅੱਠ ਮਜ਼ਦੂਰ ਲਾਪਤਾ ਹਨ ਅਤੇ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਸਥਾਨਕ ਪ੍ਰਸ਼ਾਸਨ ਵੱਲੋਂ 170 ਤੋਂ ਵੱਧ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਨ੍ਹਾਂ ਦੇ ਰੈਣ ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ। ਡਰੋਨ ਦੀ ਮਦਦ ਨਾਲ ਬਚਾਅ ਕਾਰਜ ਵੀਰਵਾਰ ਨੂੰ ਵੀ ਜਾਰੀ ਰਹੇ। ਨੇੜਲੇ ਜੰਗਲਾਂ ਵਿੱਚ ਇੱਕ ਮਜ਼ਦੂਰ ਅਜੇ ਵੀ ਲਾਪਤਾ ਹੈ। ਅਧਿਕਾਰੀਆਂ ਨੇ ਜਿੱਥੇ ਇਸ ਨੂੰ ਕੁਦਰਤੀ ਆਫ਼ਤ ਦੱਸਿਆ, ਉਥੇ ਕੁਝ ਮਜ਼ਦੂਰਾਂ ਨੇ ਇਸ ਦੁਖਾਂਤ ਲਈ ਗੈਰ-ਕਾਨੂੰਨੀ ਮਾਈਨਿੰਗ ਅਤੇ ਨਾਲੇ ਨੇੜੇ ਅਸੁਰੱਖਿਅਤ ਰੈਣ ਬਸੇਰੇ ਨੂੰ ਜ਼ਿੰਮੇਵਾਰ ਦੱਸਿਆ।
ਕੁੱਲੂ ਜ਼ਿਲ੍ਹੇ ਦੇ ਰੇਹਲਾ ਬਿਹਾਲ ਵਿਚ ਤਿੰਨ ਵਿਅਕਤੀ, ਜੋ ਆਪਣੇ ਘਰਾਂ ਤੋਂ ਕੀਮਤੀ ਸਮਾਨ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਹੜ੍ਹ ਵਿੱਚ ਵਹਿ ਗਏ ਸਨ, ਅਜੇ ਵੀ ਲਾਪਤਾ ਹਨ। ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਅਦ, ਸੂਬਾਈ ਆਫ਼ਤ ਰਿਸਪਾਂਸ ਫੋਰਸ (SDRF) ਦੀਆਂ ਦੋ ਟੀਮਾਂ ਅਤੇ ਹੋਮ ਗਾਰਡਾਂ ਦੀ ਇੱਕ ਟੀਮ ਨੂੰ ਮੌਕੇ ’ਤੇ ਤਾਇਨਾਤ ਕੀਤਾ ਹੈ। ਕੌਮੀ ਆਫ਼ਤ ਰਿਸਪਾਂਸ ਫੋਰਸ (NDRF) ਨੂੰ ਵੀ ਬਚਾਅ ਕਾਰਜਾਂ ਲਈ ਬੁਲਾਇਆ ਗਿਆ ਹੈ।
ਪਣਬਿਜਲੀ ਪ੍ਰੋਜੈਕਟ ਵਾਲੀ ਥਾਂ ’ਤੇ ਛੇ ਲੋਕਾਂ ਦੇ ਹੜ੍ਹ ਵਿੱਚ ਰੁੜ੍ਹਨ ਦਾ ਖਦਸ਼ਾ ਹੈ ਜਦੋਂ ਕਿ ਇੱਕ ਵਿਅਕਤੀ ਆਪਣੇ ਆਪ ਨੂੰ ਬਚਾਉਣ ਲਈ ਨੇੜਲੀ ਪਹਾੜੀ ਵੱਲ ਭੱਜਦਾ ਦੇਖਿਆ ਗਿਆ। ਡੀਸੀ ਨੇ ਕਿਹਾ ਕਿ ਉਸ ਦੇ ਟਿਕਾਣੇ ਬਾਰੇ ਅਜੇ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਕੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਜਦੋਂਕਿ ਖੋਜ ਅਤੇ ਬਚਾਅ ਕਾਰਜ ਪਹਿਲੀ ਤਰਜੀਹ ਹਨ। ਲਾਪਤਾ ਲੋਕਾਂ ਵਿਚੋਂ ਕੁਝ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਅਤੇ ਚੰਬਾ ਖੇਤਰਾਂ ਤੋਂ ਹਨ ਅਤੇ ਕੁਝ ਉੱਤਰ ਪ੍ਰਦੇਸ਼ ਤੋਂ ਹਨ।






















