CoronaVirus ਨੇ ਦੁਨੀਆ 'ਚ 15,00,000 ਬੱਚੇ ਕੀਤੇ ਅਨਾਥ, ਭਾਰਤ ਤੋਂ ਵੀ ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਮਾਹਰਾਂ ਦਾ ਅੰਦਾਜ਼ਾ ਹੈ ਕਿ ਭਾਰਤ ਵਿੱਚ ਮਾਰਚ 2021 ਤੋਂ ਅਪ੍ਰੈਲ 2021 ਦਰਮਿਆਨ ਅਨਾਥ ਆਸ਼ਰਮਾਂ ਵਿੱਚ ਬੱਚਿਆਂ ਦੀ ਗਿਣਤੀ 8.5 ਗੁਣਾ ਵਧੀ ਹੈ।
ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ ਤੇ ਲੱਖਾਂ ਬੱਚੇ ਇਸ ਦੌਰ ਵਿੱਚ ਅਨਾਥ ਵੀ ਹੋਏ ਹਨ। ਕੋਰੋਨਾ ਮਹਾਮਾਰੀ ਕਾਰਨ ਹਣ ਤੱਕ ਦੁਨੀਆ ਭਰ ਦੇ 15 ਲੱਖ ਬੱਚਿਆਂ ਨੇ ਆਪਣੇ ਮਾਪਿਆਂ ਵਿੱਚੋਂ ਕਿਸੇ ਵੀ ਇੱਕ ਜਣੇ ਨੂੰ ਗੁਆ ਦਿੱਤਾ ਹੈ। ‘ਦ ਲੈਂਸੇਟ’ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਰਿਪੋਰਟ ਮੁਤਾਬਕ ਇਸ ਵਿੱਚ ਇੱਕ ਲੱਖ 90 ਹਜ਼ਾਰ ਬੱਚੇ ਭਾਰਤ ਦੇ ਹਨ, ਜਿਨ੍ਹਾਂ ਨੇ ਕੋਰੋਨਾ ਕਾਲ ਵਿੱਚ ਆਪਣੇ ਮਾਂ-ਬਾਪ ਵਿੱਚੋਂ ਕਿਸੇ ਇੱਕ ਜਾਂ ਕਸਟੋਡੀਅਲ ਦਾਦਾ-ਦਾਦੀ ਜਾਂ ਨਾਨਾ-ਨਾਨੀਂ ਵਿੱਚੋਂ ਇੱਕ ਜਣੇ ਨੂੰ ਗੁਆ ਦਿੱਤਾ ਹੈ। ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿੱਚ 14 ਮਹੀਨਿਆਂ ਵਿੱਚ 10 ਲੱਖ ਤੋਂ ਬੱਚਿਆਂ ਨੂੰ ਆਪਣੇ ਮਾਪਿਆਂ ਜਾਂ ਮਾਂ-ਬਾਪ ਵਿੱਚੋਂ ਕਿਸੇ ਇੱਕ ਨੂੰ ਗੁਆ ਦਿੱਤਾ, ਜਦਕਿ 50 ਹਜ਼ਾਰ ਨੇ ਉਨ੍ਹਾਂ ਦੇ ਨਾਲ ਰਹਿੰਦੇ ਦਾਦਾ-ਦਾਦੀ ਨੂੰ ਮਹਾਂਮਾਰੀ ਵਿੱਚ ਗੁਆ ਦਿੱਤਾ ਹੈ।
ਮਾਹਰਾਂ ਦਾ ਅੰਦਾਜ਼ਾ ਹੈ ਕਿ ਭਾਰਤ ਵਿੱਚ ਮਾਰਚ 2021 ਤੋਂ ਅਪ੍ਰੈਲ 2021 ਦਰਮਿਆਨ ਅਨਾਥ ਆਸ਼ਰਮਾਂ ਵਿੱਚ ਬੱਚਿਆਂ ਦੀ ਗਿਣਤੀ 8.5 ਗੁਣਾ ਵਧੀ ਹੈ। ਇਸ ਵਕਫੇ ਦੌਰਾਨ ਅਨਾਥ ਬੱਚਿਆਂ ਦੀ ਗਿਣਤੀ 5,091 ਤੋਂ ਵੱਧ ਕੇ 43,139 ਹੋ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਬੱਚਿਆਂ ਨੇ ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲਿਆਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਦੀ ਸਿਹਤ-ਸੁਰੱਖਿਆ ‘ਤੇ ਡੂੰਘਾ ਤੇ ਲੰਮਾ ਪ੍ਰਭਾਵ ਪੈਣ ਦਾ ਖ਼ਤਰਾ ਹੈ। ਉਨ੍ਹਾਂ ਬਿਮਾਰੀ, ਸਰੀਰਕ ਸੋਸ਼ਣ, ਜਿਣਸੀ ਹਿੰਸਾ ਅਤੇ ਨਿਆਣੀ ਉਮਰ ਵਿੱਚ ਗਰਭਵਤੀ ਹੋਣ ਆਦਿ ਖ਼ਤਰਿਆਂ ਸਬੰਧੀ ਚਿੰਤਾ ਪ੍ਰਗਟਾਈ ਹੈ।
ਅਮਰੀਕਾ ਦੇ ਰੋਗ ਕਾਬੂ ਤੇ ਰੋਕਥਾਮ ਕੇਂਦਰ ਦੀ ਕੋਵਿਡ-19 ਰੋਕੂ ਟੀਮ ਦੇ ਮੁਖੀ ਤੇ ਲੇਖਕ ਡਾ. ਸੁਸਾਨ ਹਿਲਿਸ ਨੇ ਆਖਿਆ ਕਿ ਸਾਡੀ ਖੋਜ ਵਿੱਚ ਪਾਇਆ ਗਿਆ ਹੈ 30 ਅਪ੍ਰੈਲ, 2021 ਤੱਕ ਕੋਰੋਨਾ ਕਾਰਨ ਦੁਨੀਆ ਭਰ ਵਿੱਚ 30 ਲੱਖ ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ 15 ਲੱਖ ਬੱਚੇ ਅਨਾਥ ਹੋਏ ਹਨ।