France Election Result: ਖੱਬੇ ਪੱਖੀ ਪਾਰਟੀਆਂ ਦਾ ਦਬਦਬਾ, ਸਾਰੀਆਂ ਧਿਰਾਂ ਬਹੁਮਤ ਤੋਂ ਪੱਛੜੀਆਂ
ਫਰਾਂਸ ਵਿਚ ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਈ ਥਾਵਾਂ ਉਤੇ ਦੰਗੇ ਭੜਕ ਗਏ। ਇਸ ਚੋਣ ਵਿੱਚ ਖੱਬੇਪੱਖੀ ਪਾਰਟੀਆਂ ਦੇ ਗਠਜੋੜ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ।
France Election Result: ਫਰਾਂਸ ਵਿਚ ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਈ ਥਾਵਾਂ ਉਤੇ ਦੰਗੇ ਭੜਕ ਗਏ। ਇਸ ਚੋਣ ਵਿੱਚ ਖੱਬੇਪੱਖੀ ਪਾਰਟੀਆਂ ਦੇ ਗਠਜੋੜ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਪਹਿਲੇ ਗੇੜ 'ਚ ਚੋਣਾਂ ਜਿੱਤਣ ਵਾਲਾ ਸੱਜੇ ਪੱਖੀ ਧੜਾ ਤੀਜੇ ਸਥਾਨ ਉਤੇ ਖਿਸਕ ਗਿਆ ਹੈ। ਹਾਲਾਂਕਿ ਇੱਥੇ ਕਿਸੇ ਵੀ ਗਰੁੱਪ ਨੂੰ ਬਹੁਮਤ ਨਹੀਂ ਮਿਲਿਆ ਹੈ, ਜਿਸ ਕਾਰਨ ਫਰਾਂਸ 'ਚ ਅਜਿਹੀ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਗਈ ਹੈ ਜੋ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੀ।
ਇੱਥੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਕੇਂਦਰਵਾਦੀ ਗਠਜੋੜ ਦੂਜੇ ਸਥਾਨ 'ਤੇ ਅਤੇ ਸੱਜੇ-ਪੱਖੀ ਗਠਜੋੜ ਤੀਜੇ ਸਥਾਨ ਉਤੇ ਆਇਆ ਹੈ। ਚੋਣਾਂ ਵਿੱਚ ਤਿੰਨ ਵੱਡੇ ਸਿਆਸੀ ਧੜੇ ਉਭਰ ਕੇ ਸਾਹਮਣੇ ਆਏ ਹਨ - ਫਿਰ ਵੀ ਉਨ੍ਹਾਂ ਵਿੱਚੋਂ ਕੋਈ ਵੀ ਹੇਠਲੇ ਸਦਨ, 577 ਸੀਟਾਂ ਵਾਲੀ ਨੈਸ਼ਨਲ ਅਸੈਂਬਲੀ ਵਿੱਚ ਬਹੁਮਤ ਲਈ ਲੋੜੀਂਦੀਆਂ 289 ਸੀਟਾਂ ਦੇ ਨੇੜੇ ਨਹੀਂ ਪਹੁੰਚਿਆ ਹੈ।
ਇੱਥੇ ਸਭ ਤੋਂ ਵੱਡੇ ਗਰੁੱਪ ਵਜੋਂ ਉਭਰੇ ਖੱਬੇ ਪੱਖੀ ਗਠਜੋੜ ਨੂੰ 182 ਸੀਟਾਂ ਮਿਲੀਆਂ ਹਨ। ਉਥੇ ਹੀ ਮੈਕਰੋਨ ਦੇ ਗਠਜੋੜ ਨੂੰ 168 ਸੀਟਾਂ ਮਿਲੀਆਂ ਹਨ, ਜਦਕਿ ਸੱਜੇ ਪੱਖੀ ਰਾਸੇਮਬਲਮੈਂਟ ਨੈਸ਼ਨਲ ਅਤੇ ਉਸ ਦੇ ਸਹਿਯੋਗੀ ਦਲਾਂ ਨੂੰ 143 ਸੀਟਾਂ ਮਿਲੀਆਂ ਹਨ।
ਮੈਕਰੋਨ ਹੁਣ ਕਿੰਗ ਦੀ ਬਜਾਏ ਕਿੰਗਮੇਕਰ ਬਣ ਜਾਣਗੇ
ਨੈਸ਼ਨਲ ਅਸੈਂਬਲੀ ਵਿੱਚ ਖੱਬੇ ਅਤੇ ਸੱਜੇ ਪਾਰਟੀਆਂ ਦੀਆਂ ਸੀਟਾਂ ਵਧੀਆਂ ਹਨ। ਹਾਲਾਂਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਦੀ ਸੂਰਤ ਵਿੱਚ ਅਗਲੇ ਪ੍ਰਧਾਨ ਮੰਤਰੀ ਲਈ ਕੋਈ ਵੀ ਦਾਅਵੇਦਾਰ ਸਾਹਮਣੇ ਨਹੀਂ ਆਇਆ ਹੈ। ਇੱਥੇ ਖੱਬੇ ਜਾਂ ਸੱਜੇ ਨੂੰ ਸਰਕਾਰ ਬਣਾਉਣ ਲਈ ਕੇਂਦਰਵਾਦੀ ਇਮੈਨੁਅਲ ਮੈਕਰੋਨ ਦੀ ਪਾਰਟੀ ਨੂੰ ਇਕੱਠਾ ਕਰਨਾ ਹੋਵੇਗਾ। ਹਾਲਾਂਕਿ, ਉਸ ਦਾ ਕਹਿਣਾ ਹੈ ਕਿ ਉਹ ਨਵੀਂ ਸਰਕਾਰ 'ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਆਪ ਨੂੰ ਸੰਗਠਿਤ ਕਰਨ ਲਈ ਨਵੀਂ ਨੈਸ਼ਨਲ ਅਸੈਂਬਲੀ ਦੀ ਉਡੀਕ ਕਰੇਗਾ। ਨੈਸ਼ਨਲ ਅਸੈਂਬਲੀ ਦਾ ਸੈਸ਼ਨ 18 ਜੁਲਾਈ ਨੂੰ ਸ਼ੁਰੂ ਹੋਵੇਗਾ।
ਮੁਸਲਮਾਨ ਵਿਰੋਧੀਆਂ ਨੂੰ ਝਟਕਾ
ਫਰਾਂਸ ਵਿੱਚ 30 ਜੂਨ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਹੋਈਆਂ, ਜਿਸ ਵਿੱਚ ਮਰੀਨ ਲੇ ਪੇਨ ਦੀ ‘ਨੈਸ਼ਨਲ ਰੈਲੀ’ ਨੇ ਅਗਵਾਈ ਕੀਤੀ। 'ਨੈਸ਼ਨਲ ਰੈਲੀ' ਦਾ ਨਸਲਵਾਦ ਅਤੇ ਯਹੂਦੀ ਵਿਰੋਧੀਵਾਦ ਨਾਲ ਲੰਬਾ ਸਬੰਧ ਹੈ ਅਤੇ ਇਸ ਨੂੰ ਫਰਾਂਸ ਦੇ ਮੁਸਲਿਮ ਭਾਈਚਾਰੇ ਦਾ ਵਿਰੋਧੀ ਵੀ ਮੰਨਿਆ ਜਾਂਦਾ ਹੈ। ਦੂਜੇ ਦੌਰ ਦੀਆਂ ਚੋਣਾਂ ਦੇ ਇਨ੍ਹਾਂ ਨਤੀਜਿਆਂ ਨੂੰ ਉਸ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।
ਕਈ ਥਾਵਾਂ 'ਤੇ ਹਿੰਸਾ ਹੋਈ
ਇਸ ਦੌਰਾਨ ਚੋਣ ਨਤੀਜਿਆਂ ਤੋਂ ਬਾਅਦ ਫਰਾਂਸ ਦੀਆਂ ਸੜਕਾਂ ਉਤੇ ਹਿੰਸਾ ਭੜਕ ਗਈ ਹੈ। ਇੱਥੇ ਕਈ ਪਰੇਸ਼ਾਨ ਕਰਨ ਵਾਲੇ ਵੀਡੀਓ ਸਾਹਮਣੇ ਆਏ ਹਨ, ਜਿਸ ਵਿੱਚ ਕਈ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੂੰ ਫਰਾਂਸ ਦੇ ਕੁਝ ਹਿੱਸਿਆਂ ਵਿੱਚ ਸੜਕਾਂ 'ਤੇ ਤਬਾਹੀ ਮਚਾਉਂਦੇ ਅਤੇ ਅੱਗ ਲਗਾਉਂਦੇ ਦੇਖਿਆ ਜਾ ਸਕਦਾ ਹੈ।