ਭਾਰਤੀ ਮੂਲ ਦੀ ਪ੍ਰੋ. ਮੀਨਾਕਸ਼ੀ ਸਿੰਘ ਨੂੰ ਨਵੀਂ ਖੋਜ ਲਈ ਅਮਰੀਕਾ ਦਾ ਵੱਕਾਰੀ ਐਵਾਰਡ
ਪ੍ਰੋ. ਮੀਨਾਕਸ਼ੀ ਸਿੰਘ ਨੇ ਦੱਸਿਆ ਕਿ ਸਿਲੀਕੌਨ ਦੇ ਕੁਐਂਟਮ ਡੌਟਸ ਵਿੱਚ ਬੰਦ ਇਲੈਕਟ੍ਰੌਨਿਕ ਸਪਿੰਨਜ਼ ਖ਼ਾਸ ਤੌਰ ਉੱਤੇ ਕੁਐਂਟਮ ਕੰਪਿਊਟਿੰਗ ਲਈ ਅਹਿਮ ਹੁੰਦੇ ਹਨ ਕਿਉਂਕਿ ਉਹ ਲੰਮੇ ਸਮੇਂ ਤੱਕ ਨਿਰੰਤਰ ਰਹਿੰਦੇ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਫ਼ਿਜ਼ਿਕਸ ਵਿਸ਼ੇ ਲਈ ਭਾਰਤੀ ਮੂਲ ਦੇ ਅਸਿਸਟੈਂਟ ਪ੍ਰੋਫ਼ੈਸਰ ਮੀਨਾਕਸ਼ੀ ਸਿੰਘ ਨੂੰ ਅਮਰੀਕਾ ਦਾ ਵੱਕਾਰੀ ‘ਨੈਸ਼ਨਲ ਸਾਇੰਸ ਫ਼ਾਊਂਡੇਸ਼ਨ ਕਰੀਅਰ ਐਵਾਰਡ’ ਹਾਸਲ ਕਰਨ ਦਾ ਮਾਣ ਮਿਲਿਆ ਹੈ। ਇਸ ਸਬੰਧੀ ਐਲਾਨ ਮਾਈਨਜ਼ ਦੇ ਕੋਲੋਰਾਡੋ ਸਕੂਲ ਵੱਲੋਂ ਕੀਤਾ ਗਿਆ।
ਜੂਨੀਅਰ ਫ਼ੈਕਲਟੀ ਲਈ NSF ਦਾ ਇਹ ਸਭ ਤੋਂ ਵੱਧ ਵੱਕਾਰੀ ਐਵਾਰਡ ਮੰਨਿਆ ਜਾਂਦਾ ਹੈ। ‘ਇੰਡੀਆ ਵੈਸਟ’ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪ੍ਰੋ. ਮੀਨਾਕਸ਼ੀ ਸਿੰਘ ਨੇ ‘ਗੇਟ-ਡਿਫ਼ਾਈਂਡ ਕੁਐਂਟਮ ਡੌਟਸ’ ਬਾਰੇ ਅਹਿਮ ਖੋਜ ਕੀਤੀ ਹੈ। ਇਸ ਨਾਲ ਕੁਐਂਟਮ ਕੰਪਿਊਟਿੰਗ ਉਪਕਰਣ ਉੱਚ ਤਾਪਮਾਨਾਂ ਉੱਤੇ ਵੀ ਕੰਮ ਕਰ ਸਕਿਆ ਕਰਨਗੇ।
ਪ੍ਰੋ. ਮੀਨਾਕਸ਼ੀ ਸਿੰਘ ਨੇ ਦੱਸਿਆ ਕਿ ਉਹ ਇਸ ਐਵਾਰਡ ਨਾਲ ਮਿਲਣ ਵਾਲੀ ਰਕਮ ਦੀ ਵਰਤੋਂ ਕੁਐਂਟਮ ਡੌਟ ਖੋਜ ਕਰਨ ਉੱਤੇ ਹੀ ਖ਼ਰਚ ਕਰਨਗੇ। ਉਨ੍ਹਾਂ ਦੱਸਿਆ ਕਿ ‘ਗੇਟ-ਡਿਫ਼ਾਈਂਡ ਕੁਐਂਟਮ ਡੌਟ’ ਇੱਕ ਸੈਮੀ ਕੰਡਕਟਰ ਵਿੱਚ ਬਹੁਤ ਨਿੱਕਾ ਜਿਹਾ ਖੇਤਰ ਹੈ, ਜੋ ਉੱਥੇ ਐਪਲਾਈ ਹੋਣ ਵਾਲੀਆਂ ਵੋਲਟੇਜਸ ਰਾਹੀਂ ਪਰਿਭਾਸ਼ਿਤ ਹੁੰਦਾ ਹੈ। ਉੱਥੇ ਕੁਝ ਇਲੈਕਟ੍ਰੌਨਜ਼ ਨੂੰ ਰੋਕਿਆ ਜਾ ਸਕਦਾ ਹੈ। ਇੱਥੇ ਕੁਐਂਟਮ ਡੌਟਸ ਬਨਾਵਟੀ ਅਣੂਆਂ ਵਜੋਂ ਕੰਮ ਕਰਦੇ ਹਨ ਤੇ ਉਨ੍ਹਾਂ ਉਨ੍ਹਾਂ ਦੀ ਵਰਤੋਂ ਮੌਲੀਕਿਊਲ ਦੀ ਬਣਤਰ ਤੋਂ ਲੈ ਕੇ ਕੁਐਂਟਮ ਕੰਪਿਊਟਿੰਗ ਤੱਕ ਦੇ ਪ੍ਰੀਖਣਾਂ ਲਈ ਕੀਤੀ ਜਾਂਦੀ ਹੈ।
ਪ੍ਰੋ. ਮੀਨਾਕਸ਼ੀ ਸਿੰਘ ਨੇ ਦੱਸਿਆ ਕਿ ਸਿਲੀਕੌਨ ਦੇ ਕੁਐਂਟਮ ਡੌਟਸ ਵਿੱਚ ਬੰਦ ਇਲੈਕਟ੍ਰੌਨਿਕ ਸਪਿੰਨਜ਼ ਖ਼ਾਸ ਤੌਰ ਉੱਤੇ ਕੁਐਂਟਮ ਕੰਪਿਊਟਿੰਗ ਲਈ ਅਹਿਮ ਹੁੰਦੇ ਹਨ ਕਿਉਂਕਿ ਉਹ ਲੰਮੇ ਸਮੇਂ ਤੱਕ ਨਿਰੰਤਰ ਰਹਿੰਦੇ ਹਨ ਤੇ ਉਹ ਮੌਜੂਦਾ MOS ਪ੍ਰਕਿਰਿਆਵਾਂ ਦੇ ਵੀ ਅਨੁਕੂਲ ਹੁੰਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਪਿੰਨ ਕਿਊਬਿਟਸ ਨੂੰ ਜ਼ਰੂਰ ਹੀ ਮਿਲੀ ਕੈਲਵਿਨਜ਼ ਦੇ ਪੱਧਰ ਉੱਤੇ ਬਹੁਤ ਘੱਟ ਤਾਪਮਾਨਾਂ ਵਿੱਚ ਸੰਚਾਲਿਤ ਕਰਨਾ ਹੁੰਦਾ ਹੈ; ਇੰਝ ਕਿਸੇ ਡਾਟਾ ਜਾਂ ਜਾਣਕਾਰੀ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਦੱਸ ਦੇਈ ਹੈ ਕਿ ਪ੍ਰੋ. ਮੀਨਾਕਸ਼ੀ ਸਿੰਘ ਨੂੰ ਇਸ ਵੱਕਾਰੀ ਪੁਰਸਕਾਰ ਲਈ ਉਨ੍ਹਾਂ ਦੇ ਪ੍ਰੋਜੈਕਟ ਵਾਸਤੇ ਪੰਜ ਸਾਲਾਂ ਵਿੱਚ ਕੁੱਲ 6 ਲੱਖ 85 ਹਜ਼ਾਰ 555 ਅਮਰੀਕੀ ਡਾਲਰ ਦੀ ਮਾਲੀ ਇਮਦਾਦ ਮਿਲਣੀ ਹੈ। ਪ੍ਰੋ. ਮੀਨਾਕਸ਼ੀ ਸਿੰਘ ਨਾਲ ਖੋਜੀਆਂ ਦੀ ਪੂਰੀ ਇੱਕ ਟੀਮ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਧਰਮ ਨੂੰ ਖਤਰਾ! ਅਮਰੀਕੀ ਸਕੂਲਾਂ ’ਚ ਨਹੀਂ ਹੋਏਗਾ ਯੋਗਾ, 28 ਸਾਲ ਤੋਂ ਲੱਗੀ ਰੋਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904