Donald Trump Shooting: ਭਾਸ਼ਣ ਦੇ ਰਹੇ ਟਰੰਪ 'ਤੇ ਤਾਬੜਤੋੜ ਫਾਇਰਿੰਗ, ਭਿਆਨਕ ਦ੍ਰਿਸ਼ ਦਾ ਵੀਡੀਓ ਆਇਆ ਸਾਹਮਣੇ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਤਾਬੜਤੋੜ ਫਾਇਰਿੰਗ ਕੀਤੀ ਗਈ ਪਰ ਉਹ ਵਾਲ-ਵਾਲ ਬਚ ਗਏ। ਪੈਨਸਿਲਵੇਨੀਆ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਟਰੰਪ 'ਤੇ ਹਮਲਾ ਕੀਤਾ ਗਿਆ, ਜਿਸ 'ਚ ਉਹ ਜ਼ਖਮੀ ਹੋ ਗਏ।
Donald Trump Shooting: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਤਾਬੜਤੋੜ ਫਾਇਰਿੰਗ ਕੀਤੀ ਗਈ ਪਰ ਉਹ ਵਾਲ-ਵਾਲ ਬਚ ਗਏ। ਪੈਨਸਿਲਵੇਨੀਆ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਟਰੰਪ 'ਤੇ ਹਮਲਾ ਕੀਤਾ ਗਿਆ, ਜਿਸ 'ਚ ਉਹ ਜ਼ਖਮੀ ਹੋ ਗਏ। ਇੱਕ ਸ਼ੂਟਰ ਨੇ ਟਰੰਪ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜੋ ਉਨ੍ਹਾਂ ਦੇ ਕੰਨ ਛੂਹ ਕੇ ਲੰਘ ਗਈਆਂ। ਇਸ ਘਟਨਾ 'ਚ ਟਰੰਪ ਜ਼ਖਮੀ ਹੋ ਗਏ ਤੇ ਉਨ੍ਹਾਂ ਦੇ ਕੰਨ 'ਚੋਂ ਖੂਨ ਨਿਕਲਣ ਲੱਗਾ। ਫਿਲਹਾਲ ਡਾਕਟਰਾਂ ਨੇ ਟਰੰਪ ਦਾ ਇਲਾਜ ਕਰਕੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਹੈ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਸਥਾਨਕ ਸਮੇਂ ਮੁਤਾਬਕ ਡੋਨਾਲਡ ਟਰੰਪ ਸ਼ਨੀਵਾਰ (13 ਜੁਲਾਈ) ਨੂੰ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਪਹੁੰਚੇ ਸਨ। ਉਹ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ ਤੇ ਇਨ੍ਹੀਂ ਦਿਨੀਂ ਉਹ ਜਨਤਾ ਤੱਕ ਪਹੁੰਚ ਕਰਕੇ ਸਮਰਥਨ ਹਾਸਲ ਕਰ ਰਹੇ ਹਨ। ਜਦੋਂ ਟਰੰਪ ਸਟੇਜ ਤੋਂ ਭਾਸ਼ਣ ਦੇ ਰਹੇ ਸਨ ਤਾਂ ਸ਼ੂਟਰ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਸੀਕ੍ਰੇਟ ਸਰਵਿਸ ਦੇ ਕਰਮਚਾਰੀਆਂ ਨੇ ਤੁਰੰਤ ਟਰੰਪ ਨੂੰ ਘੇਰ ਲਿਆ ਤੇ ਸੁਰੱਖਿਆ ਘੇਰਾ ਬਣਾ ਕੇ ਉਨ੍ਹਾਂ ਨੂੰ ਸਟੇਜ ਤੋਂ ਸੁਰੱਖਿਅਤ ਹੇਠਾਂ ਲਿਆਇਆ ਗਿਆ।
ਟਰੰਪ 'ਤੇ ਹਮਲੇ ਦੀ ਵੀਡੀਓ 'ਚ ਕੀ?
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਰੰਪ ਰੈਲੀ 'ਚ ਆਏ ਲੋਕਾਂ ਨੂੰ ਆਪਣੇ ਜਾਣੇ-ਪਛਾਣੇ ਅੰਦਾਜ਼ 'ਚ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਮਸ਼ਹੂਰ ਲਾਲ ਰੰਗ ਦੀ ਟੋਪੀ ਵੀ ਪਾਈ ਹੋਈ ਹੈ। ਇਸ ਦੌਰਾਨ ਜਦੋਂ ਉਹ ਭਾਸ਼ਣ ਦੇ ਰਿਹਾ ਹੁੰਦੇ ਹਨ ਤਾਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਦੋ ਤੋਂ ਤਿੰਨ ਰਾਉਂਡ ਗੋਲੀਆਂ ਚਲਾਈਆਂ ਗਈਆਂ। ਫਿਰ ਟਰੰਪ ਨੇ ਕੰਨ 'ਤੇ ਹੱਥ ਰੱਖ ਕੇ ਦੇਖਿਆ ਕਿ ਖੂਨ ਵਹਿ ਰਿਹਾ ਹੈ। ਇਸ ਦੌਰਾਨ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਪਰ ਸੀਕ੍ਰੇਟ ਸਰਵਿਸ ਦੇ ਜਵਾਨਾਂ ਨੇ ਟਰੰਪ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਜ਼ਮੀਨ 'ਤੇ ਲੇਟਾ ਦਿੱਤਾ।
ਟਰੰਪ ਦੇ ਪਿੱਛੇ ਬੈਠੇ ਲੋਕਾਂ ਵਿੱਚ ਵੀ ਹਫੜਾ-ਦਫੜੀ ਮਚੀ ਹੋਈ ਹੈ। ਹਰ ਕੋਈ ਇਧਰ-ਉਧਰ ਭੱਜਣ ਲੱਗ ਪੈਂਦਾ ਹੈ। ਕੁਝ ਹੀ ਪਲਾਂ ਵਿੱਚ, ਹੇਠਾਂ ਬੈਠੇ ਲੋਕ ਉੱਠਣ ਲੱਗਦੇ ਹਨ। ਸੀਕ੍ਰੇਟ ਸਰਵਿਸ ਦੇ ਕਰਮਚਾਰੀ ਵੀ ਟਰੰਪ ਨੂੰ ਚੁੱਕ ਲੈਂਦੇ ਹਨ ਤੇ ਸੁਰੱਖਿਆ ਘੇਰਾ ਬਣਾ ਕੇ ਕਾਰ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ। ਟਰੰਪ ਕੁਝ ਸਮੇਂ ਲਈ ਕੁਝ ਵੀ ਸਮਝ ਨਹੀਂ ਪਾਉਂਦੇ। ਉਹ ਖੜ੍ਹੇ ਹੋ ਜਾਂਦੇ ਹਨ ਤੇ ਇਸ ਦੌਰਾਨ ਉਨ੍ਹਾਂ ਦਾ ਖੂਨ ਨਾਲ ਲੱਥਪੱਥ ਕੰਨ ਵੀ ਦਿਖਾਈ ਦਿੰਦਾ ਹੈ। ਟਰੰਪ ਮੁੱਠੀ ਬਣਾਉਂਦੇ ਹਨ ਤੇ ਆਪਣਾ ਹੱਥ ਹਵਾ ਵਿੱਚ ਲਹਿਰਾਉਂਦੇ ਹਨਅਤੇ ਫਿਰ ਸੀਕ੍ਰੇਟ ਸਰਵਿਸ ਦੇ ਕਰਮਚਾਰੀ ਉਨ੍ਹਾਂ ਨੂੰ ਕਾਰ ਵਿੱਚ ਬਿਠਾ ਦਿੰਦੇ ਹਨ।
ਹਮਲਾਵਰ ਮਾਰਿਆ ਗਿਆ
ਸੀਕ੍ਰੇਟ ਸਰਵਿਸ ਨੇ ਕਿਹਾ ਹੈ ਕਿ ਟਰੰਪ 'ਤੇ ਹਮਲਾ ਕਰਨ ਵਾਲਾ ਵਿਅਕਤੀ ਮਾਰਿਆ ਗਿਆ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ, "13 ਜੁਲਾਈ ਨੂੰ ਲਗਪਗ 6:15 ਵਜੇ, ਬਟਲਰ, ਪੈਨਸਿਲਵੇਨੀਆ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਦੀ ਚੋਣ ਪ੍ਰਚਾਰ ਰੈਲੀ ਦੌਰਾਨ, ਇੱਕ ਸ਼ੱਕੀ ਸ਼ੂਟਰ ਨੇ ਰੈਲੀ ਵਾਲੀ ਥਾਂ ਦੇ ਬਾਹਰ ਇੱਕ ਉੱਚੀ ਸਥਿਤੀ ਤੋਂ ਸਟੇਜ ਵੱਲ ਕਈ ਰਾਉਂਡ ਫਾਇਰ ਕੀਤੇ।" ਉਹ ਇੱਕ ਗੁਪਤ ਹਮਲਾਵਰ ਸੀ। ਇਸ ਹਮਲੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ।