ਪਾਕਿਸਤਾਨ ਤੋਂ ਵੱਖਰਾ ਹੋ ਰਿਹਾ ਬਲੋਚਿਸਤਾਨ ! BLA ਨੇ ਤੁਰਬਤ ਸ਼ਹਿਰ 'ਤੇ ਕੀਤਾ ਕਬਜ਼ਾ, ਭਾਰਤ ਅੱਗੇ ਲਾਈ ਮਦਦ ਦੀ ਗੁਹਾਰ !
Pakistan News: ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਜਿਸ 'ਤੇ 1947 ਵਿੱਚ ਭਾਰਤ ਤੋਂ ਆਜ਼ਾਦੀ ਤੋਂ ਤੁਰੰਤ ਬਾਅਦ ਪਾਕਿਸਤਾਨੀ ਫੌਜ ਨੇ ਕਬਜ਼ਾ ਕਰ ਲਿਆ ਸੀ।

Pakistan News: ਬਲੋਚਿਸਤਾਨ ਤੇਜ਼ੀ ਨਾਲ ਪਾਕਿਸਤਾਨ ਦੇ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਉੱਥੇ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਹਜ਼ਾਰਾਂ ਬਲੋਚ ਨਾਗਰਿਕ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰਦੇ ਹੋਏ ਸੜਕਾਂ 'ਤੇ ਉਤਰ ਰਹੇ ਹਨ। ਦੂਜੇ ਪਾਸੇ, ਪਾਕਿਸਤਾਨੀ ਫੌਜ ਨੇ ਇਸ ਬਗਾਵਤ ਨੂੰ ਦਬਾਉਣ ਲਈ ਬੇਰਹਿਮੀ ਦਾ ਸਹਾਰਾ ਲਿਆ ਹੈ। ਦ ਬੋਲਾਨ ਨਿਊਜ਼ ਦੇ ਅਨੁਸਾਰ, ਛੋਟੇ ਬੱਚਿਆਂ ਨੂੰ ਵੀ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ।
ਬਲੋਚਿਸਤਾਨ ਦੇ ਪ੍ਰਮੁੱਖ ਨੇਤਾ ਮਹਰੰਗ ਬਲੋਚ ਸਮੇਤ ਕਈ ਮਹਿਲਾ ਆਗੂਆਂ ਨੂੰ ਪਾਕਿਸਤਾਨੀ ਫੌਜ ਨੇ ਅਗਵਾ ਕਰ ਲਿਆ ਹੈ। ਬਲੋਚਿਸਤਾਨ ਦੇ ਕਈ ਸ਼ਹਿਰਾਂ ਵਿੱਚ ਉਸਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਬਲੋਚ ਬਾਗ਼ੀਆਂ ਨੇ ਤੁਰਬਤ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਇਲਾਵਾ, ਬਾਗ਼ੀਆਂ ਵੱਲੋਂ ਕੁਝ ਹੋਰ ਸ਼ਹਿਰਾਂ 'ਤੇ ਵੀ ਕਬਜ਼ਾ ਕਰਨ ਦੀਆਂ ਰਿਪੋਰਟਾਂ ਹਨ। ਬਲੋਚ ਬਾਗ਼ੀਆਂ ਨੇ ਕਈ ਹਾਈਵੇਅ ਵੀ ਬੰਦ ਕਰ ਦਿੱਤੇ ਹਨ, ਜਿਸ ਨਾਲ ਸਥਿਤੀ ਹੋਰ ਵੀ ਵਿਗੜ ਗਈ ਹੈ।
ਬਲੋਚਿਸਤਾਨ ਵਿੱਚ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਇੰਝ ਲੱਗਦਾ ਹੈ ਕਿ ਆਜ਼ਾਦੀ ਲਈ ਲੜ ਰਹੇ ਬਲੋਚ ਬਾਗ਼ੀ ਪਾਕਿਸਤਾਨ ਤੋਂ ਪੂਰੀ ਤਰ੍ਹਾਂ ਵੱਖ ਹੋਣ ਤੋਂ ਬਾਅਦ ਹੀ ਰੁਕਣਗੇ। ਦ ਬੋਲਾਨ ਨਿਊਜ਼ ਦੀਆਂ ਰਿਪੋਰਟਾਂ ਦੇ ਅਨੁਸਾਰ, ਵਿਦਰੋਹੀਆਂ ਨੇ ਬੁੱਧਵਾਰ ਨੂੰ ਦੋ ਵੱਖ-ਵੱਖ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਤੇ 17 ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਪਾਕਿਸਤਾਨੀ ਸੈਨਿਕ ਅਤੇ ਪੰਜਾਬ ਸੂਬੇ ਦੇ ਨਾਗਰਿਕ ਸ਼ਾਮਲ ਸਨ।
ਬਲੋਚ ਬਾਗ਼ੀ ਖਾਸ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ਕਾਰਨ ਬਹੁਤ ਸਾਰੇ ਪੰਜਾਬੀ ਪਰਿਵਾਰ ਡਰ ਦੇ ਮਾਰੇ ਬਲੋਚਿਸਤਾਨ ਤੋਂ ਪਰਵਾਸ ਕਰ ਰਹੇ ਹਨ। ਇਸ ਦੌਰਾਨ, ਵੀਰਵਾਰ ਨੂੰ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿੱਚ ਇੱਕ ਵੱਡਾ ਧਮਾਕਾ ਹੋਇਆ। ਬਰੇਚ ਮਾਰਕੀਟ ਇਲਾਕੇ ਵਿੱਚ ਇੱਕ ਪੁਲਿਸ ਵਾਹਨ ਨੂੰ ਉਡਾ ਦਿੱਤਾ ਗਿਆ, ਜਿਸ ਵਿੱਚ ਦੋ ਲੋਕ ਮਾਰੇ ਗਏ। ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ ਅਤੇ ਬਗਾਵਤ ਦੀ ਅੱਗ ਪੂਰੇ ਬਲੋਚਿਸਤਾਨ ਵਿੱਚ ਫੈਲ ਰਹੀ ਹੈ।
ਬਲੋਚਿਸਤਾਨ ਦੇ ਲੋਕ ਭਾਰਤ ਤੋਂ ਮੰਗ ਰਹੇ ਮਦਦ
ਬਲੋਚਿਸਤਾਨ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ, ਬੁੱਧਵਾਰ ਰਾਤ ਨੂੰ ਬਲੋਚ ਬਾਗੀਆਂ ਨੇ ਗਵਾਦਰ ਜ਼ਿਲ੍ਹੇ ਵਿੱਚ ਇੱਕ ਯਾਤਰੀ ਬੱਸ ਨੂੰ ਰੋਕਿਆ ਤੇ ਪੰਜਾਬ ਦੇ ਛੇ ਲੋਕਾਂ ਨੂੰ ਬੱਸ ਵਿੱਚੋਂ ਉਤਾਰਨ ਤੋਂ ਬਾਅਦ ਗੋਲੀ ਮਾਰ ਦਿੱਤੀ। ਇਸ ਤੋਂ ਇਲਾਵਾ, ਬਾਗ਼ੀਆਂ ਨੇ ਪੰਜਾਬ ਤੋਂ 3 ਲੋਕਾਂ ਨੂੰ ਵੀ ਅਗਵਾ ਕਰ ਲਿਆ।
ਹੁਣ ਬਲੋਚਿਸਤਾਨ ਦੇ ਲੋਕ ਭਾਰਤ ਤੋਂ ਮਦਦ ਦੀ ਮੰਗ ਕਰ ਰਹੇ ਹਨ। ਕਈ ਬਲੋਚ ਆਗੂ ਲਗਾਤਾਰ ਭਾਰਤ ਨੂੰ ਸਮਰਥਨ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ, ਕੈਨੇਡਾ ਸਥਿਤ ਪਾਕਿਸਤਾਨੀ ਮੂਲ ਦੇ ਪੱਤਰਕਾਰ ਤਾਹਿਰ ਅਸਲਮ ਗੋਰਾ ਨੇ ਦਾਅਵਾ ਕੀਤਾ ਹੈ ਕਿ ਬਲੋਚ ਬਾਗੀਆਂ ਨੇ ਤੁਰਬਤ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ। ਬਲੋਚਿਸਤਾਨ ਦੇ ਕਈ ਇਲਾਕਿਆਂ ਵਿੱਚ ਤਣਾਅ ਵਧ ਰਿਹਾ ਹੈ ਅਤੇ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ।
'ਬਲੋਚਿਸਤਾਨ ਦੇ ਲੋਕ ਭਾਰਤ ਤੋਂ ਮਦਦ ਦੀ ਉਮੀਦ ਕਰ ਰਹੇ ਹਨ'
ਪਾਕਿਸਤਾਨੀ ਮੂਲ ਦੇ ਕੈਨੇਡੀਅਨ ਪੱਤਰਕਾਰ ਤਾਹਿਰ ਅਸਲਮ ਗੋਰਾ ਨੇ ਆਪਣੀ ਵੀਡੀਓ ਵਿੱਚ ਕਿਹਾ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ 'ਤੇ ਬਲੋਚਿਸਤਾਨ ਵਿੱਚ ਅਸ਼ਾਂਤੀ ਫੈਲਾਉਣ ਦਾ ਦੋਸ਼ ਲਗਾ ਰਿਹਾ ਹੈ, ਜਦੋਂ ਕਿ ਬਲੋਚ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਭਾਰਤ ਤੋਂ ਕੋਈ ਮਦਦ ਨਹੀਂ ਮਿਲ ਰਹੀ। ਉਸਨੇ ਭਾਰਤ ਨੂੰ ਬਲੋਚਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਤਾਹਿਰ ਅਸਲਮ ਗੋਰਾ ਦਾ ਕਹਿਣਾ ਹੈ ਕਿ ਬਲੋਚਿਸਤਾਨ ਦੇ ਲੋਕ ਬੰਗਲਾਦੇਸ਼ੀਆਂ ਵਾਂਗ ਨਾਸ਼ੁਕਰੇ ਨਹੀਂ ਹਨ। ਉਹ ਆਪਣੀ ਆਜ਼ਾਦੀ ਲਈ ਆਪਣੀ ਪੂਰੀ ਤਾਕਤ ਨਾਲ ਲੜ ਰਹੇ ਹਨ। ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਹਨ ਤੇ ਹਰ ਗਲੀ, ਇਲਾਕੇ ਅਤੇ ਜ਼ਿਲ੍ਹੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਪਾਕਿਸਤਾਨ ਦੇ ਅੰਦਰੋਂ ਵੀ ਬਹੁਤ ਸਾਰੇ ਲੋਕ ਪਾਕਿਸਤਾਨੀ ਫੌਜ ਦੇ ਅੱਤਿਆਚਾਰਾਂ ਵਿਰੁੱਧ ਖੜ੍ਹੇ ਹੋ ਰਹੇ ਹਨ।
ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਪਾਕਿਸਤਾਨੀ ਫੌਜ ਨੇ ਇਮਰਾਨ ਖਾਨ ਦੀ ਪਾਰਟੀ ਵਿਰੁੱਧ ਵੀ ਇਸੇ ਤਰ੍ਹਾਂ ਦੇ ਅੱਤਿਆਚਾਰ ਕੀਤੇ ਸਨ। ਉਨ੍ਹਾਂ ਨੇ ਪਾਕਿਸਤਾਨੀ ਫੌਜ ਨੂੰ ਅਪੀਲ ਕੀਤੀ ਹੈ ਕਿ ਉਹ ਬਲੋਚ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਹਮਲਾ ਨਾ ਕਰਨ, ਤਾਂ ਜੋ ਆਮ ਲੋਕਾਂ ਨੂੰ ਨੁਕਸਾਨ ਨਾ ਪਹੁੰਚੇ।






















