ਪੰਜਾਬ ਤੇ ਹਰਿਆਣੇ ਦੇ ਚੌਲ ਖਾਣਗੇ ਚੀਨੀ ਲੋਕ
ਨਵੀਂ ਦਿੱਲੀ: ਭਾਰਤ ਤੋਂ ਚੀਨ ਨੂੰ ਨਿਰਯਾਤ ਲਈ 19 ਚੌਲ ਮਿੱਲਾਂ ਦੀ ਚੋਣ ਕੀਤੀ ਗਈ ਹੈ। ਵਣਜ ਮੰਤਰਾਲੇ ਦੀ ਸੰਸਥਾ ਏਪੀਡਾ ਮੁਤਾਬਕ ਜਿਹੜੀਆਂ 19 ਮਿੱਲਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ 'ਚ ਸਭ ਤੋਂ ਵੱਧ 10 ਹਰਿਆਣੇ ਦੀਆਂ, 4 ਪੰਜਾਬ ਦੀਆਂ ਤੇ ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਤੇਲੰਗਾਨਾ ਤੇ ਮਹਾਰਾਸ਼ਟਰ ਦੀ ਇੱਕ-ਇੱਕ ਮਿੱਲ ਚੁਣੀ ਗਈ ਹੈ। ਚੀਨ ਦੇ ਕਸਟਮ ਵਿਭਾਗ ਵੱਲੋਂ ਇਨ੍ਹਾਂ ਮਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਜਿਨ੍ਹਾਂ ਚੌਲ ਮਿੱਲਾਂ ਨੂੰ ਚੌਲ ਨਿਰਯਾਤ ਦੀ ਮਨਜੂਰੀ ਮਿਲੀ ਹੈ, ਉਨ੍ਹਾਂ 'ਚ ਵਧੇਰੇ ਮਿੱਲਾਂ ਦੇਸ਼ ਦੀਆਂ ਵੱਡੀਆਂ ਚੌਲ ਨਿਰਯਾਤ ਕੰਪਨੀਆਂ ਦੀਆਂ ਹਨ। ਇੰਡੀਆਗੇਟ ਬਾਸਮਤੀ ਚੌਲ ਤਿਆਰ ਕਰਨ ਵਾਲੀ ਕੰਪਨੀ ਕੇਆਰਬੀਐਲ, ਦਾਅਵਤ ਬਾਸਮਤੀ ਬ੍ਰਾਂਡ ਵੇਚਣ ਵਾਲੀ ਐਲਟੀ ਫੂਡਜ਼, ਕੋਹਿਨੂਰ ਬਾਸਮਤੀ ਬ੍ਰਾਂਡ ਵੇਚਣ ਵਾਲੀ ਕੋਹਿਨੂਰ ਫੂਡਜ਼, ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਵਿਲਮਰ ਲਿਮਟਿਡ, ਬੈਸਟ ਫੂਡ ਨਾਂ ਤੋਂ ਚੌਲ ਵੇਚਣ ਵਾਲੀ ਕੰਪਨੀ ਬੈਸਟ ਫੂਡ ਲਿਮਟਿਡ ਤੇ ਅਮੀਰਾ ਫੂਡਜ਼ ਜਿਹੇ ਵੱਡੇ ਚੌਲ ਨਿਰਯਾਤਕਾਂ ਦੀਆਂ ਮਿੱਲਾਂ ਨੂੰ ਇਹ ਮਨਜ਼ੂਰੀ ਮਿਲੀ ਹੈ।
ਦੱਸ ਦੇਈਏ ਕਿ ਚੀਨ ਦੁਨੀਆ 'ਚ ਚੌਲ ਦਾ ਸਭ ਤੋਂ ਵੱਡਾ ਉਪਭੋਗਤਾ ਤੇ ਆਯਾਤਕ ਹੈ। ਆਪਣੀ ਲੋੜ ਨੂੰ ਪੂਰਾ ਕਰਨ ਲਈ ਚੀਨ ਸਾਲ 'ਚ 50-60 ਲੱਖ ਟਨ ਚੌਲ ਆਯਾਤ ਕਰਦਾ ਹੈ। ਦੂਜੇ ਪਾਸੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਨਿਰਯਾਤ ਦੇਸ਼ ਹੈ ਪਰ ਭਾਰਤ ਤੋਂ ਸਿੱਧੇ ਤੌਰ 'ਤੇ ਚੀਨ ਨੂੰ ਚੌਲ ਨਿਰਯਾਤ ਨਹੀਂ ਹੁੰਦੇ ਸੀ। ਹੁਣ ਚੀਨ ਭਾਰਤ ਤੋਂ ਸਿੱਧੇ ਤੌਰ 'ਤੇ ਚੌਲ ਆਯਾਤ ਕਰਨ ਜਾ ਰਿਹਾ ਹੈ ਤਾਂ ਇਹ ਭਾਰਤੀ ਚੌਲ ਉਦਯੋਗ ਤੇ ਚੌਲ ਕੰਪਨੀਆਂ ਲਈ ਵੱਡਾ ਮੌਕਾ ਹੈ।