Afghanistan Sikhs: ਅਫਗਾਨਿਸਤਾਨ ਦੇ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ, ਕਿਹਾ ਜਾ ਰਿਹਾ ਇਸਲਾਮ ਅਪਣਾਓ ਜਾਂ ਛੱਡ ਦਿਓ ਦੇਸ਼: ਰਿਪੋਰਟ ਦਾਅਵੇ
Sikh in Afghan: ਅਫਗਾਨਿਸਤਾਨ 'ਚ ਰਹਿ ਰਹੇ ਸਿੱਖਾਂ ਕੋਲ ਦੋ ਹੀ ਵਿਕਲਪ ਬਚੇ ਹਨ- ਇਸਲਾਮ ਕਬੂਲ ਕਰੋ ਜਾਂ ਦੇਸ਼ ਛੱਡ ਦਿਓ। ਕੱਟੜਪੰਥੀ ਸਿੱਖਾਂ ਨੂੰ ਮੁਸਲਮਾਨ ਬਣਾਉਣ ਲਈ ਲਗਾਤਾਰ ਦਬਾਅ ਪਾ ਰਹੇ ਹਨ।
ਕਾਬੁਲ: ਅਫਗਾਨਿਸਤਾਨ 'ਚ ਰਹਿ ਰਹੇ ਸਿੱਖਾਂ ਦੀ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਹੁਣ ਉਨ੍ਹਾਂ ਕੋਲ ਅਮਲੀ ਤੌਰ 'ਤੇ ਸਿਰਫ਼ ਦੋ ਹੀ ਵਿਕਲਪ ਬਚੇ ਹਨ, ਜਾਂ ਤਾਂ ਇਸਲਾਮ ਕਬੂਲ ਕਰ ਲੈਣ ਜਾਂ ਦੇਸ਼ ਛੱਡ ਕੇ ਚਲੇ ਜਾਣ। ਇਹ ਗੱਲ ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਦੀ ਰਿਪੋਰਟ 'ਚ ਕਹੀ ਗਈ ਹੈ। ਉਂਝ ਤਾਂ ਅਫਗਾਨਿਸਤਾਨ 'ਚ ਅਸ਼ਰਫ ਗਨੀ ਦੀ ਸਰਕਾਰ ਡਿੱਗਣ ਤੋਂ ਪਹਿਲਾਂ ਵੀ ਸਿੱਖਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਪਰ ਹੁਣ ਹਾਲਾਤ ਹੋਰ ਵੀ ਮਾੜੇ ਹੋ ਗਏ ਹਨ।
ਰਿਪੋਰਟ ਮੁਤਾਬਕ ਕੱਟੜਪੰਥੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਾਂ ਤਾਂ ਸਿੱਖ ਸੁੰਨੀ ਮੁਸਲਮਾਨ ਬਣ ਜਾਣ ਜਾਂ ਦੇਸ਼ ਛੱਡ ਕੇ ਚਲੇ ਜਾਣ। ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਇੱਕ ਵਾਰ ਹਜ਼ਾਰਾਂ ਵਿੱਚ ਸੀ, ਪਰ ਹੌਲੀ-ਹੌਲੀ ਇਹ ਘਟਦੀ ਗਈ। ਇੱਥੇ ਉਨ੍ਹਾਂ ਨੂੰ ਪ੍ਰਣਾਲੀਗਤ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਧਾਰਮਿਕ ਹਿੰਸਾ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦੇਸ਼ ਵਿੱਚ ਸਿੱਖਾਂ ਦੀ ਇੱਕ ਵੱਡੀ ਆਬਾਦੀ ਕਾਬੁਲ ਵਿੱਚ ਰਹਿੰਦੀ ਹੈ, ਜਦੋਂ ਕਿ ਕੁਝ ਗਜ਼ਨੀ ਅਤੇ ਨਾਂਗਰਹਾਰ ਪ੍ਰਾਂਤਾਂ ਵਿੱਚ ਵੀ ਰਹਿੰਦੇ ਹਨ।
ਦੱਸ ਦਈਏ ਕਿ 5 ਅਕਤੂਬਰ ਨੂੰ 15 ਤੋਂ 20 ਅੱਤਵਾਦੀ ਗੁਰਦੁਆਰੇ ਵਿੱਚ ਦਾਖਲ ਹੋਏ ਅਤੇ ਪਹਿਰੇਦਾਰਾਂ ਨੂੰ ਬੰਨ੍ਹ ਦਿੱਤਾ। ਇਹ ਹਮਲਾ ਕਾਬੁਲ ਦੇ ਕਾਰਤ-ਏ-ਪਰਵਾਨ ਜ਼ਿਲ੍ਹੇ ਵਿੱਚ ਹੋਇਆ ਸੀ। ਅਫਗਾਨਿਸਤਾਨ ਵਿੱਚ ਸਿੱਖ ਅਕਸਰ ਅਜਿਹੇ ਹਮਲਿਆਂ ਅਤੇ ਹਿੰਸਾ ਦਾ ਅਨੁਭਵ ਕਰਦੇ ਹਨ।
ਤਾਲਿਬਾਨ ਵੱਲੋਂ ਸਿੱਖਾਂ ਨੂੰ ਧਮਕਾਉਣ ਦੇ ਮੁੱਦੇ 'ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ, 'ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ 'ਚ ਤੁਰੰਤ ਦਖਲ ਦੇਣਾ ਚਾਹੀਦਾ ਹੈ ਅਤੇ ਸਿੱਖਾਂ ਦੇ ਨਾਲ-ਨਾਲ ਪੰਜਾਬ ਨਾਲ ਸਬੰਧਤ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਹੋਰ ਘੱਟ ਗਿਣਤੀ ਧਰਮਾਂ ਦੇ ਲੋਕਾਂ ਨੂੰ ਵੀ ਭਾਰਤ ਨੂੰ ਅਫਗਾਨਿਸਤਾਨ ਤੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਦਲਜੀਤ ਚੀਮਾ ਨੇ ਕਿਹਾ ਕਿ ਜਦੋਂ ਤੋਂ ਅਫਗਾਨਿਸਤਾਨ ਵਿਚ ਤਾਲਿਬਾਨ ਸੱਤਾ ਵਿਚ ਆਇਆ ਹੈ, ਸਿੱਖਾਂ 'ਤੇ ਕਈ ਹਮਲੇ ਹੋਏ ਹਨ ਅਤੇ ਇਹ ਸਪੱਸ਼ਟ ਹੈ ਕਿ ਅਫਗਾਨਿਸਤਾਨ ਹੁਣ ਸਿੱਖਾਂ ਅਤੇ ਹੋਰ ਘੱਟ ਗਿਣਤੀ ਧਰਮਾਂ ਦੇ ਲੋਕਾਂ ਲਈ ਸੁਰੱਖਿਅਤ ਸਥਾਨ ਨਹੀਂ ਰਿਹਾ। ਚੀਮਾ ਨੇ ਕਿਹਾ ਕਿ ਅਕਾਲੀ ਦਲ ਜਲਦ ਹੀ ਇਹ ਸਾਰਾ ਮਾਮਲਾ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਏਗਾ।
ਦੱਸ ਦਈਏ ਕਿ ਦਅਫਗਾਨਿਸਤਾਨ ਵਿੱਚ ਬਹੁਤ ਸਾਰੇ ਸਿੱਖ ਵਿਰੋਧੀ ਹਮਲੇ ਹੋਏ ਹਨ। ਪਿਛਲੇ ਸਾਲ ਜੂਨ ਵਿੱਚ ਇੱਕ ਅਫਗਾਨ ਸਿੱਖ ਆਗੂ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ ਸੀ। ਇੱਕ ਹੋਰ ਸਿੱਖ ਨੂੰ ਮਾਰਚ 2019 ਵਿੱਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਬਾਅਦ 'ਚ ਅਫਗਾਨ ਪੁਲਸ ਨੇ ਘਟਨਾ ਦੇ ਸ਼ੱਕ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਕੰਧਾਰ ਵਿੱਚ ਇੱਕ ਹੋਰ ਸਿੱਖ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਭੁੰਨ ਦਿੱਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: