Israel Iran War: 12 ਦਿਨਾਂ ਬਾਅਦ ਈਰਾਨ ਅਤੇ ਇਜ਼ਰਾਈਲ 'ਚ ਰੁਕੀ ਜੰਗ, ਡੋਨਲਡ ਟਰੰਪ ਨੇ ਸੀਜ਼ਫ਼ਾਇਰ ਦਾ ਕੀਤਾ ਐਲਾਨ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਈਰਾਨ ਅਤੇ ਇਜ਼ਰਾਈਲ ਵਿਚ ਚੱਲ ਰਹੀ ਜੰਗ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ, ਉਨ੍ਹਾਂ ਨੇ ਸੀਜ਼ਫ਼ਾਇਰ ਦੀ ਘੋਸ਼ਣਾ ਕੀਤੀ ਹੈ। ਫਿਲਹਾਲ ਈਰਾਨ ਅਤੇ ਇਜ਼ਰਾਈਲ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ...

Israel Iran War: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ (Donald Trump) ਨੇ ਈਰਾਨ ਅਤੇ ਇਜ਼ਰਾਈਲ ਵਿਚ ਚੱਲ ਰਹੀ ਜੰਗ ਨੂੰ ਰੋਕਣ ਲਈ ਸੀਜ਼ਫ਼ਾਇਰ ਦੀ ਘੋਸ਼ਣਾ ਕੀਤੀ ਹੈ। ਹਾਲਾਂਕਿ, ਇਸ ਘੋਸ਼ਣਾ 'ਤੇ ਹੁਣ ਤੱਕ ਨਾ ਤਾਂ ਈਰਾਨ ਅਤੇ ਨਾ ਹੀ ਇਜ਼ਰਾਈਲ ਵੱਲੋਂ ਕੋਈ ਸਰਕਾਰੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ।
ਸਰੋਤਾਂ ਅਨੁਸਾਰ, ਦੋਵੇਂ ਦੇਸ਼ ਇਸ ਪ੍ਰਸਤਾਵਿਤ ਸੀਜ਼ਫ਼ਾਇਰ ਵੱਲ ਸਕਾਰਾਤਮਕ ਰਵੱਈਆ ਅਪਣਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸੀਜ਼ਫ਼ਾਇਰ ਦੇ ਪਿੱਛੇ ਕੁਝ ਰਣਨੀਤਕ ਅਤੇ ਕੂਟਨੀਤਕ ਕੋਸ਼ਿਸ਼ਾਂ ਵੀ ਚੱਲ ਰਹੀਆਂ ਹਨ। ਧਿਆਨਯੋਗ ਗੱਲ ਇਹ ਹੈ ਕਿ ਇਹ ਐਲਾਨ ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਠਿਕਾਣਿਆਂ 'ਤੇ ਕੀਤੇ ਗਏ ਕਥਿਤ ਹਮਲੇ ਦੇ ਸਿਰਫ਼ ਇੱਕ ਦਿਨ ਬਾਅਦ ਹੋਇਆ, ਜਿਸ ਕਾਰਨ ਖੇਤਰ 'ਚ ਤਣਾਅ ਅਚਾਨਕ ਵੱਧ ਗਿਆ ਸੀ।
12 ਦਿਨਾਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਈਰਾਨ-ਇਜ਼ਰਾਈਲ ਯੁੱਧ ਨੂੰ ਰੋਕਣ ਲਈ ਸੀਜ਼ਫ਼ਾਇਰ ਸਮਝੌਤੇ ਵੱਲ ਪਹਿਲ ਕਰ ਦਿੱਤੀ ਹੈ। ਇਹ ਜਾਣਕਾਰੀ ਵਾਈਟ ਹਾਊਸ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਸਾਹਮਣੇ ਆਈ ਹੈ।
ਈਰਾਨ-ਇਜ਼ਰਾਈਲ ਸੀਜ਼ਫ਼ਾਇਰ ਨੂੰ ਲੈ ਕੇ ਡੋਨਲਡ ਟਰੰਪ ਨੇ ਕੀ ਕਿਹਾ?
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ-ਇਜ਼ਰਾਈਲ ਯੁੱਧ ਨੂੰ ਖਤਮ ਕਰਨ ਲਈ ਸੀਜ਼ਫ਼ਾਇਰ ਸਮਝੌਤੇ ਵੱਲ ਪਹਿਲ ਕੀਤੀ ਹੈ। ਇਹ ਜਾਣਕਾਰੀ ਵਾਈਟ ਹਾਊਸ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਮਿਲੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟ੍ਰੁਥ ਸੋਸ਼ਲ’ 'ਤੇ ਪੋਸਟ ਕਰਦਿਆਂ ਲਿਖਿਆ: “ਜੇਕਰ ਸਭ ਕੁਝ ਯੋਜਨਾ ਮੁਤਾਬਕ ਹੋਇਆ—ਜਿਸ ਉੱਤੇ ਮੈਨੂੰ ਪੂਰਾ ਭਰੋਸਾ ਹੈ—ਤਾਂ ਮੈਂ ਈਰਾਨ ਅਤੇ ਇਜ਼ਰਾਈਲ ਦੋਹਾਂ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ 12 ਦਿਨ ਚੱਲੀ ਇਹ ਜੰਗ ਖਤਮ ਕਰਨ ਦਾ ਹੌਸਲਾ ਅਤੇ ਦ੍ਰਿੜਤਾ ਵਿਖਾਈ।”
ਟਰੰਪ ਨੇ ਜਾਣਕਾਰੀ ਦਿੱਤੀ ਕਿ ਦੋਵੇਂ ਦੇਸ਼ ਲਗਭਗ 6 ਘੰਟੇ ਬਾਅਦ ਆਪਣੇ ਮੌਜੂਦਾ ਸੈਨਿਕ ਅਭਿਆਨ ਨੂੰ ਸਮਾਪਤ ਕਰ ਦੇਣਗੇ ਅਤੇ ਫਿਰ 12 ਘੰਟਿਆਂ ਲਈ ਸੀਜ਼ਫ਼ਾਇਰ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਈਰਾਨ ਸੀਜ਼ਫ਼ਾਇਰ ਦੀ ਸ਼ੁਰੂਆਤ ਕਰੇਗਾ ਅਤੇ 12 ਘੰਟਿਆਂ ਬਾਅਦ ਇਜ਼ਰਾਈਲ ਵੀ ਇਸਦੀ ਪਾਲਣਾ ਕਰੇਗਾ। ਕੁੱਲ 24 ਘੰਟਿਆਂ ਬਾਅਦ ਇਸ ਜੰਗ ਨੂੰ ਅਧਿਕਾਰਕ ਤੌਰ 'ਤੇ ਖਤਮ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋਹਾਂ ਦੇਸ਼ ਸ਼ਾਂਤਮਈ ਅਤੇ ਆਦਰਯੋਗ ਵਿਹਾਰ ਕਰਨਗੇ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਇਹ ਵੱਡੀ ਗੱਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਪੋਸਟ ਵਿੱਚ ਅੱਗੇ ਲਿਖਿਆ, “ਇਹ ਜੰਗ ਕਈ ਸਾਲਾਂ ਤੱਕ ਚੱਲ ਸਕਦੀ ਸੀ ਅਤੇ ਪੂਰੇ ਮਿਡਲ ਈਸਟ ਨੂੰ ਤਬਾਹ ਕਰ ਸਕਦੀ ਸੀ, ਪਰ ਅਜਿਹਾ ਨਹੀਂ ਹੋਇਆ। ਮੈਂ ਈਰਾਨ ਅਤੇ ਇਜ਼ਰਾਈਲ ਨੂੰ ਇਹ ਜੰਗ ਖਤਮ ਕਰਨ ਦੀ ਹਿੰਮਤ ਅਤੇ ਸਮਝਦਾਰੀ ਵਿਖਾਉਣ ਲਈ ਵਧਾਈ ਦਿੰਦਾ ਹਾਂ।”
ਉਨ੍ਹਾਂ ਅੱਗੇ ਲਿਖਿਆ, “ਪਰਮਾਤਮਾ ਈਰਾਨ, ਇਜ਼ਰਾਈਲ, ਅਮਰੀਕਾ, ਮਿਡਲ ਈਸਟ ਅਤੇ ਪੂਰੀ ਦੁਨੀਆ ਨੂੰ ਅਸ਼ੀਰਵਾਦ ਦੇਵੇ।”
ਸੀਜ਼ਫ਼ਾਇਰ 'ਤੇ ਈਰਾਨ ਅਤੇ ਇਜ਼ਰਾਈਲ ਵੱਲੋਂ ਵੀ ਆਈ ਪ੍ਰਤੀਕ੍ਰਿਆ
ਰਾਇਟਰਜ਼ ਨਾਲ ਗੱਲਬਾਤ ਕਰਦਿਆਂ ਇਜ਼ਰਾਈਲੀ ਸਰਕਾਰ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੇ ਇਸ਼ਾਰਾ ਦਿੱਤਾ ਹੈ ਕਿ ਇਜ਼ਰਾਈਲ ਹੁਣ ਈਰਾਨ ਵਿੱਚ ਚੱਲ ਰਹੇ ਆਪਣੇ ਸੈਨਿਕ ਮਿਸ਼ਨ ਨੂੰ ਸਮਾਪਤ ਕਰਨ ਦੀ ਤਿਆਰੀ ਵਿੱਚ ਹੈ ਅਤੇ ਇਸ ਫ਼ੈਸਲੇ ਦੀ ਜਾਣਕਾਰੀ ਅਮਰੀਕਾ ਨੂੰ ਦਿੱਤੀ ਜਾ ਚੁੱਕੀ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਜਨਤਕ ਤੌਰ 'ਤੇ ਕਿਹਾ ਸੀ ਕਿ ਇਜ਼ਰਾਈਲ ਹੁਣ ਆਪਣੇ ਸੈਨਿਕ ਟੀਚੇ ਨੂੰ ਹਾਸਲ ਕਰਨ ਦੇ ਬਹੁਤ ਨੇੜੇ ਹੈ।
ਦੂਜੇ ਪਾਸੇ, ਈਰਾਨ ਦੀ ਰਾਜਧਾਨੀ ਤੇਹਰਾਨ ਤੋਂ ਇੱਕ ਸੀਨੀਅਰ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ ਕਿ ਤੇਹਰਾਨ ਨੇ ਅਮਰੀਕਾ ਵੱਲੋਂ ਦਿੱਤੇ ਸੀਜ਼ਫ਼ਾਇਰ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ।






















