ਜਰਮਨੀ ਜਾਣ ਲਈ ਨੌਜਵਾਨ ਨੇ ਗੌਰੀ ਨਾਲ ਕਰਵਾਇਆ ਸੀ ਵਿਆਹ, ਪੈਸੇ ਵੀ ਗਏ ਤੇ ਗੌਰੀ ਵੀ ਨਹੀਂ ਪਰਤੀ
ਮਾਮਲਾ ਗੁਰਦਾਸਪੁਰ ਦਾ ਹੈ, ਜਿਥੇ ਵਿਕਰਾਂਤ ਨਾਂ ਦੇ ਇਕ ਨੌਜਵਾਨ ਨੇ ਆਪਣੇ ਜਰਮਨੀ ਰਹਿੰਦੇ ਰਿਸ਼ਤੇਦਾਰਾਂ ਦੀਆਂ ਗੱਲਾਂ ਵਿਚ ਆ ਕੇ ਜਰਮਨੀ ਜਾਣ ਲਈ ਇਕ ਗੌਰੀ ਨਾਲ ਕੰਟਰੈਕਟ ਮੈਰਿਜ ਕਰਵਾ ਲਈ ਅਤੇ ਲੱਖਾਂ ਰੁਪਏ ਵੀ ਖਰਚ ਕਰ ਦਿੱਤੇ।
ਗੁਰਦਾਸਪੁਰ: ਵਿਦੇਸ਼ ਜਾ ਕੇ ਪੈਸੇ ਕਮਾਉਣ ਦੇ ਚਾਹ ਵਿੱਚ ਪੰਜਾਬੀ ਨੌਜਵਾਨਾਂ ਨਾਲ ਹੋਈਆਂ ਠੱਗੀਆਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦਾ ਹੈ, ਜਿਥੇ ਵਿਕਰਾਂਤ ਨਾਂ ਦੇ ਇਕ ਨੌਜਵਾਨ ਨੇ ਆਪਣੇ ਜਰਮਨੀ ਰਹਿੰਦੇ ਰਿਸ਼ਤੇਦਾਰਾਂ ਦੀਆਂ ਗੱਲਾਂ ਵਿਚ ਆ ਕੇ ਜਰਮਨੀ ਜਾਣ ਲਈ ਇਕ ਗੌਰੀ ਨਾਲ ਕੰਟਰੈਕਟ ਮੈਰਿਜ ਕਰਵਾ ਲਈ ਅਤੇ ਲੱਖਾਂ ਰੁਪਏ ਵੀ ਖਰਚ ਕਰ ਦਿੱਤੇ। ਪਰ ਹੁਣ ਆਪਣੇ ਪੈਸੇ ਵਾਪਿਸ ਪਾਉਣ ਲਈ ਉਹ ਪੁਲਿਸ ਥਾਣਿਆਂ ਵਿੱਚ ਧੱਕੇ ਖਾ ਰਿਹਾ ਹੈ ਜਦਕਿ ਨੌਜਵਾਨਾਂ ਅਨੁਸਾਰ ਗੌਰੀ ਨਾਲ ਤਲਾਕ ਕਰਵਾਉਣ ਲਈ ਵੀ ਉਸ ਤੋਂ ਪੈਸੇ ਮੰਗੇ ਜਾ ਰਹੇ ਹਨ।
ਵਿਕਰਾਂਤ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਜੋ ਜਰਮਨੀ ਵਿੱਚ ਰਹਿੰਦੇ ਹਨ ਉਨ੍ਹਾਂ ਨੇ ਉਸ ਦੇ ਭਰਾ ਜੋ ਕਿ ਇਰਾਕ ਵਿਚ ਕੰਮ ਕਰਦਾ ਸੀ ਨੂੰ ਕਿਹਾ ਕਿ ਉਸ ਦੇ ਛੋਟੇ ਭਰਾ ਵਿਕਰਾਂਤ ਨੂੰ ਅਸੀਂ ਜਰਮਨੀ ਸੈਟਲ ਕਰਵਾ ਦਿੰਦੇ ਹਾਂ। ਇਸ ਦੇ ਲਈ ਉਸ ਨੂੰ ਇੱਕ ਗੌਰੀ ਨਾਲ ਕੰਟਰੈਕਟ ਮੈਰਿਜ ਕਰਵਾਉਣੀ ਹੋਵੇਗੀ। ਜੋ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਇੱਕ ਕੁੜੀ ਦੀ ਸਹੇਲੀ ਸੀ। ਬਦਲੇ ਵਿੱਚ 22 ਲੱਖ ਰੁਪਏ ਮੰਗੇ ਗਏ ਜਿਨ੍ਹਾਂ ਵਿੱਚੋਂ ਅੱਧੇ ਯਾਨੀ 11 ਲੱਖ ਵਿਕਰਾਂਤ ਨੂੰ ਜਰਮਨੀ ਪਹੁੰਚ ਕੇ ਦੇਣੇ ਪੈਣਗੇ ਜਦਕਿ ਬਾਕੀ ਦੇ ਪੈਸੇ ਉਸ ਨੂੰ ਹੌਲੀ-ਹੌਲੀ ਕਰਕੇ ਤਿੰਨ ਸਾਲਾਂ ਵਿਚ ਗੌਰੀ ਨੂੰ ਆਪ ਜਰਮਨੀ ਵਿਚ ਕਮਾਕੇ ਦੇਣੇ ਹਨ ਅਤੇ ਤਿੰਨ ਸਾਲਾਂ ਵਿਚ ਉਹ ਦੋਵੇਂ ਆਪਸੀ ਸਹਿਮਤੀ ਨਾਲ ਤਲਾਕ ਲੈ ਲੈਣਗੇ।
ਵਿਕਰਾਂਤ ਅਨੁਸਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਸ ਕੋਲੋਂ ਲਗਭਗ 12 ਲੱਖ ਰੁਪਏ ਜਰਮਨੀ ਪਹੁੰਚਣ ਤੋਂ ਪਹਿਲਾਂ ਹੀ ਲੈ ਲਏ ਜਦਕਿ ਗੌਰੀ ਜੋ ਤਿੰਨ ਵਾਰ ਭਾਰਤ ਆਈ ਅਤੇ ਉਸਦੀ ਟਿਕਟ ਅਤੇ ਰਹਿਣ ਦਾ ਸਾਰਾ ਖਰਚਾ ਵੀ ਵਿਕਰਾਂਤ ਨੇ ਹੀ ਕੀਤਾ। ਵਿਕਰਾਂਤ ਅਨੁਸਾਰ ਇਸ ਤਰ੍ਹਾਂ ਉਸ ਨੇ ਲਗਭਗ 18 ਲੱਖ ਰੁਪਏ ਖਰਚ ਕਰ ਦਿੱਤੇ ਜੋ ਕਿ ਉਸ ਦੇ ਭਰਾ ਅਤੇ ਪਿਤਾ ਜੀ ਨੇ ਬੜੇ ਯਤਨਾਂ ਨਾਲ ਥੋੜੇ ਥੋੜੇ ਕਰਕੇ ਜੋੜੇ ਸਨ। ਵਿਕਰਾਂਤ ਨੇ ਵਿਆਹ ਦਾ ਸਰਟੀਫਿਕੇਟ ਅਤੇ ਫੋਟੋਆਂ ਦਿਖਾਉਦੇ ਹੋਏ ਦੱਸਿਆ ਕਿ ਗੌਰੀ ਨੇ ਭਾਰਤ ਆ ਕੇ ਉਸ ਨਾਲ ਵਿਆਹ ਕਰਵਾ ਲਿਆ।
ਇਸ ਤੋਂ ਬਾਅਦ ਗੌਰੀ ਨੂੰ ਤਿੰਨ ਵਾਰ ਅੰਬੈਸੀ ਵੱਲੋਂ ਭਾਰਤ ਬੁਲਾਇਆ ਗਿਆ ਪਰ ਦੋ ਵਾਰ ਉਹ ਬਹਾਨੇ ਬਣਾ ਕੇ ਨਹੀਂ ਆਈ। ਤੀਸਰੀ ਵਾਰ ਉਹ ਆਈ ਪਰ ਉਨ੍ਹਾਂ ਦੀ ਮੈਰੀਜ ਨੂੰ ਸ਼ੱਕੀ ਕਰਾਰ ਦੇ ਕੇ ਵਿਕਰਾਂਤ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ। ਗੌਰੀ ਵਾਪਸ ਚਲੀ ਗਈ ਅਤੇ ਵਿਕਰਾਂਤ ਭਾਰਤ ਹੀ ਰਹਿ ਗਿਆ। ਇਸ ਤੋਂ ਬਾਅਦ ਜਦ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਮੇਮ ਪਾਸੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਗੌਰੀ ਨੇ ਉਸ ਦਾ ਮੁਬਾਇਲ ਨੰਬਰ ਅਤੇ ਸੋਸ਼ਲ ਮੀਡੀਆ 'ਤੇ ਉਸਦੇ ਅਕਾਊਂਟ ਹਰ ਪਾਸੋਂ ਬਲਾਕ ਕਰ ਦਿੱਤੇ।
ਵਿਕਰਾਂਤ ਅਨੁਸਾਰ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਉਸ ਨੇ ਵੀ ਐਨਆਰਆਈ ਥਾਣੇ ਅਤੇ ਐਸਐਸਪੀ ਗੁਰਦਾਸਪੁਰ ਅੱਗੇ ਕੀਤੀ ਹੈ। ਕਹਾਣੀ ਦਾ ਦੂਸਰਾ ਪਹਿਲੂ ਕੀ ਹੈ ਇਹ ਤਾਂ ਇਨਕੁਆਰੀ ਤੋਂ ਬਾਅਦ ਵੀ ਸਾਹਮਣੇ ਆ ਸਕਦਾ ਹੈ ਕਿਉਂਕਿ ਜਿਨ੍ਹਾਂ ਰਿਸ਼ਤੇਦਾਰਾਂ ਉੱਪਰ ਵਿਕਰਾਂਤ ਦੋਸ਼ ਲਗਾ ਰਿਹਾ ਹੈ ਉਹ ਸਾਰੇ ਜਰਮਨੀ ਵਿੱਚ ਰਹਿੰਦੇ ਹਨ। ਪਰ ਇਹ ਗੱਲ ਤਾਂ ਸਾਫ ਹੈ ਕਿ ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਜਾ ਕੇ ਪੈਸੇ ਕਮਾਉਣ ਦਾ ਮੋਹ ਉਨ੍ਹਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਵਿਚ ਵੀ ਪਾ ਰਿਹਾ ਹੈ।