ਪੜਚੋਲ ਕਰੋ
Advertisement
ਕੈਨੇਡਾ ਦੀ ਸਿਆਸਤ 'ਚ ਖੁੱਸਦੀ ਜਾਂਦੀ ਪੰਜਾਬੀਆਂ ਦੀ 'ਸਰਦਾਰੀ'
ਰਵੀ ਇੰਦਰ ਸਿੰਘ
ਬਰੈਂਪਟਨ: ਪੰਜਾਬੀਆਂ ਨੇ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਵਾਸ ਕੈਨੇਡਾ ਵਿੱਚ ਹੀ ਕੀਤਾ ਹੈ। ਵੱਡੀ ਗਿਣਤੀ ਵਿੱਚ ਮੌਜੂਦ ਹੋਣ ਕਾਰਨ, ਪੰਜਾਬੀ ਲੰਮੇ ਸਮੇਂ ਤੋਂ ਸਿਆਸਤ ਵਿੱਚ ਸਰਗਰਮ ਹਨ। ਹਰ ਸਾਲ ਕੈਨੇਡਾ ਦੀ ਸ਼ਹਿਰੀ ਤੋਂ ਲੈਕੇ ਦੇਸ਼ ਪੱਧਰੀ ਸਿਆਸਤ ਵਿੱਚ ਪੰਜਾਬੀਆਂ ਦਾ ਪ੍ਰਦਰਸ਼ਨ ਨਿੱਖਰਦਾ ਜਾ ਰਿਹਾ ਸੀ, ਪਰ ਹੁਣ ਇਸ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਕੈਨੇਡਾ ਦੇ ਇਸ ਸ਼ਹਿਰ, ਜਿਸ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਦੇ ਬਾਵਜੂਦ ਇੱਥੇ ਪੰਜਾਬੀ ਉਮੀਦਵਾਰ ਪਛੜ ਗਏ ਹਨ।
ਹਾਲਾਂਕਿ, ਪਿਛਲੇ ਸਾਲ ਦੌਰਾਨ ਜਦ ਜਗਮੀਤ ਸਿੰਘ ਕੈਨੇਡਾ ਦੀ ਦੂਜੀ ਵਿਰੋਧੀ ਧਿਰ ਐਨਡੀਪੀ ਦੇ ਨੇਤਾ ਚੁਣੇ ਗਏ ਸਨ, ਤਾਂ ਸਾਰਿਆਂ ਨੂੰ ਜਾਪ ਰਿਹਾ ਸੀ ਕਿ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਹੈ। ਪਰ ਕੈਨੇਡਾ ਦੇ ਓਂਟਾਰੀਓ ਸੂਬੇ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਪੰਜਾਬੀਆਂ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ। ਸਵਾ ਕਰੋੜ ਤੋਂ ਵੱਧ ਵਸੋਂ ਵਾਲੇ ਓਂਟਾਰੀਓ ਸੂਬੇ ਵਿੱਚ 444 ਨਗਰ ਪਾਲਿਕਾਵਾਂ ਹਨ। ਪਰ ਸੂਬੇ ਦੇ ਦੋ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਤੇ ਟੋਰੰਟੋ ਵਿੱਚ ਵੱਖ-ਵੱਖ ਅਹੁਦਿਆਂ ਲਈ ਹੋਈਆਂ ਚੋਣਾਂ ਵਿੱਚ ਕ੍ਰਮਵਾਰ ਤਿੰਨ ਤੇ ਚਾਰ ਪੰਜਾਬੀ ਹੀ ਸਫ਼ਲ ਹੋ ਸਕੇ। ਜਦਕਿ ਸ਼ਹਿਰ ਦਾ ਮੇਅਰ ਬਣਨ ਲਈ ਕਿਸੇ ਵੀ ਪੰਜਾਬੀ ਨੇ ਹਿੰਮਤ ਨਹੀਂ ਦਿਖਾਈ।
ਬਰੈਂਪਟਨ ਸਿਟੀ ਮੇਅਰ ਦੀ ਚੋਣ ਵਿੱਚ ਪੰਜਾਬੀ ਉਮੀਦਵਾਰ ਤੇ ਸਾਬਕਾ ਮੰਤਰੀ ਬਲਜੀਤ ਗੋਸਲ ਵੀ ਚੋਣ ਹਾਰ ਗਏ ਹਨ। ਦੂਜੇ ਪਾਸੇ, ਜਿੱਤਣ ਵਾਲੇ ਪੈਟਰਿਕ ਬ੍ਰਾਊਨ ਨੂੰ ਵੀ ਬਹੁਤੇ ਪੰਜਾਬੀ ਵੋਟਰਾਂ ਨੇ ਸਮਰਥਨ ਦਿੱਤਾ। ਇਨ੍ਹਾਂ ਚੋਣਾਂ ਵਿੱਚ ਤਿੰਨ ਤਰ੍ਹਾਂ ਦੇ ਉਮੀਦਵਾਰ ਚੁਣੇ ਗਏ ਹਨ। ਮੇਅਰ ਤੋਂ ਇਲਾਵਾ ਰਿਜਨਲ ਕੌਂਸਲਰ, ਸਿਟੀ ਕੌਂਸਲਰ ਤੇ ਸਕੂਲ ਟਰੱਸਟੀ ਲਈ ਵੋਟਾਂ ਪਈਆਂ ਹਨ। ਇਨ੍ਹਾਂ ਅਹੁਦਿਆਂ ਲਈ ਕੁੱਲ 35 ਪੰਜਾਬੀ ਖੜ੍ਹੇ ਹੋਏ ਸਨ, ਜਿਨ੍ਹਾਂ ਵਿੱਚੋਂ ਤਿੰਨ ਹੀ ਸਫ਼ਲ ਹੋਏ ਹਨ।
ਬਰੈਂਪਟਨ ਸਿਟੀ ਦੀ 11 ਮੈਂਬਰੀ ਕੌਂਸਲ ਵਿੱਚ 35 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਸਨ। ਹਰ ਦੋ ਵਾਰਡਾਂ ਲਈ ਇੱਕ ਕੌਂਸਲਰ ਚੁਣਿਆ ਜਾਂਦਾ ਹੈ। ਬਰੈਂਪਟਨ ਦੇ ਵਾਰਡ 9-10 ਮੁਕਾਬਲਾ ਸਭ ਤੋਂ ਦਿਲਚਸਪ ਰਿਹਾ। ਇੱਥੇ ਖੇਤਰੀ ਕੌਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਵਿੱਕੀ ਢਿੱਲੋਂ (ਸਾਬਕਾ ਕੌਂਸਲਰ) ਨੂੰ 9092 ਵੋਟਾਂ ਦੇ ਵੱਡੇ ਫਰਕ ਨਾਲ ਪਛਾੜ ਦਿੱਤਾ। ਪਿਛਲੀ ਵਾਰ ਗੁਰਪ੍ਰੀਤ ਢਿੱਲੋਂ ਪਹਿਲੀ ਵਾਰ ਕੌਂਸਲਰ ਬਣੇ ਸਨ। ਇਸ ਵਾਰ ਉਸ ਨੇ ਪੂਰੇ ਓਂਟਾਰੀਓ ਵਿੱਚ 55.46 ਫ਼ੀਸਦ ਵੋਟਾਂ ਲੈ ਕੇ ਰਿਕਾਰਡ ਬਣਾਇਆ ਹੈ। ਇਸੇ ਵਾਰਡ ਵਿੱਚੋਂ ਸਾਬਕਾ ਸਕੂਲ ਟਰੱਸਟੀ ਹਰਕੀਰਤ ਸਿੰਘ ਕੌਂਸਲਰ ਚੁਣੇ ਗਏ ਹਨ, ਉਨ੍ਹਾਂ 42.87 ਫ਼ੀਸਦ ਵੋਟਾਂ ਹਾਸਲ ਕੀਤੀਆਂ ਹਨ। ਇਸੇ ਵਾਰਡ ਵਿਚ ਬਲਬੀਰ ਸੋਹੀ ਨੇ ਸਕੂਲ ਟਰੱਸਟੀ ਵਜੋਂ ਚੋਣ ਜਿੱਤੀ ਹੈ। ਉਨ੍ਹਾਂ ਪੱਤਰਕਾਰ ਸੱਤਪਾਲ ਜੌਹਲ ਸਣੇ 11 ਜਣਿਆਂ ਨੂੰ ਮਾਤ ਦਿੱਤੀ।
ਉੱਧਰ, ਓਂਟਾਰੀਓ ਸੂਬੇ ਵਿੱਚ ਮਿਉਂਸਿਪਲ ਚੋਣਾਂ ਦੇ ਨਤੀਜੇ ਆ ਗਏ ਹਨ। ਟੋਰਾਂਟੋ ਵਿੱਚ ਸਿਰਫ਼ ਚਾਰ ਪੰਜਾਬੀਆਂ ਨੂੰ ਸਫ਼ਲਤਾ ਮਿਲੀ ਹੈ। ਟੋਰਾਂਟੋ ਵਿੱਚ ਪਿਛਲੇ ਮੇਅਰ ਜੌਹਨ ਟੋਰੀ ਦੁਬਾਰਾ ਕੁਰਸੀ ’ਤੇ ਬੈਠ ਗਏ ਹਨ। ਇਸੇ ਤਰ੍ਹਾਂ ਮਿਸੀਸਾਗਾ ਵਿੱਚ ਬੌਨੀ ਕਰੌਂਬੀ ਦੁਬਾਰਾ ਮੇਅਰ ਬਣ ਗਈ ਹੈ। ਬਰੈਂਪਟਨ ਦੀ ਪਿਛਲੀ ਮੇਅਰ ਲਿੰਡਾ ਜੈਫਰੀ ਕੋਈ ਚਾਰ ਹਜ਼ਾਰ ਵੋਟਾਂ ਦੇ ਫਰਕ ਨਾਲ ਸਾਬਕਾ ਸੂਬਾਈ ਕਨਜ਼ਰਵੇਟਿਵ ਪਾਰਟੀ ਲੀਡਰ ਪੈਟਰਿਕ ਬ੍ਰਾਊਨ ਤੋਂ ਹਾਰ ਗਈ ਹੈ। ਮਿਸੀਸਾਗਾ ਵਿੱਚ ਸਾਬਕਾ ਮੰਤਰੀ ਦੀਪਿਕਾ ਦਮਰਲਾ ਤੇ ਓਕਵਿਲ ਤੋਂ ਜਸਵਿੰਦਰ ਸੰਧੂ ਕੌਂਸਲਰ ਜਿੱਤੇ ਹਨ।
ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਇੱਕ ਸਰਵੇਖਣ ਆਇਆ ਸੀ, ਜਿਸ ਵਿੱਚ ਕੈਨੇਡਾ ਦੇ ਸੰਭਾਵਿਤ ਪ੍ਰਧਾਨ ਮੰਤਰੀ ਵਜੋਂ ਦੇਖੇ ਜਾਣ ਵਾਲੇ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੀ ਪ੍ਰਸਿੱਧੀ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੁਕਾਬਲੇ ਘੱਟ ਸੀ। ਇਸ ਤੋਂ ਇਲਾਵਾ ਪੰਜਾਬੀ ਵਿਦਿਆਰਥੀਆਂ ਦੀਆਂ ਨਿੱਤ ਦਿਨ ਹੁੰਦੀਆਂ ਲੜਾਈਆਂ ਅਤੇ ਪੰਜਾਬੀ ਮੂਲ ਦੇ ਨੌਜਵਾਨਾਂ ਦੀਆਂ ਗੈਂਗਵਾਰਾਂ ਤੇ ਨਸ਼ੇ ਦੇ ਕਾਰੋਬਾਰਾਂ ਵਿੱਚ ਵਧਦੀ ਸ਼ਮੂਲੀਅਤ ਕਾਰਨ ਵੀ ਭਾਈਚਾਰੇ ਦੇ ਅਕਸ ਨੂੰ ਕਾਫੀ ਢਾਹ ਲੱਗੀ ਹੈ, ਜਿਸ ਦਾ ਸਿੱਟਾ ਇਨ੍ਹਾਂ ਚੋਣ ਨਤੀਜਿਆਂ ਵਿੱਚ ਪ੍ਰਤੱਖ ਦਿਖਾਈ ਦੇ ਰਿਹਾ ਹੈ।
ਬੇਸ਼ੱਕ, ਕੈਨੇਡਾ ਦੀ ਕੇਂਦਰੀ ਸਿਆਸਤ ਵਿੱਚ ਪੰਜਾਬੀਆਂ ਦਾ ਦਬਦਬਾ ਹੈ, ਪਰ ਸਿਆਸਤ ਦੇ ਜ਼ਮੀਨੀ ਪੱਧਰ 'ਤੇ ਪੰਜਾਬੀ ਕਮਜ਼ੋਰ ਹੋ ਰਹੇ ਹਨ। ਘੁੱਗ ਵੱਸਦੇ ਪੰਜਾਬੀ ਹਲਕਿਆਂ ਵਿੱਚ ਵੀ ਪੰਜਾਬੀਆਂ ਉਮੀਦਵਾਰਾਂ ਦੀ ਹਾਰ ਹੋਣਾ ਦੇਸ਼ ਵਿੱਚ ਰਾਜਸੀ ਪਕੜ ਢਿੱਲੀ ਪੈਣ ਦੀ ਨਿਸ਼ਾਨੀ ਹੋ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement