Pakistan News : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ 'ਤੇ ਡਿਪਲੋਮੈਟਿਕ ਨੋਟ ਚੋਰੀ ਕਰਨ ਦਾ ਮਾਮਲਾ ਦਰਜ, ਕੀ ਹੋ ਸਕਦੀ ਹੈ ਕੈਦ?
Prime Minister of Pakistan, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਸਾਈਫਰ ਜਾਂ ਡਿਪਲੋਮੈਟਿਕ ਨੋਟ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਾਕਿਸਤਾਨ ਦੇ ਵਿਸ਼ੇਸ਼ ਸੰਯੁਕਤ ਜਾਂਚ ਟੀਮ ਮਾਮਲੇ...
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਸਾਈਫਰ ਜਾਂ ਡਿਪਲੋਮੈਟਿਕ ਨੋਟ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਾਕਿਸਤਾਨ ਦੇ ਵਿਸ਼ੇਸ਼ ਸੰਯੁਕਤ ਜਾਂਚ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਨੇ 12 ਦਿਨਾਂ ਤੋਂ ਅਟਕ ਜੇਲ 'ਚ ਬੰਦ ਖਾਨ ਤੋਂ ਬੀਤੇ ਬੁੱਧਵਾਰ ਨੂੰ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ।
ਦੱਸ ਦਈਏ ਇਹ ਸਾਈਫਰ ਪਿਛਲੇ ਸਾਲ ਮਾਰਚ ਵਿੱਚ ਅਮਰੀਕਾ ਵਿੱਚ ਤਾਇਨਾਤ ਪਾਕਿਸਤਾਨੀ ਰਾਜਦੂਤ ਅਸਦ ਮਜੀਦ ਖਾਨ ਨੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਸੀ। ਖ਼ਾਨ ਨੇ ਇਸ ਨੂੰ ਪੜ੍ਹਨ ਦੇ ਬਹਾਨੇ ਆਪਣੇ ਕੋਲ ਰੱਖ ਲਿਆ ਅਤੇ ਬਾਅਦ ਵਿੱਚ ਕਿਹਾ ਕਿ ਚਿੱਠੀ ਗੁੰਮ ਹੋ ਗਈ ਹੈ। ਇਹ ਨੈਸ਼ਨਲ ਸੀਕਰੇਟੀ ਐਕਟ ਦੇ ਖਿਲਾਫ ਹੈ। ਦੋਸ਼ੀ ਪਾਏ ਜਾਣ 'ਤੇ ਖਾਨ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਸਾਈਫਰ ਜਾਂ ਡਿਪਲੋਮੈਟਿਕ ਨੋਟ ਮਾਮਲੇ 'ਚ ਇਮਰਾਨ ਦੀ ਸ਼ਮੂਲੀਅਤ ਯਕੀਨੀ ਮੰਨੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਖਾਨ ਪ੍ਰਧਾਨ ਮੰਤਰੀ ਸਨ ਤਾਂ ਆਜ਼ਮ ਖਾਨ ਉਨ੍ਹਾਂ ਦੇ ਮੁੱਖ ਸਕੱਤਰ ਸਨ। ਆਜ਼ਮ ਤੋਂ ਸੰਯੁਕਤ ਜਾਂਚ ਟੀਮ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਆਜ਼ਮ ਨੇ ਸਾਫ਼-ਸਾਫ਼ ਕਿਹਾ ਹੈ ਕਿ ਉਸ ਨੇ ਇਹ ਸਾਈਫਰ ਇਮਰਾਨ ਖਾਨ ਨੂੰ ਦਿੱਤਾ ਸੀ। ਬਾਅਦ ਵਿਚ ਜਦੋਂ ਆਜ਼ਮ ਨੇ ਖਾਨ ਤੋਂ ਇਹ ਵਾਪਸ ਮੰਗਿਆ ਤਾਂ ਉਸ ਨੇ ਕਿਹਾ ਕਿ ਇਹ ਕਿਤੇ ਗੁਆਚ ਗਿਆ ਹੈ।
ਜ਼ਿਕਰਯੋਗ ਹੈ ਕਿ ਖਾਨ ਨੇ ਬਾਅਦ ਵਿੱਚ ਕਈ ਰੈਲੀਆਂ ਵਿੱਚ ਇਹੀ ਸਾਈਫਰ ਖੁੱਲ੍ਹ ਕੇ ਲਹਿਰਾਇਆ। ਖਾਨ ਨੇ ਕਿਹਾ ਕਿ ਇਹ ਉਹ ਸਬੂਤ ਹੈ ਜੋ ਸਾਬਿਤ ਕਰਦਾ ਹੈ ਕਿ ਮੇਰੀ ਸਰਕਾਰ ਅਮਰੀਕਾ ਦੇ ਇਸ਼ਾਰੇ 'ਤੇ ਫੌਜ ਨੇ ਡੇਗੀ ਹੈ। ਖਾਸ ਗੱਲ ਇਹ ਹੈ ਕਿ ਆਜ਼ਮ ਨੇ ਜਾਂਚ ਏਜੰਸੀ ਅਤੇ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਹੈ। ਇਸ ਦੀ ਕਾਪੀ 'ਤੇ ਦਸਤਖਤ ਵੀ ਕੀਤੇ ਗਏ ਹਨ।
ਇਸ ਤੋਂ ਇਲਾਵਾ ਖਾਨ ਦੀ ਇੱਕ ਆਡੀਓ ਟੇਪ ਵੀ ਵਾਇਰਲ ਹੋਈ ਸੀ। ਇਸ ਵਿੱਚ ਇਮਰਾਨ, ਤਤਕਾਲੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਆਜ਼ਮ ਖਾਨ ਦੀਆਂ ਆਵਾਜਾਂ ਹਨ। ਫੋਰੈਂਸਿਕ ਜਾਂਚ ਵਿੱਚ ਇਹ ਸਾਬਿਤ ਹੋ ਗਿਆ ਹੈ ਕਿ ਇਹ ਆਡੀਓ ਸਹੀ ਹੈ, ਇਸ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਗਈ। ਟੇਪ ਵਿੱਚ, ਖਾਨ ਕੁਰੈਸ਼ੀ ਅਤੇ ਆਜ਼ਮ ਨੂੰ ਕਹਿੰਦੇ ਹਨ ਕਿ ਹੁਣ ਅਸੀਂ ਇਸ ਨੂੰ ਰੈਲੀਆਂ ਵਿੱਚ ਦਿਖਾ ਕੇ ਇਸ ਨਾਲ ਖੇਡਾਂਗੇ।
ਪਿਛਲੇ ਸਾਲ ਅਪ੍ਰੈਲ 'ਚ ਸਰਕਾਰ ਡਿੱਗਣ ਤੋਂ ਬਾਅਦ ਇਮਰਾਨ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਸਾਈਫਰ ਅਮਰੀਕੀ ਵਿਦੇਸ਼ ਵਿਭਾਗ ਯਾਨੀ ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਸੀ। ਇਮਰਾਨ ਨੇ ਦਾਅਵਾ ਕੀਤਾ ਕਿ ਬਾਈਡਨ ਪ੍ਰਸ਼ਾਸਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਨਹੀਂ ਦੇਖਣਾ ਚਾਹੁੰਦਾ ।