ਵਰ੍ਹਦੇ ਮੀਂਹ ਤੇ ਬਿਜਲੀ ਕੜਕਦੇ ਸਮੇਂ ਨਾ ਖਿੱਚੋ ਸੈਲਫ਼ੀ, ਜਾ ਸਕਦੀ ਜਾਨ
ਕੀ ਤੁਹਾਨੂੰ ਪਤਾ ਹੈ ਕਿ ਵਰ੍ਹਦੇ ਮੀਂਹ ਅਤੇ ਅਸਮਾਨੀ ਬਿਜਲੀ ਚਮਕਦੇ ਤੇ ਗਰਜਦੇ ਸਮੇਂ ਸੈਲਫੀ ਲੈਣਾ ਤੁਹਾਡੀ ਜਾਨ ਵੀ ਲੈ ਸਕਦਾ ਹੈ। ਦਰਅਸਲ ਮੋਬਾਈਲ ਬਲਾਸਟ ਦਾ ਇੱਕ ਕਾਰਣ ਆਕਾਸ਼ੀ ਬਿਜਲੀ ਵੀ ਹੈ।
ਨਵੀਂ ਦਿੱਲੀ: ਅੱਜ ਕੱਲ੍ਹ, ਸਮਾਰਟਫੋਨ ਨੇ ਲੋਕਾਂ ਦਾ ਜੀਵਨ ਬਹੁਤ ਅਸਾਨ ਬਣਾ ਦਿੱਤਾ ਹੈ। ਉਨ੍ਹਾਂ ਦੇ ਬਹੁਤ ਸਾਰੇ ਕੰਮ ਇੱਕੋ ਫੋਨ ਨਾਲ ਇਕੋ ਸਮੇਂ ਹੋ ਜਾਂਦੇ ਹਨ। ਅੱਜ ਦੇ ਜੁੱਗ ਵਿੱਚ, ਇਹ ਸਮਾਰਟਫ਼ੋਨ ਇੱਕ ਵੱਡੀ ਜ਼ਰੂਰਤ ਬਣ ਚੁੱਕਾ ਹੈ। ਬਹੁਤ ਸਾਰੇ ਲੋਕ ਇਸ ਦੇ ਨਾਲ ਆਪਣਾ ਮਹੱਤਵਪੂਰਨ ਕੰਮ ਕਰਦੇ ਹਨ, ਜਦਕਿ ਕੁਝ ਇਸ ਦੇ ਕੈਮਰੇ ਨਾਲ ਫੋਟੋਆਂ ਖਿੱਚਣੀਆਂ ਪਸੰਦ ਕਰਦੇ ਹਨ। ਅੱਜ-ਕੱਲ੍ਹ ਫੋਨ ਤੋਂ ਸੈਲਫੀ ਲੈਣਾ ਵੀ ਰੁਝਾਨ ਬਣ ਗਿਆ ਹੈ ਪਰ ਬਹੁਤ ਸਾਰੇ ਲੋਕ ਸੈਲਫੀ ਲੈਣ ਦੀ ਪ੍ਰਕਿਰਿਆ ਵਿੱਚ ਆਪਣੀ ਜਾਨ ਵੀ ਗੁਆ ਦਿੰਦੇ ਹਨ।
ਮੀਂਹ ਵਿੱਚ ਸੈਲਫੀ ਲੈਣਾ ਹੋ ਸਕਦਾ ਖ਼ਤਰਨਾਕ
ਕੀ ਤੁਹਾਨੂੰ ਪਤਾ ਹੈ ਕਿ ਵਰ੍ਹਦੇ ਮੀਂਹ ਅਤੇ ਅਸਮਾਨੀ ਬਿਜਲੀ ਚਮਕਦੇ ਤੇ ਗਰਜਦੇ ਸਮੇਂ ਸੈਲਫੀ ਲੈਣਾ ਤੁਹਾਡੀ ਜਾਨ ਵੀ ਲੈ ਸਕਦਾ ਹੈ। ਦਰਅਸਲ ਮੋਬਾਈਲ ਬਲਾਸਟ ਦਾ ਇੱਕ ਕਾਰਣ ਆਕਾਸ਼ੀ ਬਿਜਲੀ ਵੀ ਹੈ। ਬਾਰਸ਼ ਤੇ ਬਿਜਲੀ ਦੀਆਂ ਲਪਟਾਂ ਸਮਾਰਟਫੋਨ ਨੂੰ ਬੰਬ ਵਾਂਗ ਖਤਰਨਾਕ ਤੇ ਵਿਸਫੋਟਕ ਬਣਾਉਂਦੀਆਂ ਹਨ। ਦਰਅਸਲ, ਮੋਬਾਈਲ ਦਾ ਇਲੈਕਟ੍ਰੋਮੈਗਨੈਟਿਕ ਫੀਲਡ ਅਸਮਾਨੀ ਬਿਜਲੀ ਨੂੰ ਆਪਣੇ ਵੱਲ ਖਿੱਚਦਾ ਹੈ; ਜਿਸ ਕਾਰਨ ਬਿਜਲੀ ਡਿੱਗਣ ਦਾ ਖ਼ਤਰਾ ਵਧ ਜਾਂਦਾ ਹੈ।
ਫੋਨ ਦੀਆਂ ਲਹਿਰਾਂ ਖਿੱਚਦੀਆਂ ਅਸਮਾਨੀ ਬਿਜਲੀ
ਮਾਹਿਰਾਂ ਅਨੁਸਾਰ, ਜਦੋਂ ਬਾਰਸ਼ ਹੋ ਰਹੀ ਹੈ ਜਾਂ ਬਿਜਲੀ ਗਰਜ ਰਹੀ ਹੈ, ਤਾਂ ਜੇ ਤੁਸੀਂ ਕਿਸੇ ਖੁੱਲ੍ਹੀ ਜਗ੍ਹਾ 'ਤੇ ਫੋਨ ਦੀ ਵਰਤੋਂ ਕਰ ਰਹੇ ਹੋ ਜਾਂ ਇਸ ਨਾਲ ਸੈਲਫੀ ਲੈ ਰਹੇ ਹੋ, ਤਾਂ ਉਸ ਸਮੇਂ ਬਿਜਲੀ ਡਿੱਗਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਵੇਂ ਇਸ ਸਮੇਂ ਦੌਰਾਨ ਫੋਨ ਬੰਦ ਕੀਤਾ ਜਾਵੇ ਤਾਂ ਵੀ ਇਹ ਖ਼ਤਰਾ ਬਣਿਆ ਰਹਿੰਦਾ ਹੈ ਕਿਉਂਕਿ ਫੋਨ ਵਿਚ ਇਲੈਕਟ੍ਰੋਮੈਗਨੈਟਿਕ ਤਰੰਗਾਂ ਹੁੰਦੀਆਂ ਹਨ ਜੋ ਬਿਜਲੀ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ।
ਜੈਪੁਰ 'ਚ ਸੈਲਫੀ ਲੈਂਦੇ ਹੋਏ ਲੋਕਾਂ' ’ਤੇ ਡਿੱਗੀ ਬਿਜਲੀ
ਜੈਪੁਰ ਵਿੱਚ ਕੱਲ੍ਹ ਐਤਵਾਰ ਨੂੰ ਹੀ ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਸ਼ ਦੌਰਾਨ ਆਮੇਰ ਮਹਿਲ ਵਿੱਚ ਬਣੇ ਵਾਚ ਟਾਵਰ ਉੱਤੇ ਬਿਜਲੀ ਡਿੱਗ ਪਈ ਸੀ ਜਿਸ ਕਾਰਨ ਉਥੇ ਮੌਜੂਦ 35 ਤੋਂ ਵੱਧ ਸੈਲਾਨੀ ਇਸ ਵਿਚ ਫਸ ਗਏ। ਖਬਰਾਂ ਅਨੁਸਾਰ, ਇਹ ਸਾਰੇ ਲੋਕ ਭਾਰੀ ਬਾਰਸ਼ ਵਿੱਚ ਫੋਨਾਂ ਤੋਂ ਸੈਲਫੀ ਲੈ ਰਹੇ ਸਨ। ਫਿਰ ਅਚਾਨਕ ਉਨ੍ਹਾਂ ਉੱਤੇ ਬਿਜਲੀ ਡਿੱਗ ਪਈ। ਕਈ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।