ਹੈਰਾਨੀਜਨਕ! 70,00,000 ਔਰਤਾਂ ਨੂੰ ਨਾ ਚਾਹੁੰਦੇ ਗਰਭਵਤੀ ਕਰੇਗਾ ਕੋਰੋਨਾ ਵਾਇਰਸ
ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਜਾਰੀ ਲੌਕਡਾਊਨ ਕਾਰਨ 70 ਲੱਖ ਤੋਂ ਵੱਧ ਔਰਤਾਂ ਅਣਚਾਹੇ ਗਰਭ ਧਾਰਨ ਕਰ ਸਕਦੀਆਂ ਹਨ।
ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਜਿੱਥੇ ਸਮੁੱਚੀ ਮਨੁੱਖਤਾ ਖ਼ਤਰੇ ਵਿੱਚ ਹੈ ਪਰ ਇਸ ਮਹਾਮਾਰੀ ਦੇ ਅਸਿੱਧੇ ਕਾਰਨਾਂ ਕਰਕੇ ਮਰਦਾਂ ਨਾਲੋਂ ਔਰਤਾਂ ਵੱਧ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਕੋਵਿਡ-19 ਕਾਰਨ ਔਰਤਾਂ ਖ਼ਿਲਾਫ਼ ਘਰੇਲੂ ਜ਼ੁਲਮਾਂ ਵਿੱਚ ਤਾਂ ਵਾਧਾ ਹੋਇਆ ਹੀ ਹੈ, ਪਰ ਯੂਨਾਈਟਿਡ ਨੇਸ਼ਨਜ਼ ਦੀ ਤਾਜ਼ਾ ਰਿਪੋਰਟ ਨੇ ਨਵਾਂ ਫਿਕਰ ਖੜ੍ਹਾ ਕਰ ਦਿੱਤਾ ਹੈ। ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਜਾਰੀ ਲੌਕਡਾਊਨ ਕਾਰਨ 70 ਲੱਖ ਤੋਂ ਵੱਧ ਔਰਤਾਂ ਅਣਚਾਹੇ ਗਰਭ ਧਾਰਨ ਕਰ ਸਕਦੀਆਂ ਹਨ।
ਸੰਯੁਕਤ ਰਾਸ਼ਟਰ ਦੇ ਜਨਗਣਨਾ ਫੰਡ (UNFPA) ਦੇ ਵਿਸ਼ੇਸ਼ ਨਿਰਦੇਸ਼ਕ ਡਾ. ਨਤਾਲਿਆ ਕਾਨਮ ਤੇ ਉਪ ਨਿਰਦੇਸ਼ਕ ਰਮਿਜ਼ਾ ਐਲਕਬੈਰੋਅ ਨੇ ਰਿਪੋਰਟ ਬਾਰੇ ਦੱਸਿਆ ਕਿ ਦੁਨੀਆ ਭਰ ਵਿੱਚ ਸਿਹਤ ਸੇਵਾਵਾਂ ਖੇਤਰ 'ਚ 70 ਫ਼ੀਸਦ ਔਰਤਾਂ ਕਾਰਜਸ਼ੀਲ ਹਨ, ਜ਼ਾਹਰ ਹੈ, ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਖ਼ਤਰਾ ਵਧੇਰੇ ਹੈ। ਰਿਪੋਰਟ ਮੁਤਾਬਕ ਜੇਕਰ ਲੌਕਡਾਊਨ ਛੇ ਮਹੀਨੇ ਤਕ ਚੱਲਦਾ ਹੈ ਤਾਂ ਇਸ ਦੌਰਾਨ 70,00,000 ਔਰਤਾਂ ਨਾ ਚਾਹੁੰਦੇ ਹੋਏ ਗਰਭਵਤੀ ਹੋ ਸਕਦੀਆਂ ਹਨ ਤੇ ਨਾਲ ਹੀ 3.10 ਕਰੋੜ ਤੋਂ ਵੱਧ ਹਿੰਸਾ ਦੇ ਮਾਮਲੇ ਸਾਹਮਣੇ ਆ ਸਕਦੇ ਹਨ। ਰਿਪੋਰਟ ਦੀ ਮੰਨੀਏ ਤਾਂ ਜੇਕਰ ਛੇ ਮਹੀਨੇ ਲੌਕਡਾਊਨ ਚੱਲਦਾ ਹੈ ਤਾਂ ਵਿਸ਼ਵ ਦੇ 114 ਨਿਮਨ ਤੇ ਮੱਧ ਆਮਦਨ ਵਾਲੇ ਮੁਲਕਾਂ ਦੀਆਂ 4.70 ਕਰੋੜ ਔਰਤਾਂ ਦੀ ਆਧੁਨਿਕ ਗਰਭ ਨਿਰੋਧਕ ਤਰੀਕਿਆਂ ਤਕ ਪਹੁੰਚ ਨਹੀਂ ਹੋਵੇਗੀ।
ਡਾ. ਰਮਿਜ਼ਾ ਮੁਤਾਬਕ ਇਸ ਦੌਰਾਨ ਬਾਲ ਵਿਆਹਾਂ ਵਿੱਚ ਬੇਤਹਾਸ਼ਾ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਲੌਕਡਾਊਨ ਕਾਰਨ ਔਰਤਾਂ ਖ਼ਿਲਾਫ਼ ਅੱਤਿਆਚਾਰ ਤਾਂ ਇੱਕ ਪਾਸੇ ਉਨ੍ਹਾਂ ਦੇ ਗੁਪਤ ਤੇ ਪ੍ਰਜਨਨ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਤੇ ਉਕਤ ਅੰਗਾਂ ਦੀ ਬਿਮਾਰੀ ਦੇ ਮਾਮਲੇ ਵਧਣ ਦਾ ਵੀ ਡਰ ਹੈ। ਉਨ੍ਹਾਂ ਦੱਸਿਆ ਕਿ ਲੌਕਡਾਊਨ ਕਾਰਨ ਘਰਾਂ ਵਿੱਚ ਰਹਿਣ ਦੇ ਹੁਕਮਾਂ ਕਾਰਨ ਔਰਤਾਂ ਵਧੇਰੇ ਸਮਾਂ ਆਪਣੇ ਹਿੰਸਕ ਜੀਵਨਸਾਥੀ ਨਾਲ ਗੁਜ਼ਾਰਨਗੀਆਂ ਤੇ ਤਾਲਾਬੰਦੀ ਕਾਰਨ ਅਜਿਹੇ ਮਾਮਲਿਆਂ ਦੇ ਬਾਹਰ ਆਉਣ ਦੀ ਸੰਭਾਵਨਾ ਵੀ ਘੱਟ ਸਕਦੀ ਹੈ। ਇੰਨਾ ਹੀ ਨਹੀਂ ਜੇਕਰ ਲੌਕਡਾਊਨ ਹੋਰ ਵਧਦਾ ਹੈ ਤਾਂ ਹਰ ਤਿੰਨ ਮਹੀਨਿਆਂ ਔਰਤਾਂ ਖ਼ਿਲਾਫ਼ ਅੱਤਿਆਚਾਰ ਦੇ 1.5 ਕਰੋੜ ਮਾਮਲੇ ਵਧਣਗੇ।