Canada News: ਪੀਐਮ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ, ਹਿੰਦੂ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ
Punjabi Businessman Murdered in Canada: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਵਿੱਚ ਵੱਡਾ ਵਾਰਦਾਤ ਹੋਈ ਹੈ। ਕੈਨੇਡਾ ਵਿੱਚ ਸਰੀ ਦੇ ਸਰੀ-ਫਲੀਟਵੁੱਡ ਇਲਾਕੇ ਵਿੱਚ ਦੋ ਅਣਪਛਾਤੇ ਹਮਲਾਵਰਾਂ ਨੇ ਇੱਕ ਹਿੰਦੂ...

Punjabi Businessman Murdered in Canada: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਵਿੱਚ ਵੱਡਾ ਵਾਰਦਾਤ ਹੋਈ ਹੈ। ਕੈਨੇਡਾ ਵਿੱਚ ਸਰੀ ਦੇ ਸਰੀ-ਫਲੀਟਵੁੱਡ ਇਲਾਕੇ ਵਿੱਚ ਦੋ ਅਣਪਛਾਤੇ ਹਮਲਾਵਰਾਂ ਨੇ ਇੱਕ ਹਿੰਦੂ ਵਪਾਰੀ ਨੂੰ ਉਸ ਦੇ ਦਫ਼ਤਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕੁਝ ਦਿਨ ਪਹਿਲਾਂ ਇੱਕ ਹੋਰ ਕਾਰੋਬਾਰੀ ਤੇ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਰਿਫਲੈਕਸ਼ਨ ਬੈਂਕੁਇਟ ਹਾਲ 'ਤੇ ਵੀ ਫਾਇਰਿੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਬਰੈਂਪਟਨ ਵਿੱਚ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਫਿਰੌਤੀ ਨਾ ਦੇਣ ਕਾਰਨ ਕਤਲ ਕਰ ਦਿੱਤਾ ਗਿਆ ਸੀ।
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੀ7 ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਇਸ ਸਾਲ 15-17 ਜੂਨ ਨੂੰ ਅਲਬਰਟਾ ਦੇ ਕਨਾਨਾਸਕਿਸ ਰਿਜ਼ੋਰਟ ਵਿਖੇ G7 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਹੀ ਹੈ। G7 ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਨਾਈਟਿਡ ਕਿੰਗਡਮ ਤੇ ਸੰਯੁਕਤ ਰਾਜ ਅਮਰੀਕਾ ਦੇ ਨਾਲ-ਨਾਲ ਯੂਰਪੀਅਨ ਯੂਨੀਅਨ ਵੀ ਸ਼ਾਮਲ ਹੋ ਰਹੇ ਹਨ।
ਸਰੀ ਪੁਲਿਸ ਸੇਵਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਘਟਨਾ ਦੁਪਹਿਰ 3:45 ਵਜੇ ਦੇ ਕਰੀਬ 160 ਸਟਰੀਟ ਨੇੜੇ 84 ਐਵੇਨਿਊ 'ਤੇ ਵਾਪਰੀ। ਇਹ ਸਥਾਨ ਫਲੀਟਵੁੱਡ ਕਮਿਊਨਿਟੀ ਸੈਂਟਰ ਦੇ ਬਹੁਤ ਨੇੜੇ ਹੈ। ਸੂਤਰਾਂ ਅਨੁਸਾਰ ਜਦੋਂ ਪੁਲਿਸ ਟੀਮ ਫਾਇਰਿੰਗ ਦੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਮਿਲਿਆ। ਪੁਲਿਸ ਤੇ ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜ਼ਖਮੀ ਨੂੰ ਬਚਾਇਆ ਨਹੀਂ ਜਾ ਸਕਿਆ।
ਸਰੀ ਪੁਲਿਸ ਦਾ ਕਹਿਣਾ ਹੈ ਕਿ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਹ 2025 ਵਿੱਚ ਸ਼ਹਿਰ ਵਿੱਚ ਫਾਇਰਿੰਗ ਦੀ ਤੀਜੀ ਘਟਨਾ ਹੈ। ਪੁਲਿਸ ਨੇ ਅਜੇ ਤੱਕ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਨਹੀਂ ਕੀਤੀ, ਪਰ ਕਮਿਊਨਿਟੀ ਸੂਤਰਾਂ ਨੇ ਪੀੜਤ ਦੀ ਪਛਾਣ ਐਬਸਫੋਰਡ ਦੇ ਸਤਵਿੰਦਰ ਸ਼ਰਮਾ ਵਜੋਂ ਕੀਤੀ ਹੈ। ਉਹ ਇੱਕ ਪ੍ਰਮੁੱਖ ਕਾਰੋਬਾਰੀ, ਇੱਕ ਲੇਬਰ ਠੇਕੇਦਾਰ ਤੇ ਡਾਇਮੰਡ ਲੇਬਰ ਕੰਟਰੈਕਟਰਜ਼ ਫਰਮ ਦੇ ਅਧੀਨ ਪ੍ਰਾਪਰਟੀ ਡਿਵੈਲਪਰ ਸੀ।
ਉਸ ਨੂੰ ਕੁਝ ਸਾਲ ਪਹਿਲਾਂ ਫਿਰੌਤੀ ਲਈ ਫੋਨ ਆਏ ਸਨ, ਪਰ ਇਹ ਸਪੱਸ਼ਟ ਨਹੀਂ ਕਿ ਤਾਜ਼ਾ ਘਟਨਾ ਫਿਰੌਤੀ ਨਾਲ ਸਬੰਧਤ ਹੈ ਜਾਂ ਕਿਸੇ ਗੈਂਗਸਟਰ ਨਾਲ। ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 1-877-551-4448 'ਤੇ iHIT ਨਾਲ ਸੰਪਰਕ ਕਰਨ ਲਈ ਕਿਹਾ ਹੈ। ਸਤਵਿੰਦਰ ਸ਼ਰਮਾ ਦੇ ਕਤਲ ਨੇ ਹਿੰਦੂ ਭਾਈਚਾਰੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਹੋਰ ਕਾਰੋਬਾਰੀ ਤੇ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਰਿਫਲੈਕਸ਼ਨ ਬੈਂਕੁਇਟ ਹਾਲ 'ਤੇ ਵੀ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਸਤਵਿੰਦਰ ਸ਼ਰਮਾ 'ਤੇ ਹਮਲਾ ਤੇ ਸਤੀਸ਼ ਕੁਮਾਰ ਦੇ ਰਿਫਲੈਕਸ਼ਨ ਹਾਲ 'ਤੇ ਫਾਇਰਿੰਗ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਤੇ ਨਾ ਹੀ ਇਹ ਪਰਿਵਾਰ ਸਬੰਧਤ ਹਨ, ਪਰ ਇਸ ਘਟਨਾ ਨੂੰ ਫਿਰੌਤੀ ਦੀਆਂ ਘਟਨਾਵਾਂ ਨਾਲ ਜੋੜਿਆ ਜਾ ਰਿਹਾ ਹੈ।






















