Wheat Price in Punjab: ਪੂਰੇ ਮੁਲਕ ਨੂੰ ਰੋਟੀਆਂ ਖੁਵਾਉਣ ਵਾਲੇ ਪੰਜਾਬ 'ਚ ਮੁੱਕੀ ਕਣਕ, ਆਟੇ ਲਈ ਮੱਚੀ ਹਾਹਾਕਾਰ
ਪੂਰੇ ਮੁਲਕ ਨੂੰ ਰੋਟੀਆਂ ਖੁਵਾਉਣ ਵਾਲੇ ਪੰਜਾਬ ਵਿੱਚ ਕਣਕ ਮੁੱਕਣ ਲੱਗੀ ਹੈ। ਸੂਬੇ ਉਪਰ ਇਨ੍ਹੀਂ ਦਿਨੀਂ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਣਕ ਦੀ ਕਮੀ ਕਾਰਨ ਜ਼ਿਆਦਾਤਰ ਆਟਾ ਮਿੱਲਾਂ ਬੰਦ ਹੋ ਗਈਆਂ ਹਨ।
Wheat Price in Punjab: ਪੂਰੇ ਮੁਲਕ ਨੂੰ ਰੋਟੀਆਂ ਖੁਵਾਉਣ ਵਾਲੇ ਪੰਜਾਬ ਵਿੱਚ ਕਣਕ ਮੁੱਕਣ ਲੱਗੀ ਹੈ। ਸੂਬੇ ਉਪਰ ਇਨ੍ਹੀਂ ਦਿਨੀਂ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਣਕ ਦੀ ਕਮੀ ਕਾਰਨ ਜ਼ਿਆਦਾਤਰ ਆਟਾ ਮਿੱਲਾਂ ਬੰਦ ਹੋ ਗਈਆਂ ਹਨ। ਇਹੀ ਕਾਰਨ ਹੈ ਕਿ ਆਟੇ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਹੁਣ ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਤੋਂ ਦਖਲ ਮੰਗਿਆ ਗਿਆ ਹੈ।
ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਘਈ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਕਣਕ ਆਉਣ ਤੋਂ ਬਹੁਤ ਪਹਿਲਾਂ ਹੀ ਪੰਜਾਬ ਵਿੱਚ ਕਣਕ ਦੀ ਘਾਟ ਸ਼ੁਰੂ ਹੋ ਗਈ ਸੀ। ਇਸ ਕਾਰਨ ਆਟੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਫਸੀਆਈ ਵੱਲੋਂ ਸੂਬਿਆਂ ਨੂੰ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਟੈਂਡਰ ਨਾ ਹੋਣ ਕਾਰਨ ਦੇਰੀ ਹੋਈ ਹੈ। ਕਿਸੇ ਕੋਲ ਵੀ ਸਟਾਕ ਨਹੀਂ ਹੈ ਜਿਸ ਕਾਰਨ ਪੰਜਾਬ ਵਿੱਚ ਆਟੇ ਦੀ ਘਾਟ ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਆਟਾ ਮਿੱਲਾਂ ਵਿੱਚ ਕੰਮ ਠੱਪ ਹੋ ਗਿਆ ਹੈ। ਮਿੱਲ ਚਾਲਕਾਂ ਕੋਲ ਕਣਕ ਦਾ ਸਟਾਕ ਨਹੀਂ ਹੈ। ਨਰੇਸ਼ ਘਈ ਨੇ ਕਿਹਾ ਕਿ ਕੱਲ੍ਹ ਲਗਾਏ ਗਏ ਟੈਂਡਰਾਂ ਵਿੱਚ ਰੇਟ 3,200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਜਦੋਂਕਿ ਕਣਕ ਦਾ ਸਰਕਾਰੀ ਰੇਟ 2,325 ਰੁਪਏ ਪ੍ਰਤੀ ਕੁਇੰਟਲ ਹੈ। ਭਾਰਤੀ ਖੁਰਾਕ ਨਿਗਮ (FCI) ਰਾਹੀਂ ਮਿੱਲਾਂ ਤੱਕ ਪਹੁੰਚਣ ਵਾਲੀ ਸਸਤੀ ਕਣਕ ਦੀ ਸਪਲਾਈ ਰੁਕ ਗਈ ਹੈ।
ਚੇਅਰਮੈਨ ਘਈ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਗਪਗ 262 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ। ਲਗਪਗ 123 ਲੱਖ ਮੀਟ੍ਰਿਕ ਟਨ ਕਣਕ ਜੋ ਲਗਪਗ 45 ਪ੍ਰਤੀਸ਼ਤ ਬਣਦੀ ਹੈ, ਇਕੱਲੇ ਪੰਜਾਬ ਤੋਂ ਖਰੀਦੀ ਗਈ ਸੀ। ਹੁਣ ਹਾਲਾਤ ਇਹ ਹਨ ਕਿ ਪੰਜਾਬ ਦੀਆਂ ਆਟਾ ਮਿੱਲਾਂ ਕੋਲ ਸਿਰਫ਼ 6 ਮਹੀਨਿਆਂ ਦਾ ਸਟਾਕ ਹੈ। ਸਟਾਕ ਰੋਜ਼ਾਨਾ ਪੋਰਟਲ 'ਤੇ ਅਪਲੋਡ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਕਣਕ ਅਪ੍ਰੈਲ ਵਿੱਚ ਪੰਜਾਬ ਆਵੇਗੀ ਪਰ ਤਿੰਨ ਮਹੀਨੇ ਪਹਿਲਾਂ ਸਟਾਕ ਖਤਮ ਹੋਣ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ। ਕੁਝ ਦਿਨ ਪਹਿਲਾਂ ਸਾਨੂੰ ਹਰਿਆਣਾ ਤੇ ਰਾਜਸਥਾਨ ਤੋਂ ਕਣਕ ਮਿਲੀ ਸੀ, ਹੁਣ ਉੱਥੇ ਵੀ ਕੋਈ ਸਟਾਕ ਨਹੀਂ ਹੈ। ਜੇਕਰ ਕੇਂਦਰ ਸਰਕਾਰ ਜਲਦੀ ਕਾਰਵਾਈ ਨਹੀਂ ਕਰਦੀ ਤਾਂ ਆਟੇ ਦੀ ਕੀਮਤ ਕਾਫ਼ੀ ਵੱਧ ਸਕਦੀ ਹੈ।
ਚੇਅਰਮੈਨ ਘਈ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਪ੍ਰਚੂਨ ਬਾਜ਼ਾਰ ਵਿੱਚ ਆਟੇ ਦੀ ਕੀਮਤ ਦਸ ਰੁਪਏ ਪ੍ਰਤੀ ਕਿਲੋਗ੍ਰਾਮ ਵਧ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ ਬਰੈੱਡ ਵੀ ਮਹਿੰਗੀਆਂ ਹੋ ਸਕਦੀਆਂ ਹਨ। ਜੇਕਰ ਆਟੇ ਦੀਆਂ ਕੀਮਤਾਂ ਨੂੰ ਜਲਦੀ ਕਾਬੂ ਨਾ ਕੀਤਾ ਗਿਆ ਤਾਂ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।