PMFBY: ਹੜ੍ਹਾਂ ਕਾਰਨ ਨੁਕਸਾਨੀ ਫਸਲ ਦਾ PMFBY ਤਹਿਤ ਮਿਲੇਗਾ ਮੁਆਵਜ਼ਾ? ਜਾਣ ਲਵੋ ਸਰਕਾਰੀ ਯੋਜਨਾ ਦੀਆਂ ਸ਼ਰਤਾਂ
PM Fasal Bima Yojana: ਬਾਰਸ਼ ਨੇ ਦੇਸ਼ ਭਰ ਵਿੱਚ ਤਬਾਹੀ ਮੱਚਾਈ ਹੋਈ ਹੈ। ਪੰਜਾਬ ਤੇ ਹਰਿਆਣਾ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਆਏ ਹੋਏ ਹਨ। ਫਸਲਾਂ ਦਾ ਵੱਡੇ ਪੱਧਰ ਉਪਰ ਨੁਕਾਸਨ ਹੋਇਆ ਹੈ।

PM Fasal Bima Yojana: ਬਾਰਸ਼ ਨੇ ਦੇਸ਼ ਭਰ ਵਿੱਚ ਤਬਾਹੀ ਮੱਚਾਈ ਹੋਈ ਹੈ। ਪੰਜਾਬ ਤੇ ਹਰਿਆਣਾ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਆਏ ਹੋਏ ਹਨ। ਫਸਲਾਂ ਦਾ ਵੱਡੇ ਪੱਧਰ ਉਪਰ ਨੁਕਾਸਨ ਹੋਇਆ ਹੈ।
ਸੂਬਾ ਸਰਕਾਰਾਂ ਵਿਸ਼ੇਸ਼ ਗਿਰਦਾਵਰੀ ਕਰਵਾ ਰਹੀਆਂ ਹਨ ਤਾਂ ਜੋ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਅਜਿਹੇ ਵਿੱਚ ਸਵਾਲ ਕੀਤਾ ਜਾ ਰਿਹਾ ਹੈ ਕਿ ਕੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਵੀ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਮਿਲੇਗਾ।
ਦਰਅਸਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਲਈ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਤੇ ਮਹੱਤਵਪੂਰਨ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦੀ ਸਥਿਤੀ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਬਹੁਤ ਸਾਰੇ ਕਿਸਾਨ ਇਸ ਗੱਲ ਤੋਂ ਜਾਣੂ ਨਹੀਂ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾਂਦੀ।
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਉਣੀ ਸੀਜ਼ਨ ਵਿੱਚ ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਆਮ ਨਾਲੋਂ ਵੱਧ ਬਾਰਸ਼ ਹੋਈ ਹੈ। ਅਜਿਹੀ ਸਥਿਤੀ ਵਿੱਚ ਲਗਪਗ ਹਰ ਰਾਜ ਵਿੱਚ ਬਹੁਤ ਵੱਡੇ ਖੇਤਰ ਵਿੱਚ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਲਈ ਕਿਸਾਨਾਂ ਦੀ ਫਸਲ ਬਰਬਾਦ ਹੋਣ ਤੋਂ ਬਾਅਦ ਇੱਕੋ ਇੱਕ ਸਹਾਇਤਾ ਫਸਲ ਬੀਮਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY) ਕੁਦਰਤੀ ਆਫ਼ਤਾਂ ਤੇ ਕੀੜਿਆਂ ਜਾਂ ਬਿਮਾਰੀਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ ਪਰ ਇਸ ਲਈ ਬਹੁਤ ਸਾਰੀਆਂ ਸ਼ਰਤਾਂ ਵੀ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸ ਤਰ੍ਹਾਂ ਦੇ ਫਸਲਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾਂਦੀ।
ਗੈਰ-ਕੁਦਰਤੀ ਕਾਰਨਾਂ ਕਰਕੇ ਨੁਕਸਾਨ
ਜੇਕਰ ਤੁਹਾਡੀ ਫਸਲ ਕਿਸੇ ਗੈਰ-ਕੁਦਰਤੀ ਕਾਰਨ ਕਰਕੇ ਨੁਕਸਾਨੀ ਜਾਂਦੀ ਹੈ ਤਾਂ ਇਸ ਦਾ ਮੁਆਵਜ਼ਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਨਹੀਂ ਦਿੱਤਾ ਜਾਵੇਗਾ। ਜਿਵੇਂ ਖੇਤ ਵਿੱਚ ਮਨੁੱਖੀ ਗਲਤੀ ਕਾਰਨ ਅੱਗ ਲੱਗਣਾ ਜਾਂ ਫਸਲ ਦੀ ਸਿੰਚਾਈ ਨਾ ਕਰਨਾ, ਕਿਸੇ ਹੋਰ ਕਿਸਾਨ ਦੀ ਲਾਪ੍ਰਵਾਹੀ ਕਾਰਨ ਫਸਲ ਨੂੰ ਨੁਕਸਾਨ ਪਹੁੰਚਣਾ ਆਦਿ। ਇਸ ਤੋਂ ਇਲਾਵਾ ਜੇਕਰ ਨਦੀਨਾਂ ਦੀ ਰੋਕਥਾਮ ਜਾਂ ਖਾਦ ਸਮੇਂ ਸਿਰ ਫਸਲ ਨੂੰ ਨਹੀਂ ਦਿੱਤੀ ਜਾਂਦੀ ਤੇ ਇਸ ਕਾਰਨ ਫਸਲ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਸ ਲਈ ਵੀ ਬੀਮਾ ਉਪਲਬਧ ਨਹੀਂ ਹੋਵੇਗਾ। ਇਸ ਦੇ ਨਾਲ ਹੀ ਜੇਕਰ ਖਾਦ ਜਾਂ ਕੋਈ ਦਵਾਈ ਗਲਤ ਮਾਤਰਾ ਵਿੱਚ ਪਾਈ ਜਾਂਦੀ ਹੈ ਤਾਂ ਬੀਮਾ ਕਲੇਮ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਇਲਾਵਾ ਨਕਲੀ ਬੀਜ, ਨਕਲੀ ਖਾਦ ਜਾਂ ਗਲਤ ਬੀਜ ਤੇ ਗਲਤ ਬੀਜ ਦਰ ਦੀ ਵਰਤੋਂ ਕਰਨ ਕਰਕੇ ਹੋਏ ਨੁਕਸਾਨ ਲਈ ਵੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਮੁਆਵਜ਼ਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਜੇਕਰ ਫਸਲ ਜਾਨਵਰਾਂ ਦੇ ਹਮਲੇ ਜਿਵੇਂ ਅਵਾਰਾ ਜਾਨਵਰ, ਨੀਲ ਗਾਂ, ਸੂਰ, ਪੰਛੀ ਤੇ ਕੀੜੇ-ਮਕੌੜਿਆਂ ਕਾਰਨ ਨੁਕਸਾਨੀ ਜਾਂਦੀ ਹੈ, ਤਾਂ ਇਸ ਲਈ ਵੀ ਮੁਆਵਜ਼ਾ ਉਪਲਬਧ ਨਹੀਂ ਹੋਵੇਗਾ।
ਵਾਢੀ ਤੇ ਸਟੋਰੇਜ ਕਾਰਨ ਨੁਕਸਾਨ
ਜੇਕਰ ਕੋਈ ਕਿਸਾਨ ਆਪਣੀ ਫ਼ਸਲ ਦੀ ਕਟਾਈ ਕਰਕੇ ਖੇਤ ਤੋਂ ਬਾਹਰ ਲੈ ਗਿਆ ਹੈ ਤੇ ਉਪਜ ਨੂੰ ਘਰ ਲਿਜਾਣ ਤੋਂ ਬਾਅਦ ਗੋਦਾਮ ਵਿੱਚ ਸਟੋਰ ਕਰਨ ਤੋਂ ਬਾਅਦ ਜਾਂ ਇਸ ਨੂੰ ਮੰਡੀ ਵਿੱਚ ਲਿਜਾਣ ਵੇਲੇ, ਜੇਕਰ ਉਪਜ ਖਰਾਬ ਹੋ ਜਾਂਦੀ ਹੈ ਤਾਂ ਇਸ ਦਾ ਕਲੇਮ ਵੀ ਫ਼ਸਲ ਬੀਮਾ ਤਹਿਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਜੇਕਰ ਉਪਜ ਨੂੰ ਸਟੋਰੇਜ ਦੌਰਾਨ ਚੂਹਿਆਂ ਜਾਂ ਕੀੜੇ-ਮਕੌੜਿਆਂ ਜਾਂ ਭੂੰਡੀਆਂ ਤੇ ਸੁੰਡੀਆਂ ਦੁਆਰਾ ਨੁਕਸਾਨ ਪਹੁੰਚਾਇਆ ਜਾਂਦਾ ਹੈ। ਫਸਲ ਵਿੱਚ ਨਮੀ ਆ ਜਾਂਦੀ ਹੈ ਜਾਂ ਫਸਲ ਦੇ ਭੰਡਾਰਨ ਦੌਰਾਨ ਕੋਈ ਹੋਰ ਕਾਰਨ ਹੁੰਦਾ ਹੈ ਤਾਂ ਉਸ ਲਈ ਵੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਕਿਸਾਨ ਨੇ ਫ਼ਸਲ ਦੀ ਕਟਾਈ ਕੀਤੀ ਹੈ ਤੇ ਪੂਰੀ ਫ਼ਸਲ ਨੂੰ ਖੇਤ ਵਿੱਚ ਥਰੈਸ਼ਿੰਗ ਲਈ ਰੱਖਿਆ ਹੈ ਤਾਂ ਜੇਕਰ ਇਹ ਫ਼ਸਲ ਵਾਢੀ ਤੋਂ ਬਾਅਦ 14 ਦਿਨਾਂ ਤੱਕ ਖੇਤ ਵਿੱਚ ਰੱਖੀ ਜਾਂਦੀ ਹੈ ਤਾਂ ਮੀਂਹ/ਗੜੇਮਾਰੀ ਜਾਂ ਤੂਫ਼ਾਨ ਕਾਰਨ ਨੁਕਸਾਨ ਹੋ ਜਾਂਦਾ ਹੈ ਤਾਂ ਇਸ ਸਥਿਤੀ ਵਿੱਚ ਬੀਮਾ ਕਲੇਮ ਲਿਆ ਜਾ ਸਕਦਾ ਹੈ। ਬਾਜ਼ਾਰ ਜਾਂ ਬਾਜ਼ਾਰ ਕੀਮਤ ਨਾਲ ਸਬੰਧਤ ਨੁਕਸਾਨ ਵੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਕਵਰ ਨਹੀਂ ਕੀਤੇ ਜਾਂਦੇ।
ਭਾਵ ਜੇਕਰ ਕਿਸੇ ਵੀ ਫ਼ਸਲ ਦੀ ਕੀਮਤ ਮੰਡੀ ਵਿੱਚ ਬਹੁਤ ਘੱਟ ਜਾਂਦੀ ਹੈ ਤੇ ਕਿਸਾਨ ਨੂੰ ਭਾਰੀ ਨੁਕਸਾਨ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਇਸ ਦਾ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਭਾਵੇਂ ਬਾਜ਼ਾਰ ਵਿੱਚ ਮਿਲਣ ਵਾਲੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਹੋਵੇ ਤਾਂ ਫਿਰ ਵੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਇਸ ਦੀ ਭਰਪਾਈ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਨਾਲ ਹੋਣ ਵਾਲੇ ਨਿੱਜੀ ਹਾਦਸੇ ਇਸ ਯੋਜਨਾ ਅਧੀਨ ਨਹੀਂ ਆਉਂਦੇ। ਜਿਵੇਂ ਖੇਤੀ ਦੌਰਾਨ ਗੰਭੀਰ ਸੱਟ ਜਾਂ ਮੌਤ ਦਾ ਸ਼ਿਕਾਰ ਹੋਣਾ ਆਦਿ।





















