ਹਮਾਸ ਨੇ ਇਜ਼ਰਾਈਲ 'ਤੇ ਦਾਗੇ ਸੈਂਕੜੇ ਰਾਕੇਟ, ਭਾਰਤੀ ਮਹਿਲਾ ਸਣੇ 28 ਲੋਕਾਂ ਦੀ ਮੌਤ, 152 ਜ਼ਖਮੀ
ਇਕ ਰਾਕੇਟ ਐਸਕਲੋਨ ਸ਼ਹਿਰ 'ਚ 31 ਸਾਲਾ ਸੌਮਿਆ ਦੇ ਘਰ 'ਤੇ ਡਿੱਗਿਆ, ਜਦੋਂ ਉਹ ਸ਼ਾਮ ਨੂੰ ਵੀਡੀਓ ਕਾਲ 'ਤੇ ਕੇਰਲਾ ਵਿੱਚ ਆਪਣੇ ਪਤੀ ਸੰਤੋਸ਼ ਨਾਲ ਗੱਲਬਾਤ ਕਰ ਰਹੀ ਸੀ। ਸੰਤੋਸ਼ ਦੇ ਭਰਾ ਸਾਜੀ ਨੇ ਦੱਸਿਆ, "ਮੇਰੇ ਭਰਾ ਨੇ ਵੀਡੀਓ ਕਾਲ ਦੌਰਾਨ ਇਕ ਉੱਚੀ ਆਵਾਜ਼ ਸੁਣੀ।
ਗਾਜ਼ਾ ਸਿਟੀ: ਇਜ਼ਰਾਈਲ ਨੇ ਮੰਗਲਵਾਰ ਨੂੰ ਹਵਾਈ ਹਮਲੇ 'ਚ ਗਾਜ਼ਾ ਸ਼ਹਿਰ 'ਚ ਸਥਿਤ ਦੋ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਉੱਥੇ ਹੀ ਹਮਾਸ ਤੇ ਹੋਰ ਹਥਿਆਰਬੰਦ ਸੰਗਠਨਾਂ ਨੇ ਦੱਖਣੀ ਇਜ਼ਰਾਈਲ ਉੱਤੇ ਸੈਂਕੜੇ ਰਾਕੇਟ ਦਾਗੇ। ਦੋਵਾਂ ਪਾਸਿਆਂ ਤੋਂ ਹੋਏ ਇਨ੍ਹਾਂ ਹਮਲਿਆਂ 'ਚ ਬੱਚਿਆਂ ਸਮੇਤ ਕੁੱਲ 28 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਇਜ਼ਰਾਈਲ 'ਚ ਕੰਮ ਕਰਨ ਵਾਲੀ ਕੇਰਲ ਦੀ ਇੱਕ ਔਰਤ ਦੀ ਕਥਿਤ ਤੌਰ 'ਤੇ ਇਸ ਫ਼ਲਿਸਤੀਨੀ ਰਾਕੇਟ ਹਮਲੇ 'ਚ ਮੌਤ ਹੋ ਗਈ, ਜਦਕਿ 152 ਹੋਰ ਜ਼ਖਮੀ ਹੋ ਗਏ। ਯਰੂਸ਼ਲਮ 'ਚ ਕਈ ਹਫ਼ਤਿਆਂ ਦੇ ਤਣਾਅ ਤੋਂ ਬਾਅਦ ਝੜਪਾਂ ਹੋਈਆਂ ਹਨ।
ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਤੋਂ ਸ਼ੁਰੂ ਹੋਈ ਇਸ ਝੜਪ 'ਚ 10 ਬੱਚਿਆਂ ਅਤੇ ਇਕ ਔਰਤ ਸਮੇਤ 28 ਫ਼ਲਿਸਤੀਨੀਆਂ ਦੀ ਮੌਤ ਹੋਈ ਹੈ। ਜ਼ਿਆਦਾਤਰ ਮੌਤਾਂ ਹਵਾਈ ਹਮਲਿਆਂ ਕਾਰਨ ਹੋਈਆਂ ਹਨ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਮਰਨ ਵਾਲਿਆਂ 'ਚ ਘੱਟੋ-ਘੱਟ 16 ਅੱਤਵਾਦੀ ਵੀ ਸ਼ਾਮਲ ਹਨ। ਇਸ ਦੌਰਾਨ ਗਾਜ਼ਾ ਦੇ ਅੱਤਵਾਦੀਆਂ ਨੇ ਇਜ਼ਰਾਈਲ ਵੱਲ ਸੈਂਕੜੇ ਰਾਕੇਟ ਦਾਗੇ, ਜਿਸ 'ਚ ਐਸਕਲੋਨ ਸ਼ਹਿਰ 'ਚ ਦੋ ਇਜ਼ਰਾਇਲੀ ਔਰਤਾਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋਏ ਹਨ।
ਮੌਜੂਦਾ ਹਿੰਸਕ ਝੜਪਾਂ 'ਚ ਪਹਿਲੀ ਵਾਰ ਇਜ਼ਰਾਈਲੀ ਨਾਗਰਿਕਾਂ ਦੀ ਮੌਤ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਅਧਿਕਾਰੀਆਂ ਨੇ ਗਾਜ਼ਾ ਪੱਟੀ 'ਚ ਅੱਤਵਾਦੀ ਸੰਗਠਨ ਹਮਾਸ ਅਤੇ ਇਸਲਾਮਿਕ ਜੇਹਾਦ ਵਿਰੁੱਧ ਹਮਲੇ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਜ਼ਰਾਈਲ ਦੀ ਫ਼ੌਜ ਦੇ ਅਨੁਸਾਰ ਉਸ ਨੇ ਗਾਜ਼ਾ 'ਚ ਅੱਤਵਾਦੀ ਸੰਗਠਨ ਇਸਲਾਮਿਕ ਜੇਹਾਦ ਦੇ ਇਕ ਸੀਨੀਅਰ ਕਮਾਂਡਰ ਨੂੰ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀ ਕਮਾਂਡਰ ਦੀ ਪਛਾਣ ਸਮੀਹ-ਉਲ-ਮਾਮਲੁਕ ਵਜੋਂ ਹੋਈ ਹੈ, ਜੋ ਇਸਲਾਮਿਕ ਜੇਹਾਦ ਦੀ ਰਾਕੇਟ ਇਕਾਈ ਦਾ ਮੁਖੀ ਸੀ। ਫ਼ੌਜ ਨੇ ਕਿਹਾ ਕਿ ਹਮਲੇ 'ਚ ਅੱਤਵਾਦੀ ਸੰਗਠਨ ਦੇ ਹੋਰ ਵੱਡੇ ਅੱਤਵਾਦੀ ਵੀ ਮਾਰੇ ਗਏ ਹਨ।
ਇਕ ਰਾਕੇਟ ਐਸਕਲੋਨ ਸ਼ਹਿਰ 'ਚ 31 ਸਾਲਾ ਸੌਮਿਆ ਦੇ ਘਰ 'ਤੇ ਡਿੱਗਿਆ, ਜਦੋਂ ਉਹ ਸ਼ਾਮ ਨੂੰ ਵੀਡੀਓ ਕਾਲ 'ਤੇ ਕੇਰਲਾ ਵਿੱਚ ਆਪਣੇ ਪਤੀ ਸੰਤੋਸ਼ ਨਾਲ ਗੱਲਬਾਤ ਕਰ ਰਹੀ ਸੀ। ਸੰਤੋਸ਼ ਦੇ ਭਰਾ ਸਾਜੀ ਨੇ ਦੱਸਿਆ, "ਮੇਰੇ ਭਰਾ ਨੇ ਵੀਡੀਓ ਕਾਲ ਦੌਰਾਨ ਇਕ ਉੱਚੀ ਆਵਾਜ਼ ਸੁਣੀ। ਅਚਾਨਕ ਫ਼ੋਨ ਕੱਟ ਗਿਆ। ਫਿਰ ਅਸੀਂ ਤੁਰੰਤ ਉੱਥੇ ਕੰਮ ਕਰ ਰਹੇ ਹੋਰ ਮਲਿਆਲੀ ਲੋਕਾਂ ਨਾਲ ਸੰਪਰਕ ਕੀਤਾ। ਇਸ ਤਰ੍ਹਾਂ ਸਾਨੂੰ ਘਟਨਾ ਬਾਰੇ ਪਤਾ ਲੱਗ ਗਿਆ।" ਇਡੁੱਕੀ ਜ਼ਿਲ੍ਹੇ ਦੇ ਕੀਰਿਥੋਡੂ ਦੀ ਵਸਨੀਕ ਸੌਮਿਆ ਪਿਛਲੇ 7 ਸਾਲ ਤੋਂ ਇਜ਼ਰਾਈਲ 'ਚ ਘਰੇਲੂ ਮਦਦਗਾਰ ਵਜੋਂ ਕੰਮ ਕਰ ਰਹੀ ਸੀ।
ਅਪਾਰਟਮੈਂਟ ਹਵਾਈ ਹਮਲੇ 'ਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ
ਇਸਲਾਮਿਕ ਜੇਹਾਦ ਨੇ ਗਾਜ਼ਾ ਸ਼ਹਿਰ ਦੇ ਇਕ ਅਪਾਰਟਮੈਂਟ 'ਤੇ ਹਵਾਈ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜੋ ਉਸ ਦੀ ਹਥਿਆਰਬੰਦ ਵਿੰਗ ਦੇ ਸੀਨੀਅਰ ਮੈਂਬਰ ਸਨ। ਅੱਤਵਾਦੀ ਸੰਗਠਨ ਨੇ ਬਦਲਾ ਲੈਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਤਣਾਅ ਦੇ ਹੋਰ ਵਧਣ ਦਾ ਇਸ਼ਾਰਾ ਕਰਦਿਆਂ ਇਜ਼ਰਾਈਲ ਨੇ ਫ਼ੌਜੀ ਕਾਰਵਾਈਆਂ ਦਾ ਦਾਇਰਾ ਵਧਾਉਣ ਦੀ ਗੱਲ ਕਹੀ ਹੈ। ਫ਼ੌਜ ਨੇ ਕਿਹਾ ਕਿ ਉਹ ਗਾਜ਼ਾ ਸਰਹੱਦ 'ਤੇ ਆਪਣੇ ਫ਼ੌਜੀਆਂ ਦੀ ਗਿਣਤੀ ਵਧਾ ਰਹੀ ਹੈ ਅਤੇ ਰੱਖਿਆ ਮੰਤਰੀ ਨੇ ਉੱਥੇ 5000 ਰਿਜ਼ਰਵ ਫ਼ੌਜੀ ਭੇਜਣ ਦੇ ਆਦੇਸ਼ ਦਿੱਤੇ ਹਨ।
ਬਲਿੰਕਨ ਨੇ ਇਜ਼ਰਾਈਲ-ਫ਼ਲਿਸਤੀਨੀ ਝੜਪ ਤੋਂ ਬਾਅਦ ਹਿੰਸਾ ਨੂੰ ਰੋਕਣ ਦੀ ਅਪੀਲ ਕੀਤੀ
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ-ਫ਼ਲਿਸਤੀਨੀ ਸੰਘਰਸ਼ 'ਚ ਜਾਰੀ ਹਿੰਸਾ ਨੂੰ ਰੋਕਣ ਦੀ ਅਪੀਲ ਕੀਤੀ ਹੈ, ਜਦਕਿ ਰਾਕੇਟ ਹਮਲਿਆਂ ਦੇ ਸਾਹਮਣੇ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਹੈ। ਜੌਰਡਨ ਦੇ ਵਿਦੇਸ਼ ਮੰਤਰੀ ਅਯਮਾਨ ਸਫਾਦੀ ਨਾਲ ਆਪਣੀ ਮੁਲਾਕਾਤ ਤੋਂ ਪਹਿਲਾਂ ਬਲਿੰਕਨ ਨੇ ਕਿਹਾ, "ਅਸੀਂ ਰਾਕੇਟ ਹਮਲਿਆਂ ਨੂੰ ਲੈ ਕੇ ਬਹੁਤ ਚਿੰਤਤ ਹਾਂ। ਅਸੀਂ ਇਜ਼ਰਾਈਲ, ਵੈਸਟ ਬੈਂਕ, ਗਾਜਾ ਦੇ ਹਾਲਾਤ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਰਾਕੇਟ ਹਮਲੇ ਬਹੁਤ ਪ੍ਰੇਸ਼ਾਨ ਕਰਨ ਵਾਲੇ ਹਨ।"