Coronavirus: ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ, ਫਰਵਰੀ ਤਕ ਯੂਰਪ 'ਚ ਕੋਰੋਨਾ ਨਾਲ 5 ਲੱਖ ਹੋਰ ਲੋਕਾਂ ਦੀ ਹੋ ਸਕਦੀ ਮੌਤ
WHO ਯੂਰਪ ਦੇ ਮੁਖੀ ਨੇ ਸੰਕੇਤ ਦਿੱਤਾ ਹੈ ਕਿ ਯੂਰਪ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੀ ਲਹਿਰ ਵਾਪਸ ਆਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੰਕਰਮਣ ਨਾ ਰੁਕਿਆ ਤਾਂ ਫਰਵਰੀ ਤੱਕ 5 ਲੱਖ ਹੋਰ ਲੋਕਾਂ ਦੀ ਮੌਤ ਹੋ ਸਕਦੀ ਹੈ।
Coronavirus: ਯੂਰਪ ਤੇ ਮੱਧ ਏਸ਼ੀਆ ਦੇ 53 ਦੇਸ਼ਾਂ ਦੇ ਖੇਤਰ 'ਚ ਕੋਰੋਨਾ ਵਾਇਰਸ ਦੀ ਇੱਕ ਹੋਰ ਲਹਿਰ ਆਉਣ ਦਾ ਖ਼ਤਰਾ ਹੈ ਜਾਂ ਉਹ ਪਹਿਲਾਂ ਹੀ ਮਹਾਂਮਾਰੀ ਦੀ ਨਵੀਂ ਲਹਿਰ ਦਾ ਸਾਹਮਣਾ ਕਰ ਰਹੇ ਹਨ। ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਦਫ਼ਤਰ ਦੇ ਮੁਖੀ ਡਾਕਟਰ ਹੈਂਸ ਕਲੂਜ਼ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਮੁੜ ਰਿਕਾਰਡ ਪੱਧਰ ਤਕ ਵਧਣੀ ਸ਼ੁਰੂ ਹੋ ਗਈ ਹੈ ਤੇ ਖੇਤਰ 'ਚ ਫੈਲਣ ਦੀ ਰਫ਼ਤਾਰ 'ਗੰਭੀਰ' ਚਿੰਤਾ ਦਾ ਵਿਸ਼ਾ ਹੈ।
ਯੂਰਪ 'ਚ ਵੱਧ ਸਕਦੀ ਲਾਗ
ਉਨ੍ਹਾਂ ਨੇ ਡੈਨਮਾਰਕ ਦੇ ਕੋਪਨਹੇਗਨ 'ਚ ਸੰਗਠਨ ਦੇ ਯੂਰਪ ਮੁੱਖ ਦਫ਼ਤਰ 'ਚ ਪੱਤਰਕਾਰਾਂ ਨੂੰ ਦੱਸਿਆ, "ਅਸੀਂ ਮਹਾਂਮਾਰੀ ਦੇ ਪ੍ਰਕੋਪ ਦੇ ਇਕ ਨਾਜ਼ੁਕ ਮੋੜ 'ਤੇ ਖੜ੍ਹੇ ਹਾਂ।" ਉਨ੍ਹਾਂ ਕਿਹਾ, "ਯੂਰਪ ਮੁੜ ਮਹਾਂਮਾਰੀ ਦੇ ਕੇਂਦਰ 'ਚ ਹੈ, ਜਿੱਥੇ ਅਸੀਂ ਇਕ ਸਾਲ ਪਹਿਲਾਂ ਸੀ।" ਡਾ. ਕਲੂਜ਼ ਨੇ ਕਿਹਾ ਕਿ ਫ਼ਰਕ ਇਹ ਹੈ ਕਿ ਸਿਹਤ ਅਧਿਕਾਰੀ ਵਾਇਰਸ ਬਾਰੇ ਵੱਧ ਜਾਣਦੇ ਹਨ ਤੇ ਇਸ ਨਾਲ ਲੜਨ ਲਈ ਬਿਹਤਰ ਸਾਧਨ ਹਨ।
ਘੱਟ ਟੀਕਾਕਰਨ ਦੀ ਦਰ ਕਾਰਨ ਲਾਗ ਵਧ ਰਹੀ
ਉਨ੍ਹਾਂ ਕਿਹਾ ਕਿ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਉਪਾਅ ਤੇ ਕੁਝ ਖੇਤਰਾਂ 'ਚ ਟੀਕਾਕਰਨ ਦੀਆਂ ਘੱਟ ਦਰਾਂ ਦੱਸਦੀਆਂ ਹਨ ਕਿ ਕੇਸ ਕਿਉਂ ਵੱਧ ਰਹੇ ਹਨ। ਡਾਕਟਰ ਕਲੂਜ਼ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ 'ਚ 53 ਦੇਸ਼ਾਂ ਦੇ ਖੇਤਰ 'ਚ ਕੋਰੋਨਾ ਕਾਰਨ ਲੋਕਾਂ ਦੇ ਹਸਪਤਾਲ 'ਚ ਭਰਦੀ ਹੋਣ ਦੀ ਦਰ ਦੁੱਗਣੀ ਤੋਂ ਵੱਧ ਹੋ ਗਈ ਹੈ।
ਫ਼ਰਵਰੀ ਤਕ ਸਥਿਤੀ ਗੰਭੀਰ ਰਹੇਗੀ
ਉਨ੍ਹਾਂ ਕਿਹਾ ਕਿ ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਫ਼ਰਵਰੀ ਤਕ ਇਸ ਖੇਤਰ 'ਚ 5 ਲੱਖ ਹੋਰ ਲੋਕਾਂ ਦੀ ਮਹਾਂਮਾਰੀ ਨਾਲ ਮੌਤ ਹੋ ਸਕਦੀ ਹੈ। ਸੰਗਠਨ ਦੇ ਯੂਰਪ ਦਫ਼ਤਰ ਨੇ ਕਿਹਾ ਕਿ ਇਸ ਖੇਤਰ 'ਚ ਲਗਭਗ 18 ਲੱਖ ਹਫਤਾਵਾਰੀ ਕੇਸ ਸਾਹਮਣੇ ਆਏ ਹਨ, ਜੋ ਪਿਛਲੇ ਹਫ਼ਤੇ ਨਾਲੋਂ 6 ਫ਼ੀਸਦੀ ਵੱਧ ਹੈ, ਜਦਕਿ ਹਫ਼ਤਾਵਾਰੀ ਮੌਤਾਂ 24,000 ਸਨ, ਜਿਸ 'ਚ 12 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: Fire at Singhu Border: ਸਿੰਘੂ ਬਾਰਡਰ 'ਤੇ ਦੀਵਾਲੀ ਦੀ ਰਾਤ ਵਾਪਰਿਆ ਵੱਡਾ ਹਾਦਸਾ, ਕਿਸਾਨਾਂ ਵੱਲੋਂ ਸਾਜਿਸ਼ ਕਰਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: