WHO chief on Covid19: Olympics ਦੌਰਾਨ ਹੀ ਲੱਖਾਂ ਨੂੰ ਮਾਰ ਦੇਵੇਗਾ ਕੋਰੋਨਾ
ਡਾ. ਟੇਡ੍ਰੋਸ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਵਿਸ਼ਵ ਪੱਧਰ ‘ਤੇ 75% ਕੋਰੋਨਾ ਰੋਕੂ ਟੀਕੇ ਸਿਰਫ 10 ਦੇਸ਼ਾਂ ਵਿੱਚ ਹੀ ਲੱਗੇ ਹਨ। 40 ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਦੇ ਭੇਂਟ ਚੜ੍ਹ ਚੁੱਕੇ ਹਨ ਅਤੇ ਅੰਕੜਾ ਵਧਦਾ ਜਾ ਰਿਹਾ ਹੈ।
ਟੋਕੀਓ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਦੁਨੀਆ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਹੁਣ ਤੋਂ ਲੈ ਕੇ ਓਲੰਪਿਕ ਖੇਡਾਂ ਦੇ ਸੰਪੰਨ ਹੋਣ ਤੱਕ ਇੱਕ ਲੱਖ ਲੋਕਾਂ ਦੀ ਜਾਨ ਕੋਰੋਨਾਵਾਇਰਸ ਕਰਕੇ ਜਾ ਸਕਦੀ ਹੈ।
ਡਬਲਿਊ ਐਚ ਓ ਦੇ ਮੁਖੀ ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਕੌਮਾਂਤਰੀ ਓਲੰਪਿਕ ਕਮੇਟੀ (IOC) ਨਾਲ ਟੋਕੀਓ ਵਿੱਚ ਬੈਠਕ ਦੌਰਾਨ ਦੱਸਿਆ ਕਿ ਇਹ ਮਹਾਮਾਰੀ ਪ੍ਰੀਖਿਆ ਦੀ ਘੜੀ ਹੈ ਅਤੇ ਪੂਰਾ ਵਿਸ਼ਵ ਇਸ ਵਿੱਚ ਫੇਲ੍ਹ ਸਾਬਤ ਹੋ ਰਿਹਾ ਹੈ। ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਇੱਥੋਂ ਤੱਕ ਆਖਿਆ ਕਿ ਜੋ ਵੀ ਆਪਣੇ ਵਤਨ ਵਿੱਚ ਕੋਰੋਨਾ ਦੇ ਘਟਦੇ ਮਾਮਲਿਆਂ ਤੋਂ ਮਹਾਮਾਰੀ ਦੇ ਖ਼ਤਮ ਹੋਣ ਦਾ ਅੰਦਾਜ਼ਾ ਲਾ ਰਿਹਾ ਹੈ, ਉਹ ‘ਮੂਰਖਿਸਤਾਨ’ ਭਾਵ ਮੂਰਖਾਂ ਦੇ ਦੇਸ਼ ਵਿੱਚ ਰਹਿ ਰਿਹਾ ਹੈ।
ਡਾ. ਟੇਡ੍ਰੋਸ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਵਿਸ਼ਵ ਪੱਧਰ ‘ਤੇ 75% ਕੋਰੋਨਾ ਰੋਕੂ ਟੀਕੇ ਸਿਰਫ 10 ਦੇਸ਼ਾਂ ਵਿੱਚ ਹੀ ਲੱਗੇ ਹਨ। ਉਨ੍ਹਾਂ ਆਖਿਆ ਕਿ 40 ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਦੇ ਭੇਂਟ ਚੜ੍ਹ ਚੁੱਕੇ ਹਨ ਅਤੇ ਅੰਕੜਾ ਵਧਦਾ ਜਾ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੌਤਾਂ ਦਾ ਅੰਕੜਾ ਪਹਿਲਾਂ ਹੀ ਦੁੱਗਣਾ ਹੋ ਚੁੱਕਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਸਾਰੇ ਦੇਸ਼ਾਂ ਨੂੰ ਸਾਲ 2022 ਦੇ ਮੱਧ ਤੱਕ ਘੱਟੋ-ਘੱਟ 70% ਲੋਕਾਂ ਦਾ ਟੀਕਾਕਰਨ ਕਰਨ ਦੀ ਅਪੀਲ ਕੀਤੀ ਹੈ। ਕੌਮਾਂਤਰੀ ਸੰਸਥਾ ਦੇ ਮੁਖੀ ਨੇ ਕਿਹਾ ਕਿ ਆਲਮੀ ਪੱਧਰ ‘ਤੇ ਵੈਕਸੀਨ, ਟੈਸਟ ਅਤੇ ਆਕਸੀਜਨ ਦੀ ਘਾਟ ਪੂਰੀ ਕਰਨ ਸਮੇਤ ਹਰ ਕਿਸਮ ਦਾ ਇਲਾਜ ਇੱਕ-ਦੂਜੇ ਨਾਲ ਸਾਂਝਾ ਕਰਨ ਵਿੱਚ ਦੇਸ਼ ਅਸਫਲ ਰਹੇ ਹਨ, ਇਸ ਵਰਤਾਰੇ ਨੇ ਮਹਾਮਾਰੀ ਰੂਪੀ ਅੱਗ ਵਿੱਚ ਘਿਓ ਪਾਉਣ ਵਾਲਾ ਕੰਮ ਕੀਤਾ ਹੈ।
ਉਨ੍ਹਾਂ ਆਸ ਜ਼ਾਹਰ ਕੀਤੀ ਕਿ ‘ਓਲੰਪਿਕ’ ਪੂਰੀ ਦੁਨੀਆਂ ਨੂੰ ਜੋੜਨ, ਉਤਸ਼ਾਹਤ ਕਰਨ ਅਤੇ ਹਰ ਕੰਮ ਮੁਮਕਿਨ ਬਣਾਉਣ ਦੀ ਤਾਕਤ ਬਖ਼ਸ਼ਦੀ ਹੈ ਅਤੇ ਨਵਾਂ ਸਵੇਰਾ ਜੋ ਸਭਨਾਂ ਲਈ ਸਿਹਤਮੰਦ, ਸੁਰੱਖਿਅਤ ਤੇ ਸਾਫ ਸੰਸਾਰ ਸਿਰਜਣ ਵਿੱਚ ਸਹਾਈ ਹੋਵੇ।
ਡਾ. ਟੇਡ੍ਰੋਸ ਤੇ ਹੋਰਾਂ ਦੇ ਪੂਰੇ ਭਾਸ਼ਣ ਲਈ ਦੇਖੋ ਵੀਡੀਓ-
@DrTedros address to the International @Olympics Committee. #Tokyo2020 #AGoal4All https://t.co/v47lhan0EV
— World Health Organization (WHO) (@WHO) July 21, 2021