Gangster Lawrence Bishnoi: ਲਾਰੈਂਸ ਬਿਸ਼ਨੋਈ ਦਾ ਅਜੇ ਤੱਕ ਕਿਉਂ ਨਹੀਂ ਹੋਇਆ ਐਨਕਾਉਂਟਰ? ਗੈਂਗਸਟਰ ਨੂੰ 5 ਵਾਰ ਗ੍ਰਿਫਤਾਰ ਕਰਨ ਵਾਲੇ ਸਾਬਕਾ ਇੰਸਪੈਕਟਰ ਦਾ ਵੱਡਾ ਖੁਲਾਸਾ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲਾ ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਮਹਾਰਾਸ਼ਟਰ 'ਚ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੜ ਸੁਰਖੀਆਂ ਵਿੱਚ
Gangster Lawrence Bishnoi: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲਾ ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਮਹਾਰਾਸ਼ਟਰ ਵਿੱਚ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੜ ਸੁਰਖੀਆਂ ਵਿੱਚ ਹੈ। ਇਨ੍ਹੀਂ ਦਿਨੀਂ ਲਾਰੈਂਸ ਦੇ ਗੈਂਗ ਦਾ ਖੌਫ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਮੁੰਬਈ ਦੀਆਂ ਸੜਕਾਂ ਤੱਕ ਫੈਲਿਆ ਹੋਇਆ ਹੈ। ਅਜਿਹੇ ਵਿੱਚ ਲਾਰੈਂਸ ਬਿਸ਼ਨੋਈ ਹੁਣ ਭਾਰਤ ਦੇ ਸਭ ਤੋਂ ਬਦਨਾਮ ਗੈਂਗਸਟਰਾਂ ਵਿੱਚੋਂ ਇੱਕ ਬਣ ਗਿਆ ਹੈ।
ਇਸੇ ਦੌਰਾਨ ਐਨਡੀਟੀਵੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੰਜ ਵਾਰ ਗ੍ਰਿਫ਼ਤਾਰ ਕਰਨ ਵਾਲੇ ਚੰਡੀਗੜ੍ਹ ਦੇ ਸਾਬਕਾ ਇੰਸਪੈਕਟਰ ਅਮਨਜੋਤ ਸਿੰਘ ਨੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਜੋ ਕਦੇ ਕਾਲਜ ਦਾ ਵਿਦਿਆਰਥੀ ਸੀ ਤੇ ਕੈਂਪਸ ਦੀ ਰਾਜਨੀਤੀ ਵਿੱਚ ਸ਼ਾਮਲ ਸੀ, ਅੱਜ ਇੰਨਾ ਵੱਡਾ ਗੈਂਗਸਟਰ ਕਿਵੇਂ ਬਣ ਗਿਆ? ਅਸਲ ਵਿੱਚ, ਬਿਸ਼ਨੋਈ ਦਾ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕੈਂਪਸ ਦੀ ਰਾਜਨੀਤੀ ਨਾਲ ਸ਼ੁਰੂ ਹੋਇਆ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ, ਉਸ ਨੇ ਨਾ ਸਿਰਫ ਗਰੋਹ ਦੀਆਂ ਕਾਰਵਾਈਆਂ ਦਾ ਵਿਸਥਾਰ ਕੀਤਾ, ਬਲਕਿ ਵਹਿਸ਼ੀਆਨਾ ਕਤਲਾਂ ਤੋਂ ਲੈ ਕੇ ਫਿਰੌਤੀ ਰੈਕੇਟ ਤੇ ਹਥਿਆਰਾਂ ਦੀ ਤਸਕਰੀ ਤੱਕ ਹਰ ਚੀਜ਼ ਦੇ ਪਿੱਛੇ ਮਾਸਟਰਮਾਈਂਡ ਦੀ ਭੂਮਿਕਾ ਵੀ ਨਿਭਾਈ।
ਲਾਰੈਂਸ ਨੂੰ ਪਹਿਲੀ ਵਾਰ ਕਦੋਂ ਤੇ ਕਿਉਂ ਗ੍ਰਿਫਤਾਰ ਕੀਤਾ ਗਿਆ ਸੀ?
ਸਾਬਕਾ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਇਹ ਸਾਲ 2010-11 ਦੀ ਗੱਲ ਹੈ। ਲਾਰੈਂਸ ਗਰੁੱਪ ਦੀ ਜਥੇਬੰਦੀ SOPU ਹੁੰਦੀ ਸੀ, ਜਿਸ ਦਾ ਪ੍ਰਧਾਨ ਵਿੱਕੀ ਮਿੱਡੂਖੇੜਾ ਲੜਾਈ-ਝਗੜੇ ਕਾਰਨ ਹਿਰਾਸਤ ਵਿੱਚ ਸੀ। ਇਸ ਦੌਰਾਨ ਲਾਰੈਂਸ ਨੇ ਚੰਡੀਗੜ੍ਹ ਦੇ ਸੈਕਟਰ-11 ਦੇ ਬਾਹਰ ਵਿਰੋਧੀ ਧਿਰ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ ਉਹ ਇੱਕ ਦਿਨ ਹਿਰਾਸਤ ਵਿੱਚ ਰਿਹਾ ਤੇ ਫਿਰ 12-13 ਦਿਨ ਨਿਆਂਇਕ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਬਾਹਰ ਆ ਗਿਆ।
ਸਾਬਕਾ ਇੰਸਪੈਕਟਰ ਨੇ ਦੱਸਿਆ ਕਿ ਜਦੋਂ ਲਾਰੈਂਸ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੀ ਸਲਮਾਨ ਖਾਨ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਸਮੇਂ ਉਹ ਵਿਦਿਆਰਥੀ ਰਾਜਨੀਤੀ ਕਰਕੇ ਹੀ ਉਸ ਦੀ ਪਾਰਟੀ ਜੋ ਵੀ ਕਹਿੰਦੀ ਸੀ, ਉਹੀ ਕਰਦਾ ਸੀ। ਉਹ ਉਸ ਸਮੇਂ ਛੋਟੇ ਬੱਚੇ ਵਾਂਗ ਸੀ। ਪੁਲਿਸ ਵੱਲੋਂ ਫੜੇ ਜਾਣ 'ਤੇ ਉਹ ਕਦੇ ਅੰਕਲ ਕਹਿੰਦਾ, ਕਦੇ ਭਰਾ ਤੇ ਕਦੇ ਸਰ ਕਹਿ ਕੇ ਬੁਲਾਉਂਦਾ ਸੀ। ਹਾਲਾਂਕਿ ਜਦੋਂ ਉਹ ਕਈ ਵਾਰ ਜੇਲ੍ਹ ਗਿਆ ਤਾਂ ਉਸ ਵਿੱਚ ਤੇਜ਼ੀ ਨਾਲ ਬਦਲਾਅ ਆਇਆ ਤੇ ਉਸ ਦੇ ਲਿੰਕ ਵੀ ਵਧ ਗਏ।
ਵਿਦਿਆਰਥੀ ਰਾਜਨੀਤੀ ਕਰਨ ਵਾਲਾ ਮੁੰਡਾ ਗੈਂਗਸਟਰ ਕਿਵੇਂ ਬਣਿਆ?
ਸਾਬਕਾ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ, "ਲਾਰੈਂਸ ਉਸ ਸਮੇਂ ਆਪਣੇ ਪਿੰਡ ਤੋਂ ਚੰਡੀਗੜ੍ਹ ਆਇਆ ਸੀ। ਅਜਿਹੇ 'ਚ ਉਸ ਨੂੰ ਲੱਗਾ ਕਿ ਉਹ ਚੰਗਾ ਦਿਖਾਈ ਦੇਵੇ, ਪਰ ਉਸ ਸਮੇਂ ਉਸ ਨੂੰ ਬ੍ਰਾਂਡੇਡ ਕੱਪੜੇ ਪਾਉਣ ਦਾ ਸ਼ੌਕ ਨਹੀਂ ਸੀ। ਜਦੋਂ ਉਹ 5-6 ਵਾਰ ਜੇਲ੍ਹ ਗਿਆ ਤਾਂ ਉਸ ਦੇ ਕੱਪੜਿਆਂ ਵਿੱਚ ਕੁਝ ਬਦਲਾਅ ਆਏ। ਜੇਲ੍ਹ ਵਿੱਚ ਕੁਝ ਅਜਿਹੇ ਕੈਦੀਆਂ ਨਾਲ ਵੀ ਮਿਲਿਆ ਜਿਨ੍ਹਾਂ ਨੇ ਬਹੁਤ ਵੱਡੇ ਅਪਰਾਧ ਕੀਤੇ ਸਨ।"
ਅਮਨਜੋਤ ਸਿੰਘ ਨੇ ਅੱਗੇ ਕਿਹਾ, "ਉਨ੍ਹਾਂ ਨੂੰ ਲੱਗਿਆ ਕਿ ਇਸ ਲੜਕੇ ਵਿੱਚ ਕੋਈ ਗੱਲ ਹੈ। ਉਸ ਸਮੇਂ, ਉਹ ਲਗਾਤਾਰ 5-6 ਵਾਰ ਜੇਲ੍ਹ ਜਾ ਚੁੱਕਾ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਕਰ ਲਿਆ, ਕਿਉਂਕਿ ਉਹ ਜਾਣਦੇ ਸਨ ਕਿ ਉਹ ਛੋਟੇ-ਮੋਟੇ ਕੇਸ ਵਿੱਚ ਅੰਦਰ ਆਇਆ ਹੈ ਤੇ ਉਸ ਨੂੰ ਜ਼ਮਾਨਤ ਜ਼ਰੂਰ ਮਿਲ ਜਾਏਗੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਛੋਟੇ-ਮੋਟੇ ਕੰਮ ਦੇਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਅਪਰਾਧ ਜਗਤ ਵਿੱਚ ਉਸ ਦਾ ਰੁਤਬਾ ਵਧਣ ਲੱਗਾ।
ਲਾਰੈਂਸ ਨੂੰ ਸ਼ੁਰੂ ਵਿੱਚ ਕਿਸ ਗੈਂਗਸਟਰ ਦਾ ਸਮਰਥਨ ਮਿਲਿਆ?
ਸਾਬਕਾ ਇੰਸਪੈਕਟਰ ਨੇ ਦੱਸਿਆ ਕਿ ਜਦੋਂ ਲਾਰੈਂਸ ਜੇਲ੍ਹ ਗਿਆ ਤਾਂ ਉਸ ਦੀ ਮੁਲਾਕਾਤ ਰਣਜੀਤ ਸਿੰਘ ਡੁਪਲਾ ਨਾਲ ਹੋਈ। ਰਣਜੀਤ ਉਸ ਸਮੇਂ ਜਸਵਿੰਦਰ ਸਿੰਘ ਰੌਕੀ ਦਾ ਕਰੀਬੀ ਸੀ। ਉਹ ਹੀ ਸੀ ਜਿਸ ਨੇ ਉਸ ਨੂੰ ਰੌਕੀ ਨਾਲ ਮਿਲਾਇਆ। ਰੌਕੀ ਮੁਖਤਾਰ ਅੰਸਾਰੀ ਗਰੁੱਪ ਨਾਲ ਜੁੜਿਆ ਹੋਇਆ ਸੀ ਤੇ ਵੱਡਾ ਗੈਂਗਸਟਰ ਸੀ। ਇਸ ਤੋਂ ਬਾਅਦ ਰੌਕੀ ਲਾਰੈਂਸ ਨੂੰ ਆਪਣੇ ਨਾਲ ਲੈ ਗਿਆ।
ਉਨ੍ਹਾਂ ਦੱਸਿਆ ਕਿ ਰੌਕੀ ਫ਼ਿਰੋਜ਼ਪੁਰ ਦੇ ਫ਼ਾਜ਼ਿਲਕਾ ਦਾ ਰਹਿਣ ਵਾਲਾ ਸੀ ਤੇ ਲਾਰੈਂਸ ਅਬੋਹਰ ਦਾ ਰਹਿਣ ਵਾਲਾ ਸੀ। ਅਜਿਹੇ 'ਚ ਪਿੰਡ ਨੇੜੇ ਹੋਣ ਕਾਰਨ ਦੋਵੇਂ ਕਲੋਜ ਹੋ ਗਏ। ਇਸ ਸਮੇਂ ਦੌਰਾਨ ਲਾਰੈਂਸ ਨੇ ਅਪਰਾਧ ਦੀ ਦੁਨੀਆ ਨੂੰ ਨੇੜਿਓਂ ਸਮਝਿਆ ਤੇ ਅੱਗੇ ਵਧਦਾ ਰਿਹਾ। ਇਸ ਤੋਂ ਬਾਅਦ ਉਸ ਨੇ ਜਸਵਿੰਦਰ ਸਿੰਘ ਰੌਕੀ (ਰੌਕੀ ਫਾਜ਼ਿਲਕਾ) ਨੂੰ ਆਪਣਾ ਗੁਰੂ ਬਣਾ ਸਿਆ।
ਗੋਲਡੀ ਬਰਾੜ ਨੂੰ ਕਦੋਂ ਮਿਲਿਆ?
ਸਾਬਕਾ ਇੰਸਪੈਕਟਰ ਨੇ ਦੱਸਿਆ ਕਿ ਲਾਰੈਂਸ ਦਾ ਗੋਲਡੀ ਬਰਾੜ ਨਾਲ ਕੋਈ ਸਬੰਧ ਨਹੀਂ ਸੀ। ਉਹ ਵੀ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਤੇ ਸਾਰੇ ਇਕੱਠੇ ਸਨ। ਗੋਲਡੀ ਦੇ ਚਚੇਰਾ ਭਰਾ ਗੁਰਲਾਲ ਦਾ ਕਤਲ ਹੋਇਆ ਤਾਂ ਗੋਲਡੀ ਬਦਲਾ ਲੈਣ ਲਈ ਅੱਗੇ ਆਇਆ। ਗੋਲਡੀ ਪਹਿਲਾਂ ਹੀ ਲਾਰੈਂਸ ਨੂੰ ਜਾਣਦਾ ਸੀ ਤੇ ਫਿਰ ਦੋਵਾਂ ਦੀ ਮੁਲਾਕਾਤ ਹੋਈ। ਇਸ ਤਰ੍ਹਾਂ ਇਹ ਲੋਕ ਵਿਦਿਆਰਥੀ ਰਾਜਨੀਤੀ ਤੋਂ ਗੈਂਗਸਟਰ ਬਣ ਗਏ ਤੇ ਫਿਰ ਕਦੇ ਵਾਪਸ ਨਹੀਂ ਪਰਤੇ।
ਲਾਰੈਂਸ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦਾ ਸੀ?
ਅਮਨਜੋਤ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਉਹ ਕੁਝ ਵੀ ਨਹੀਂ ਸੀ, ਸਧਾਰਨ ਜਿਹਾ ਮੁੰਡਾ ਸੀ ਪਰ ਜਦੋਂ 5ਵੀਂ-6ਵੀਂ ਵਾਰ ਲਾਰੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਯਕੀਨਨ ਕਹਿਣ ਲੱਗਾ ਕਿ ਹੁਣ 7-8 ਰਾਜਾਂ ਦੀ ਪੁਲਿਸ ਮੇਰੀ ਤਲਾਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਡੁਪਲਾ ਸ਼ੁਰੂਆਤੀ ਦਿਨਾਂ 'ਚ ਲਾਰੈਂਸ ਨੂੰ ਹਥਿਆਰ ਸਪਲਾਈ ਕਰਦਾ ਸੀ। ਹਾਲਾਂਕਿ ਹੁਣ ਰਣਜੀਤ ਅਮਰੀਕਾ ਭੱਜ ਗਿਆ ਹੈ।
ਕੀ ਕਦੇ ਤੁਹਾਡੇ ਮਨ ਵਿੱਚ ਲਾਰੈਂਸ ਦੇ ਐਨਕਾਊਂਟਰ ਦਾ ਸਵਾਲ ਆਇਆ?
ਸਾਬਕਾ ਇੰਸਪੈਕਟਰ ਨੇ ਕਿਹਾ ਕਿ ਸਾਡੇ ਪੁਲਿਸ ਵਿਭਾਗ ਦੀਆਂ ਕੁਝ ਸੀਮਾਵਾਂ ਹਨ। ਸਾਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ। ਉਹ ਦਾਇਰਾ ਇਹ ਹੈ ਕਿ ਜੇਕਰ ਕੋਈ ਵਿਅਕਤੀ ਜੁਰਮ ਕਰਦਾ ਹੈ ਤਾਂ ਅਸੀਂ ਉਸ ਨੂੰ ਜੇਲ੍ਹ ਭੇਜ ਦਿੰਦੇ ਹਾਂ? ਹੁਣ ਉਸ ਤੋਂ ਬਾਅਦ ਕੋਰਟ ਹੈ, ਪਰ ਉਸ ਦੀ ਵੀ ਆਪਣੀ ਸੀਮਾ ਹੈ, ਉਹ ਵੀ ਲੋਕਾਂ ਨੂੰ ਫਾਂਸੀ ਨਹੀਂ ਦੇ ਸਕਦੀ ਕਿਉਂਕਿ ਦੇਸ਼ ਵਿੱਚ ਇੱਕ ਕਾਨੂੰਨ ਹੈ। ਅਸੀਂ ਆਪਣਾ ਕੰਮ ਕਰ ਦਿੱਤਾ। ਸਾਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ। ਜੇ ਕਿਸੇ ਦੀ ਜਾਨ ਲੈਂਦੇ ਹਾਂ ਤਾਂ ਅਸੀਂ ਵੀ ਜੁਰਮ ਦੇ ਘੇਰੇ ਵਿਚ ਆ ਜਾਵਾਂਗੇ ਤੇ ਜੇਲ੍ਹ ਜਾਵਾਂਗੇ।
ਕੀ ਲਾਰੈਂਸ ਨੇ ਕਦੇ ਕਿਸੇ ਨੂੰ ਮਾਰਿਆ ਹੈ?
ਉਨ੍ਹਾਂ ਨੇ ਕਿਹਾ ਕਿ ਲਾਰੈਂਸ ਨੇ ਕਈ ਲੜਾਈਆਂ ਕੀਤੀਆਂ ਤੇ ਗੋਲੀਆਂ ਚਲਾਈਆਂ ਹਨ, ਪਰ ਉਸ ਨੇ ਅਜੇ ਤੱਕ ਕਿਸੇ ਨੂੰ ਨਹੀਂ ਮਾਰਿਆ।
ਸਿੱਧੂ ਮੂਸੇਵਾਲਾ ਨੂੰ ਕਿਉਂ ਮਾਰਿਆ?
ਅਮਨਜੋਤ ਸਿੰਘ ਨੇ ਦੱਸਿਆ ਕਿ ਜਦੋਂ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਤਾਂ ਉਸ ਨੂੰ ਲੱਗਾ ਸੀ ਕਿ ਇਸ ਕਤਲ ਪਿੱਛੇ ਸਿੱਧੂ ਮੂਸੇਵਾਲਾ ਦਾ ਹੱਥ ਹੈ। ਨਾਲ ਹੀ, ਲਾਰੈਂਸ ਤੇ ਵਿੱਕੀ ਦੀ ਨੇੜਤਾ ਕਾਰਨ ਲੋਕ ਇਹ ਵੀ ਕਹਿਣ ਲੱਗੇ ਕਿ ਇੰਨਾ ਵੱਡਾ ਗੈਂਗਸਟਰ ਬਣ ਕੇ ਵੀ ਕੀ ਕੀਤਾ। ਹੁਣ ਲਾਰੈਂਸ 'ਤੇ ਬਦਲਾ ਲੈਣ ਦਾ ਦਬਾਅ ਸੀ ਤੇ ਆਖਰਕਾਰ ਉਸ ਨੇ ਬਦਲਾ ਲੈ ਲਿਆ।
ਲਾਰੈਂਸ ਨੇ ਜੇਲ੍ਹ ਵਿੱਚ ਕਿਵੇਂ ਬਣਾਇਆ ਨੈੱਟਵਰਕ?
ਲਾਰੈਂਸ ਕਈ ਰਾਜਾਂ ਵਿੱਚ ਜੇਲ੍ਹ ਜਾ ਚੁੱਕਾ ਹੈ। ਉਹ 8-9 ਸਾਲਾਂ ਤੋਂ ਜੇਲ੍ਹ ਵਿੱਚ ਹੈ। ਉਸ ਨੂੰ ਜੇਲ੍ਹ ਤੋਂ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਹਰ ਜੇਲ੍ਹ ਵਿੱਚ ਹੋਣ ਕਾਰਨ ਹੁਣ ਇਸ ਦਾ ਨੈੱਟਵਰਕ ਇੰਨਾ ਮਜ਼ਬੂਤ ਹੋ ਗਿਆ ਹੈ ਕਿ ਹਰ ਸ਼ਹਿਰ ਵਿੱਚ ਇਸ ਦਾ ਕੋਈ ਨਾ ਕੋਈ ਬੰਦਾ ਹੈ। ਇਸ ਤੋਂ ਇਲਾਵਾ ਉਹ ਇਹ ਵੀ ਚਾਹੁੰਦਾ ਹੈ ਕਿ ਹਰ ਸ਼ਹਿਰ ਵਿੱਚ ਉਸ ਦਾ ਆਦਮੀ ਹੋਵੇ, ਤਾਂ ਜੋ ਉਹ ਆਪਣਾ ਕੰਮ ਕਰਵਾਉਣ ਲਈ ਰੇਕੀ ਕਰਵਾ ਸਕੇ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਦਾ ਅਸਲੀ ਨਾਂ ਬਲਕਰਨ ਬਰਾੜ ਉਰਫ ਬੱਲੂ ਹੈ। ਲਾਰੈਂਸ ਦਾ ਜਨਮ 12 ਫਰਵਰੀ 1990 ਨੂੰ ਫ਼ਿਰੋਜ਼ਪੁਰ, ਪੰਜਾਬ ਵਿੱਚ ਹੋਇਆ ਸੀ। ਉਸ ਦੇ ਪਿਤਾ ਪੰਜਾਬ ਪੁਲਿਸ ਵਿੱਚ ਸਨ।