ਇੰਡੋਨੇਸ਼ੀਆ 'ਚ ਭੂਚਾਲ ਦੇ ਝਟਕੇ, 7 ਲੋਕਾਂ ਦੀ ਮੌਤ, 300 ਇਮਾਰਤਾਂ ਤਬਾਹ
ਭੂਚਾਲ ਦੇ ਝਟਕਿਆਂ ਨਾਲ 7 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਜਾਵਾ 'ਚ 300 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ।
ਮਲੰਗ: ਇੰਡੋਨੇਸ਼ੀਆ ਦੇ ਮੁੱਖ ਦੀਪ ਜਾਵਾ 'ਚ ਆਏ ਤੇਜ਼ ਭੂਚਾਲ 'ਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਜਾਵਾ 'ਚ 300 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ। ਭੂਚਾਲ ਦੇ ਝਟਕੇ ਸੈਰ-ਸਪਾਟਾ ਕੇਂਦਰ ਬਾਲੀ 'ਚ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਦਿੱਤੀ। ਹਾਲਾਂਕਿ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਅਮਰੀਕੀ ਭੂਗਰਭ ਸਰਵੇਖਣ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਦੋ ਵਜੇ ਆਏ ਭੂਚਾਲ ਦੀ ਤੀਬਰਤਾ 06.0 ਮਾਪੀ ਗਈ। ਇਸ ਦਾ ਕੇਂਦਰ ਪੂਰਬੀ ਜਾਵਾ ਸੂਬੇ ਦੇ ਮਲੰਗ ਜ਼ਿਲ੍ਹੇ ਦੇ ਸੁੰਬਰਪੁਕੰਗ ਸ਼ਹਿਰ ਤੋਂ 45 ਕਿਲੋਮੀਟਰ ਦੱਖਣ 'ਚ 82 ਕਿਲੋਮੀਟਰ ਦੀ ਗਹਿਰਾਈ 'ਚ ਸਥਿਤ ਸੀ।
ਇੰਡੋਨੇਸ਼ੀਆ ਦੇ ਭੂਚਾਲ ਤੇ ਸੁਨਾਮੀ ਕੇਂਦਰ ਦੇ ਮੁਖੀ ਰਹਿਮਤ ਤ੍ਰਿਯੋਨੋ ਨੇ ਇਕ ਬਿਆਨ 'ਚ ਦੱਸਿਆ ਕਿ ਭੂਚਾਲ ਦਾ ਕੇਂਦਰ ਸਮੁੰਦਰ ਦੇ ਨੇੜੇ ਸਥਿਤ ਸੀ। ਪਰ ਇਸ ਦੇ ਝਟਕਿਆਂ 'ਚ ਸੁਨਾਮੀ ਪੈਦਾ ਕਰਨ ਦੀ ਸਮਰੱਥਾ ਨਹੀਂ ਸੀ। ਉਨ੍ਹਾਂ ਇਸ ਦੇ ਬਾਵਜੂਦ ਲੋਕਾਂ ਨੂੰ ਮਿੱਟੀ ਜਾਂ ਚੱਟਾਨਾਂ ਦੀਆਂ ਅਜਿਹੀਆਂ ਢਲਾਣਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਿੱਥੇ ਜ਼ਮੀਨ ਖਿਸਕਣ ਦਾ ਖਤਰਾ ਹੈ।
ਇਸ ਹਫਤੇ ਇੰਡੋਨੇਸ਼ੀਆ 'ਚ ਆਉਣ ਵਾਲੀ ਇਹ ਦੂਜੀ ਆਫਤ ਸੀ ਕਿਉਂਕਿ ਐਤਵਾਰ ਹੋਈ ਭਿਆਨਕ ਬਾਰਸ਼ ਨਾਲ ਕਰੀਬ 174 ਲੋਕਾਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ। ਇਨ੍ਹਾਂ 'ਚੋਂ 48 ਲੋਕ ਅਜੇ ਵੀ ਲਾਪਤਾ ਹਨ।
ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਦੇ ਬੁਲਾਰੇ ਰਦਿਆ ਜਤੀ ਨੇ ਦੱਸਿਆ ਕਿ ਸ਼ਨੀਵਾਰ ਆਏ ਭੂਚਾਲ ਨਾਲ ਪੂਰਬੀ ਜਾਵਾ ਦੇ ਲੁਮਾਜੈਂਗ ਜ਼ਿਲ੍ਹੇ 'ਚ ਚੱਟਾਨਾਂ ਦੇ ਡਿੱਗਣ ਨਾਲ ਮੋਟਰਸਾਇਕਲ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ ਤੇ ਉਸ ਦਾ ਪਤਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਿਲ੍ਹੇ ਚ ਦਰਜਨਾਂ ਮਕਾਨ ਢਹਿ ਢੇਰੀ ਹੋ ਗਏ ਤੇ ਬਚਾਅ ਕਰਮੀਆਂ ਨੇ ਕਾਲੀ ਉਲਿੰਗ ਪਿੰਡ 'ਚ ਮਲਬੇ 'ਚੋਂ ਦੋ ਲਾਸ਼ਾਂ ਕੱਢੀਆਂ। ਲੁਮਾਜਾਂਗ ਤੇ ਮਲੰਗ ਜ਼ਿਲ੍ਹੇ ਦੀ ਸੀਮਾ 'ਤੇ ਸਥਿਤ ਇਕ ਖੇਤਰ 'ਚ ਦੋ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ। ਇਕ ਵਿਅਕਤੀ ਮਲੰਗ ਦੇ ਮਲਬੇ 'ਚ ਮ੍ਰਿਤਕ ਮਿਲਿਆ।
ਟੀਵੀ ਦੀਆਂ ਖ਼ਬਰਾਂ 'ਚ ਪੂਰਬੀ ਜਾਵਾ ਸੂਬੇ ਦੇ ਕਈ ਸ਼ਹਿਰਾਂ 'ਚ ਮਾਲ ਤੇ ਇਮਾਰਤਾਂ 'ਚੋਂ ਲੋਕਾਂ ਨੂੰ ਦਹਿਸ਼ਤ 'ਚ ਭੱਜਦਿਆਂ ਦਿਖਾਈ ਦਿੱਤਾ ਗਿਆ। ਇੰਡੋਨੇਸ਼ੀਆ ਦੀ ਖੋਜ ਤੇ ਬਚਾਅ ਏਜੰਸੀ ਨੇ ਮਲੰਗ ਦੇ ਗਵਾਂਢੀ ਸ਼ਹਿਰ ਬਲੀਤਰ ਸਥਿਤ ਇਕ ਹਸਪਤਾਲ ਦੀ ਹਾਦਸਾਗ੍ਰਸਤ ਛੱਤ ਸਮੇਤ ਹਾਦਸਾਗ੍ਰਸਤ ਕੁਝ ਘਰਾਂ ਤੇ ਇਮਾਰਤਾਂ ਦੇ ਵੀਡੀਓ ਤੇ ਤਸਵੀਰਾਂ ਜਾਰੀ ਕੀਤੀਆਂ। ਅਧਿਕਾਰੀ ਪ੍ਰਭਾਵਿਤ ਖੇਤਰਾਂ 'ਚ ਪ੍ਰਭਾਵਿਤ ਹੋਏ ਲੋਕਾਂ ਦੇ ਨੁਕਸਾਨ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ।