Canadian Ambassador At UNGA: ਭਾਰਤ ਦੀ ਨਸੀਹਤ ਮਗਰੋਂ ਸੰਯੁਕਤ ਰਾਸ਼ਟਰ ਮਹਾਸਭਾ 'ਚ ਕੈਨੇਡੀਅਨ ਰਾਜਦੂਤ ਨੇ ਕਹਿ ਦਿੱਤੀ ਵੱਡੀ ਗੱਲ...
Canadian Ambassador: ਇਸੇ ਮੰਚ 'ਤੇ ਕੈਨੇਡੀਅਨ ਰਾਜਦੂਤ ਬੌਬ ਰਾਏ ਨੇ ਬੋਲਦਿਆਂ ਬੜੇ ਸਪਸ਼ਟ ਢੰਗ ਨਾਲ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਦੇਖਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕਾਰਨ ਲੋਕਤੰਤਰ ਖਤਰੇ 'ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸੀ ਲਾਹੇ..
Canadian Ambassador At UNGA: ਭਾਰਤ ਤੇ ਕੈਨੇਡਾ ਦਰਮਿਆਨ ਵਿਵਾਦ ਜਾਰੀ ਹੈ। ਇਸ ਦੌਰਾਨ ਮੰਗਲਵਾਰ (26 ਸਤੰਬਰ) ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਅੱਤਵਾਦ ਤੇ ਵਿਦੇਸ਼ੀ ਦਖਲ ਵਰਗੇ ਮੁੱਦਿਆਂ 'ਤੇ ਚੀਨ ਤੇ ਕੈਨੇਡਾ ਨੂੰ ਅਸਿੱਧੇ ਤੌਰ 'ਤੇ ਨਸੀਹਤ ਦਿੱਤੀ। ਇਸ ਮਗਰੋਂ ਕੈਨੇਡਾ ਦੇ ਰਾਜਦੂਤ ਨੇ ਵੀ ਤਿੱਖਾ ਜਵਾਬ ਦਿੱਤਾ।
ਦਰਅਸਲ ਇਸੇ ਮੰਚ 'ਤੇ ਕੈਨੇਡੀਅਨ ਰਾਜਦੂਤ ਬੌਬ ਰਾਏ ਨੇ ਬੋਲਦਿਆਂ ਬੜੇ ਸਪਸ਼ਟ ਢੰਗ ਨਾਲ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਦੇਖਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕਾਰਨ ਲੋਕਤੰਤਰ ਖਤਰੇ 'ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸੀ ਲਾਹੇ ਲਈ ਸਬੰਧਾਂ ਦਾ ਹਵਾਲਾ ਦੇ ਕੇ ਦੇਸ਼ ਦੇ ਨਿਯਮਾਂ ਨੂੰ ਨਹੀਂ ਝੁਕਾਇਆ ਜਾ ਸਕਦਾ। ਇਸ ਤੋਂ ਸਪਸ਼ਟ ਹੋ ਗਿਆ ਕਿ ਕੈਨੇਡਾ ਆਪਣੇ ਸਟੈਂਡ ਉੱਪਰ ਦ੍ਰਿੜ੍ਹ ਹੈ।
ਕੈਨੇਡੀਅਨ ਰਾਜਦੂਤ ਨੇ ਕੀ ਕਿਹਾ?
ਕੈਨੇਡੀਅਨ ਰਾਜਦੂਤ ਬੌਬ ਰਾਏ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਦੌਰਾਨ ਕਿਹਾ, "ਜਿਵੇਂ ਕਿ ਅਸੀਂ ਬਰਾਬਰੀ 'ਤੇ ਬਹੁਤ ਜ਼ੋਰ ਦਿੰਦੇ ਹਾਂ, ਸਾਨੂੰ ਇੱਕ ਆਜ਼ਾਦ ਤੇ ਲੋਕਤੰਤਰੀ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਵੀ ਕਾਇਮ ਰੱਖਣਾ ਹੋਵੇਗਾ। ਅਸੀਂ ਸਿਆਸੀ ਲਾਹੇ ਲਈ ਰਿਸ਼ਤਿਆਂ ਦਾ ਪ੍ਰਗਟਾਵਾ ਕਰਦੇ ਹੋਏ ਦੇਸ਼ ਦੇ ਨਿਯਮਾਂ ਨੂੰ ਨਹੀਂ ਮੋੜ ਸਕਦੇ ਕਿਉਂਕਿ ਅਸੀਂ ਵੇਖਿਆ ਹੈ ਤੇ ਵੇਖਣਾ ਜਾਰੀ ਰੱਖਿਆ ਹੈ ਕਿ ਵਿਦੇਸ਼ੀ ਦਖਲਅੰਦਾਜੀ ਦੇ ਵੱਖ-ਵੱਖ ਮਾਧਿਅਮ ਤੋਂ ਲੋਕਤੰਤਰ ਕਿਸ ਹੱਦ ਤੱਕ ਖਤਰੇ ਵਿੱਚ ਹੈ ਪਰ ਸੱਚਾਈ ਇਹ ਹੈ ਕਿ ਜੇਕਰ ਅਸੀਂ ਉਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਨ੍ਹਾਂ ਸਿਧਾਂਤਾਂ 'ਤੇ ਅਸੀਂ ਸਹਿਮਤ ਹਾਂ ਤਾਂ ਅਸੀਂ ਖੁੱਲ੍ਹੇ ਤੇ ਆਜ਼ਾਦ ਸਮਾਜ ਦੇ ਤਾਣੇ-ਬਾਣੇ ਨੂੰ ਤੋੜਨ ਲੱਗਦੇ ਹਾਂ...।''
ਯੂਐਨਜੀਏ ਵਿੱਚ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਸਿੱਧੇ ਤੌਰ 'ਤੇ ਚੀਨ ਤੇ ਪਾਕਿਸਤਾਨ ਦੇ ਨਾਲ-ਨਾਲ ਕੈਨੇਡਾ ਨੂੰ ਸਪੱਸ਼ਟ ਨਸੀਹਤ ਦਿੱਤੀ ਕਿ ਸਿਆਸੀ ਸਹੂਲਤ ਅੱਤਵਾਦ, ਕੱਟੜਪੰਥ ਜਾਂ ਹਿੰਸਾ ਦੇ ਪ੍ਰਤੀਕਰਮ ਦਾ ਆਧਾਰ ਨਹੀਂ ਹੋ ਸਕਦੀ। ਉਨ੍ਹਾਂ ਨੇ ਦੇਸ਼ਾਂ ਨੂੰ ਦੂਸਰਿਆਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਵਿਸ਼ਵ ਭਾਈਚਾਰੇ ਨੂੰ ਨਿਯਮਾਂ 'ਤੇ ਆਧਾਰਤ ਆਦੇਸ਼ ਤੇ ਸੰਯੁਕਤ ਰਾਸ਼ਟਰ ਚਾਰਟਰ ਦਾ ਸਨਮਾਨ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਭਾਰਤ ਨੇ ਇਹ ਵੀ ਕਿਹਾ ਕਿ ਕੈਨੇਡਾ ਨੇ ਆਪਣੇ ਦੋਸ਼ਾਂ ਦੇ ਸਮਰਥਨ ਲਈ ਸਬੂਤ ਪੇਸ਼ ਨਹੀਂ ਕੀਤੇ।
ਇਸ ਮੁੱਦੇ 'ਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਹਾਲਾਂਕਿ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹ ਭਾਰਤ ਨੂੰ ਭੜਕਾਉਣਾ ਨਹੀਂ ਚਾਹੁੰਦੇ ਪਰ ਉਹ ਦੋਸ਼ਾਂ 'ਤੇ ਕਾਇਮ ਹਨ। ਇਸ ਮੁੱਦੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।